ਚੀਨ ਵਿੱਚ ਫੈਲਿਆ ਕੋਰੋਨਾ ਵਾਇਰਸ ਪੂਰੀ ਦੁਨੀਆ ਵਿੱਚ ਦੇਖਣ ਨੂੰ ਮਿਲ ਰਿਹਾ ਹੈ। ਭਾਰਤ ਵਿੱਚ ਵੀ ਕੋਰੋਨਾ ਵਾਇਰਸ ਨਾਲ ਪੀੜਤ ਲੋਕਾਂ ਦੀ ਗਿਣਤੀ ਹੁਣ ਤੱਕ 197 ਨੂੰ ਪਾਰ ਕਰ ਚੁੱਕੀ ਹੈ। ਸਿਹਤ ਮੰਤਰਾਲੇ ਵੱਲੋਂ ਜਾਰੀ ਕੀਤੇ ਅੰਕੜਿਆਂ ਅਨੁਸਾਰ, ਹੁਣ ਤੱਕ 197 ਲੋਕ ਕੋਰੋਨਾ ਵਾਇਰਸ ਨਾਲ ਭਾਰਤ ਵਿੱਚ ਪੀੜਤ ਹਨ ਜਿਨ੍ਹਾਂ ਵਿੱਚ 25 ਵਿਦੇਸ਼ੀ ਨਾਗਰਿਕ ਵੀ ਸ਼ਾਮਿਲ ਹਨ। ਪੰਜਾਬ ‘ਚ ਵੀ ਕੋਰੋਨਾ ਵਾਇਰਸ ਦੇ ਚੱਲਦੇ ਪਹਿਲੀ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਨਵਾਂਸ਼ਹਿਰ ਜ਼ਿਲੇ ਦੇ ਇਕ ਹਸਪਤਾਲ ‘ਚ ਜਾਨ ਗਵਾਉਣ ਵਾਲਾ 72 ਸਾਲਾਂ ਸ਼ਖ਼ਸ ਕੋਰੋਨਾ ਵਾਇਰਸ ਨਾਲ ਪੀੜਤ ਸੀ। ਸੀਨੀਅਰ ਅਧਿਕਾਰੀਆਂ ਨੇ ਅੱਜ ਪੁਸ਼ਟੀ ਕੀਤੀ ਹੈ ਕਿ ਇਹ ਸ਼ਖ਼ਸ ਦੋ ਹਫਤੇ ਪਹਿਲੇ ਇਟਲੀ ਹੁੰਦੇ ਹੋਏ ਜਰਮਨੀ ਤੋਂ ਵਾਪਿਸ ਆਇਆ ਸੀ ਅਤੇ ਉਸ ਦੇ ਦਿਲ ‘ਚ ਬਹੁਤ ਤੇਜ਼ ਦਰਦ ਹੋਣ ਕਾਰਨ ਉਸ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ ਸੀ। ਪੋਸਟ ਗ੍ਰੈਜੁਏਟ ਮੈਡੀਕਲ ਐਜੂਕੇਸ਼ਨ ਐਂਡ ਰਿਸਰਚ ਇੰਸਟੀਚਿਊਟ (ਪੀ. ਜੀ. ਆਈ. ਐੱਮ. ਈ. ਆਰ.) ਦੇ ਡਾਇਰੈਕਟਰ ਜਗਤ ਰਾਮ ਨੇ ਦੱਸਿਆ ਕਿ ਮ੍ਰਿਤਕ ਸ਼ੂਗਰ ਅਤੇ ਹਾਈ ਬਲੱਡ ਪ੍ਰੈਸ਼ਰ ਨਾਲ ਪੀੜਤ ਸੀ ਅਤੇ ਜਾਂਚ ਲਈ ਭੇਜੇ ਗਏ ਉਸ ਦੇ ਨਮੂਨਿਆਂ ‘ਚ ਕੋਰੋਨਾ ਵਾਇਰਸ ਦੀ ਪੁਸ਼ਟੀ ਹੋਈ ਹੈ।
