Canada

ਟਰੂਡੋ ਤੋਂ ਪੂਰਾ ਸੱਚ ਜਾਨਣ ਦੀ ਮੰਗ ਕਰ ਰਹੇ ਹਨ ਐਮਪੀਜ਼

ਓਟਵਾ, ਵੁਈ ਚੈਰਿਟੀ ਸਟੂਡੈਂਟ ਗ੍ਰਾਂਟ ਸਕੈਂਡਲ ਦੇ ਮਾਮਲੇ ਵਿੱਚ ਹਾਊਸ ਆਫ ਕਾਮਨਜ਼ ਦੀ ਫਾਇਨਾਂਸ ਕਮੇਟੀ ਸਾਹਮਣੇ ਪੇਸ਼ ਹੋ ਕੇ ਆਪਣਾ ਪੱਖ ਰੱਖਣ ਦੀ ਤਿਆਰੀ ਕਰ ਰਹੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਅਤੇ ਉਨ੍ਹਾਂ ਦੀ ਚੀਫ ਆਫ ਸਟਾਫ ਕੈਟੀ ਟੈਲਫੋਰਡ ਤੋਂ ਵਿਰੋਧੀ ਧਿਰਾਂ ਦੇ ਐਮਪੀ ਪੂਰਾ ਸੱਚ ਜਾਨਣ ਦੀ ਮੰਗ ਕਰ ਰਹੇ ਹਨ| ਇਨ੍ਹਾਂ ਐਮਪੀਜ਼ ਦਾ ਇਹ ਵੀ ਆਖਣਾ ਹੈ ਕਿ ਵੀਰਵਾਰ ਨੂੰ ਹੋਣ ਵਾਲੀ ਇਸ ਮਾਮਲੇ ਦੀ ਸੁਣਵਾਈ ਦੌਰਾਨ ਟਰੂਡੋ ਆਪਣੇ ਵੱਲੋਂ ਨਿਭਾਈ ਗਈ ਭੂਮਿਕਾ ਦਾ ਪੂਰਾ ਲੇਖਾ ਜੋਖਾ ਦੇਣ|
ਕੰਜ਼ਰਵੇਟਿਵ ਐਮਪੀ ਪਿਏਰੇ ਪੋਇਲੀਵਰ ਨੇ ਆਖਿਆ ਕਿ ਅਸੀਂ ਸਿਰਫ ਤੇ ਸਿਰਫ ਸੱਚ ਜਾਨਣਾ ਚਾਹੁੰਦੇ ਹਾਂ| ਬੁੱਧਵਾਰ ਨੂੰ ਉਹ ਇਹ ਮਤਾ ਪਾਸ ਕਰਵਾਉਣ ਵਿੱਚ ਕਾਮਯਾਬ ਰਹੇ ਕਿ ਟਰੂਡੋ ਤਿੰਨ ਘੰਟੇ ਤੱਕ ਆਪਣਾ ਪੱਖ ਰੱਖਣਗੇ ਤੇ ਟੈਲਫੋਰਡ ਦੋ ਘੰਟੇ ਤੱਕ ਪੁੱਛਗਿੱਛ ਵਿੱਚ ਹਿੱਸਾ ਲਵੇਗੀ| ਇਸ ਤੋਂ ਪਹਿਲਾਂ ਦੋਵਾਂ ਨੇ ਇੱਕ ਇੱਕ ਘੰਟਾ ਹੀ ਇਸ ਪੁੱਛਗਿੱਛ ਦਾ ਹਿੱਸਾ ਬਣਨਾ ਸੀ|
