ਕੈਲਗਰੀ, (ਪੰਜਾਬ ਟਾਇਮਜ਼): ਅੱਜ ਉੱਤਰ-ਪੂਰਬੀ ਕੈਲਗਰੀ ਦੇ ਸਵਾਨਾ ਬਾਜ਼ਾਰ ‘ਚ ਏਸ਼ੀਅਨ ਫੂਡ ਸੈਂਟਰ ਦੇ ਉਦਘਾਟਨੀ ਸਮਾਰੋਹ ਦੌਰਾਨ ਵੱਡੀ ਗਿਣਤੀ ‘ਚ ਲੋਕਾਂ ਦੀ ਭੀੜ ਇਕੱਠੀ ਹੋ ਗਈ। ਦਰਅਸਲ ਏਸ਼ੀਅਨ ਫੂਡ ਸੈਂਟਰ ਵਲੋਂ ਆਪਣੇ ਸਟੋਰ ਦੀ ਗ੍ਰੈਂਟ ਓਪਨਿੰਗ ਸਮੇਂ ਕਈ ਆਕਰਸ਼ਕ ਆਫ਼ਰ ਲੋਕਾਂ ਨੂੰ ਦਿੱਤੇ ਗਏ ਸਨ ਜਿਸ ‘ਚ ਉਨ੍ਹਾਂ ਨੇ ਸਟੋਰ ‘ਚ ਐਂਟਰ ਹੋਣ ਵਾਲੇ ਪਹਿਲੇ 100 ਗ੍ਰਾਹਕਾਂ ਨੂੰ ਮੁਫ਼ਤ ਪ੍ਰੈਸ਼ਰ ਕੁਕਰ ਅਤੇ ਰਸੋਈ ਦੇ ਕਈ ਹੋਰ ਉਪਕਰਣ ਦੇਣੇ ਸਨ। ਇਸੇ ਲਈ ਸਟੋਰ ਦੀ ਓਪਨਿੰਗ ਤੋਂ ਪਹਿਲਾਂ ਹੀ ਸਟੋਰ ਦੇ ਬਾਹਰ ਗੱਡੀਆਂ ਦੀ ਵੱਡੀ ਲਾਇਨ ਲੱਗੀ ਦਿਖੀ। ਏਸ਼ੀਅਨ ਫੂਡ ਸੈਂਟਰ ਦੇ ਪ੍ਰਧਾਨ ਮੇਜਰ ਨੱਟ ਨੇ ਕਿਹਾ ਕਿ ”ਨਿਯਮਾਂ ਅਨੁਸਾਰ ਗ੍ਰਾਹਕਾਂ ਨੂੰ ਇੱਕ ਲਾਇਨ ਬਣਾ ਕੇ ਹੀ ਅੰਦਰ ਆਉਣ ਦਿੱਤਾ ਜਾਣਾ ਸੀ ਪਰ ਵੱਡੀ ਗਿਣਤੀ ‘ਚ ਪਹੁੰਚੇ ਲੋਕ ਬੇਕਾਬੂ ਹੁੰਦੇ ਦਿਖੇ ਅਤੇ ਸਟੋਰ ‘ਚ ਵੜ੍ਹਨ ਲਈ ਧੱਕਾ-ਮੁੱਕੀ ‘ਤੇ ਉੱਤਰ ਆਏ”। ਭੀੜ ਇਕੱਠੀ ਹੁੰਦੀ ਦੇਖ ਮੌਕੇ ‘ਤੇ ਪਹੁੰਚੀ ਪੁਲਿਸ ਨੇ ਸਟੋਰ ਕੁਝ ਸਮੇਂ ਲਈ ਬੰਦ ਕਰਨ ਲਈ ਕਿਹਾ ਅਤੇ ਭੀੜ ਨੂੰ ਕਾਬੂ ਕੀਤਾ, ਕੁਝ ਸਮੇਂ ਬਾਅਦ ਸਟੋਰ ਦੁਬਾਰਾ ਖੋਲ੍ਹਿਆ ਗਿਆ। ਇਸ ਘਟਨਾ ਤੋਂ ਬਾਅਦ ਸਟੋਰ ਦੇ ਪ੍ਰਬੰਧਕਾਂ ਨੇ ਗ੍ਰਾਹਕਾਂ ਦੀ ਹੋਈ ਖੱਜਲ ਖੁਆਈ ਲਈ ਮੁਆਫੀ ਵੀ ਮੰਗੀ ਅਤੇ ਕਿਹਾ ਅਜਿਹਾ ਕਰਨਾ ਉਨ੍ਹਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਜ਼ਰੂਰੀ ਸੀ ਤਾਂ ਜੋ ਜਨਤਕ ਸਿਹਤ ਨਿਯਮਾਂ ਦੀ ਪਾਲਣਾ ਕੀਤੀ ਜਾ ਸਕੇ।