ਕੈਲਗਰੀ, : ਕੰਜ਼ਰਵੇਟਿਵ ਪਾਰਟੀ ਦੇ ਮੁੱਖ ਲੀਡਰ ਏਰਿਨ ਓਟੂਲੇ ਦੀ ਕੋਵਿਡ-19 ਰਿਪੋਰਟ ਪੋਜੀਟਿਵ ਆਈ ਹੈ। ਵੀਰਵਾਰ ਏਰਿਨ ਓਟੂਲੇ ਦਾ ਉਨ੍ਹਾਂ ਦੇ ਪਰਿਵਾਰ ਸਮੇਤ ਕੋਵਿਡ-19 ਦਾ ਟੈਸਟ ਕੀਤਾ ਗਿਆ ਸੀ ਜਿਸ ਤੋਂ ਬਾਅਦ ਉਹ ਆਪਣੇ ਪਰਿਵਾਰ ਸਮੇਤ ਏਕਾਂਤਵਸ ਹੋ ਗਏ ਸਨ। ਪਾਰਟੀ ਦੇ ਅਧਿਕਾਰੀਆਂ ਅਨੁਸਾਰ ਏਰਿਨ ਓਟੂਲੇ ਦੇ ਬਾਕੀ ਸਾਰੇ ਪਰਿਵਾਰਕ ਮੈਂਬਰਾਂ ਦੀ ਕੋਵਿਡ-19 ਸਬੰਧੀ ਰਿਪੋਰਟ ਨੈਗੇਟਿਵ ਆਈ ਹੈ। ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਕੰਜ਼ਰਵੇਟਿਵ ਪਾਰਟੀ ਦੇ ਇੱਕ ਸਟਾਫ਼ ਮੈਂਬਰ ਦੀ ਕੋਵਿਡ-19 ਰਿਪੋਰਟ ਪੌਜ਼ੀਟਿਵ ਆਈ ਸੀ ਅਤੇ ਉਹ ਏਰਿਨ ਨੂੰ ਵੀ ਮਿਲਿਆ ਸੀ। ਜਿਸ ਤੋਂ ਬਾਅਦ ਏਰਿਨ ਨੇ ਆਪਣੇ ਪਰਿਵਾਰ ਸਮੇਤ ਕੋਵਿਡ-19 ਦਾ ਟੈਸਟ ਕਰਵਾਇਆ ਅਤੇ ਏਕਾਂਤਵਸ ਹੋ ਗਏ। ਏਰਿਨ ਨੇ ਕਿਹਾ ਹੈ ਕਿ ਉਹ ਕੋਵਿਡ-19 ਸਬੰਧੀ ਸਿਹਤ ਵਿਭਾਗ ਦੇ ਦਿਸ਼ਾ-ਨਿਰਦੇਸ਼ਾ ਦਾ ਪੂਰਾ ਪਾਲਣ ਕਰ ਰਹੇ ਹਨ ਅਤੇ ਠੀਕ ਹੋ ਰਹੇ ਹਨ। ਉਹ ਜਲਦ ਹੀ ਆਪਣੇ ਕੰਮ ‘ਤੇ ਵਾਪਸ ਪਰਤ ਆਉਣਗੇ। ਏਰਿਨ ਓਟੂਲੇ ਨੇ ਆਪਣੇ ਨਜ਼ਦੀਕੀ ਮੈਂਬਰਾਂ ਅਤੇ ਜੋ ਉਨ੍ਹਾਂ ਨਾਲ ਮਿਲੇ ਹਨ ਸਭ ਨੂੰ ਟੈਸਟ ਕਰਵਾਉਣ ਲਈ ਕਿਹਾ ਹੈ। ਜ਼ਿਕਰਯੋਗ ਹੈ ਕਿ ਅਲਬਰਟਾ ‘ਚ ਬੀਤੇ ਦਿਨੀਂ ਹੋਈ ਇੱਕ ਮੀਟਿੰਗ ਦੌਰਾਨ ਉਹ ਕਿਊਬਿਕ ਦੇ ਪ੍ਰੀਮੀਅਰ ਫਰੈਂਕੁਆਇਸ ਲਿਗੌਲਟ ਨੂੰ ਮਿਲੇ ਸਨ। ਇਸ ਤੋਂ ਬਾਅਦ ਹੁਣ ਉਹ ਵੀ ਸਾਵਧਾਨ ਹੋ ਗਏ ਹਨ ਅਤੇ ਡਾਕਟਰਾਂ ਦੀ ਸਲਾਹ ਲੈ ਰਹੇ ਹਨ। ਇਥੇ ਇਹ ਵੀ ਦੱਸਣਯੋਗ ਹੈ ਕਿ ਬੀਤੇ ਦਿਨੀਂ ਕੈਨੇਡਾ ਦੀ ਬਲਾਕ ਕਿਊਬਿਕ ਪਾਰਟੀ ਦੇ ਲੀਡਰ ਯਾਵੇਸ-ਫਰੈਂਕੁਆਇਸ ਬਲੈਂਚੇਟ ਦੀ ਪਤਨੀ ਤੇ ਇੱਕ ਸਟਾਫ਼ ਮੈਂਬਰ ਨੂੰ ਵੀ ਕੋਰੋਨਾ ਹੋ ਗਿਆ ਸੀ। ਇਸ ਦੇ ਚਲਦਿਆਂ ਬਲੈਂਚੇਟ ਸਣੇ ਪਾਰਟੀ ਦੇ ਸਾਰੇ ਐਮਪੀਜ਼ ਏਕਾਂਤਵਾਸ ਚੱਲ ਰਹੇ ਹਨ।