ਭਾਰਤ ਵਿੱਚ ਕੋਰੋਨਾ ਦਾ ਸਭ ਤੋਂ ਜ਼ਿਆਦਾ ਅਸਰ ਮਹਾਰਾਸ਼ਟਰ ਅਤੇ ਕੇਰਲਾ ਵਿੱਚ ਵੇਖਣ ਨੂੰ ਮਿਲਿਆ ਹੈ। ਮਹਾਰਾਸ਼ਟਰ ਵਿੱਚ ਕੋਰੋਨਾ ਵਾਇਰਸ ਦੇ ਸਭ ਤੋਂ ਵੱਧ 42 ਕੇਸ ਸਾਹਮਣੇ ਆਏ ਹਨ। ਇਸ ਦੇ ਨਾਲ ਹੀ ਦੁਨੀਆ ਭਰ ਵਿੱਚ ਕੋਰੋਨਾ ਦੇ ਮਾਮਲਿਆਂ ਦੀ ਗਿਣਤੀ 2 ਲੱਖ ਨੂੰ ਪਾਰ ਕਰ ਗਈ ਹੈ। ਹੁਣ ਤੱਕ ਦਿੱਲੀ ਵਿੱਚ ਇੱਕ ਵਿਦੇਸ਼ੀ ਸਮੇਤ ਪੀੜਤਾਂ ਦੇ 10 ਮਾਮਲੇ ਸਾਹਮਣੇ ਆਏ ਹਨ, ਜਦੋਂ ਕਿ ਇੱਕ ਵਿਦੇਸ਼ੀ ਸਮੇਤ ਉੱਤਰ ਪ੍ਰਦੇਸ਼ ਵਿੱਚ 16 ਮਾਮਲੇ ਦਰਜ ਕੀਤੇ ਗਏ ਹਨ। ਮਹਾਰਾਸ਼ਟਰ ਵਿੱਚ ਤਿੰਨ ਵਿਦੇਸ਼ੀ ਸਮੇਤ 42 ਕੇਸ ਦਰਜ ਕੀਤੇ ਗਏ ਹਨ ਜਦੋਂਕਿ ਕੇਰਲ ਵਿੱਚ ਦੋ ਵਿਦੇਸ਼ੀ ਨਾਗਰਿਕਾਂ ਸਮੇਤ 27 ਮਾਮਲੇ ਦਰਜ ਕੀਤੇ ਗਏ ਹਨ। ਕਰਨਾਟਕ ਵਿੱਚ ਕੋਰੋਨਾ ਦੇ 11 ਮਰੀਜ਼ ਹਨ। ਲੱਦਾਖ ਵਿੱਚ ਲਾਗਾਂ ਦੀ ਗਿਣਤੀ ਅੱਠ ਹੋ ਗਈ ਹੈ ਅਤੇ ਜੰਮੂ-ਕਸ਼ਮੀਰ ਵਿੱਚ ਇਸ ਦੀ ਗਿਣਤੀ ਤਿੰਨ ਹੋ ਗਈ ਹੈ। ਤੇਲੰਗਾਨਾ ਵਿੱਚ ਦੋ ਵਿਦੇਸ਼ੀ ਸਣੇ ਛੇ ਮਾਮਲੇ ਸਾਹਮਣੇ ਆਏ ਹਨ।
ਰਾਜਸਥਾਨ ਵਿੱਚ ਦੋ ਵਿਦੇਸ਼ੀ ਸਣੇ ਚਾਰ ਲੋਕ ਕੋਰੋਨਾ ਵਾਇਰਸ ਨਾਲ ਪੀੜਤ ਹਨ। ਤਾਮਿਲਨਾਡੂ, ਆਂਧਰਾ ਪ੍ਰਦੇਸ਼, ਉੜੀਸਾ, ਉੱਤਰਾਖੰਡ ਅਤੇ ਪੰਜਾਬ ਵਿੱਚ ਇੱਕ-ਇੱਕ ਕੇਸ ਸਾਹਮਣੇ ਆਇਆ ਹੈ। ਕੋਰੋਨਾ ਦੇ ਤਬਾਹੀ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਇਸ ਖ਼ਤਰਨਾਕ ਵਾਇਰਸ ਨਾਲ ਪੀੜਤ ਲੋਕਾਂ ਦੀ ਗਿਣਤੀ ਦੁਨੀਆ ਭਰ ਵਿੱਚ 2 ਲੱਖ ਤੋਂ ਪਾਰ ਹੋ ਗਈ ਹੈ। ਦੁਨੀਆ ਭਰ ਵਿੱਚ ਕੋਰੋਨਾ ਵਾਇਰਸ ਦੇ 2 ਲੱਖ 3 ਹਜ਼ਾਰ 6 ਸੌ 12 ਮਾਮਲੇ ਸਾਹਮਣੇ ਆਏ ਹਨ।
previous post