ਪੋਇਲੀਵਰ ਨੇ ਆਖਿਆ ਕਿ ਜੇ ਟਰੂਡੋ ਨੇ ਇਸ ਵਾਰੀ ਤਸੱਲੀਬਖਸ਼ ਉੱਤਰ ਨਾ ਦਿੱਤੇ ਤਾਂ ਉਨ੍ਹਾਂ ਨੂੰ ਦੂਜੀ ਵਾਰੀ ਸਤੰਬਰ ਵਿੱਚ ਸੱਦਿਆ ਜਾਵੇਗਾ ਤੇ ਹਾਊਸ ਆਫ ਕਾਮਨਜ ਵੀ ਇਸ ਮਾਮਲੇ ਵਿੱਚ ਉਦੋਂ ਹੀ ਵੋਟ ਕਰੇਗਾ| ਐਨਡੀਪੀ ਆਗੂ ਜਗਮੀਤ ਸਿੰਘ ਨੇ ਆਖਿਆ ਕਿ ਉਹ ਹਾਲ ਦੀ ਘੜੀ ਟਰੂਡੋ ਤੋਂ ਅਸਤੀਫਾ ਨਹੀਂ ਮੰਗਣਗੇ| ਉਨ੍ਹਾਂ ਆਖਿਆ ਕਿ ਉਹ ਇਸ ਮਾਮਲੇ ਦੀ ਤਹਿ ਤੱਕ ਜਾਣਾ ਚਾਹੁੰਦੇ ਹਨ ਤੇ ਸਥਿਤੀ ਦਾ ਜਾਇਜ਼ਾ ਲੈਣ ਤੋਂ ਬਾਅਦ ਹੀ ਇਸ ਬਾਰੇ ਤੈਅ ਕਰਨਗੇ ਕਿ ਕਿਹੋ ਜਿਹੇ ਮਾਪਦੰਡ ਅਪਣਾਏ ਜਾਣ|
ਉਨ੍ਹਾਂ ਆਖਿਆ ਕਿ ਇਹ ਵੀ ਪਤਾ ਲੱਗਿਆ ਹੈ ਕਿ ਇਸ ਮਾਮਲੇ ਵਿੱਚ ਸਿਰਫ ਟਰੂਡੋ ਹੀ ਸ਼ਾਮਲ ਨਹੀਂ ਸਨ, ਇਸ ਲਈ ਅਸੀਂ ਤੇ ਕੈਨੇਡੀਅਨ ਇਹ ਜਾਨਣਾ ਚਾਹੁੰਦੇ ਹਾਂ ਕਿ ਅਸਲ ਵਿੱਚ ਕੌਣ ਕੌਣ ਇਸ ਮਾਮਲੇ ਵਿੱਚ ਸ਼ਾਮਲ ਸੀ| ਜਗਮੀਤ ਸਿੰਘ ਨੇ ਆਖਿਆ ਕਿ ਹੁਣ ਤੱਕ ਸਾਹਮਣੇ ਆਏ ਤੱਥਾਂ ਤੋਂ ਇਹੋ ਪਤਾ ਲੱਗਦਾ ਹੈ ਕਿ ਟਰੂਡੋ ਤੇ ਲਿਬਰਲ ਸਰਕਾਰ ਬੰਦ ਦਰਵਾਜ਼ਿਆਂ ਦੇ ਪਿੱਛੇ ਲੁਕ ਕੇ ਆਪਣੇ ਨਜ਼ਦੀਕੀ ਦੋਸਤਾਂ ਨੂੰ ਕਈ ਮਿਲੀਅਨ ਡਾਲਰ ਦੇਣ ਦੀ ਤਿਆਰੀ ਕਰ ਰਹੀ ਸੀ|

Related posts

ਪ੍ਰਧਾਨ ਮੰਤਰੀ ਨੇ ਪੁਲਿਸ ਵਰਦੀ ‘ਚ ਬਾਡੀ ਕੈਮਰੇ ਲਗਵਾਉਣ ਦਾ ਕੀਤਾ ਵਾਅਦਾ

Gagan Oberoi

ਕੈਨੇਡਾ ਦੀ ਵੈਕਸੀਨ ਪ੍ਰੋਕਿਓਰਮੈਂਟ ਨੀਤੀ ਬਿਹਤਰੀਨ : ਮੈਕਕਿਨਨ

Gagan Oberoi

Annapolis County Wildfire Expands to 3,200 Hectares as Crews Battle Flames

Gagan Oberoi

Leave a Comment