ਮੇਜ਼ਬਾਨ ਨਿਊਜ਼ੀਲੈਂਡ ਨੇ ਦੋ ਟੈਸਟ ਮੈਚਾਂ ਦੀ ਲੜੀ ਦੇ ਪਹਿਲੇ ਮੈਚ ‘ਚ ਭਾਰਤ ਨੂੰ 10 ਵਿਕਟਾਂ ਨਾਲ ਹਰਾ ਦਿੱਤਾ। ਵੇਲਿੰਗਟਨ ਦੇ ਬੇਸਿਨ ਰਿਜ਼ਰਵ ਮੈਦਾਨ ‘ਚ ਇਹ ਮੈਚ ਜਿੱਤ ਕੇ ਕੀਵੀ ਟੀਮ ਨੇ ਆਪਣਾ 100ਵਾਂ ਟੈਸਟ ਮੈਚ ਜਿੱਤ ਲਿਆ ਹੈ। ਨਿਊਜ਼ੀਲੈਂਡ ਟੀਮ ਨੂੰ ਆਪਣੀ 100ਵੀਂ ਟੈਸਟ ਜਿੱਤ 441ਵੇਂ ਮੈਚ ‘ਚ ਮਿਲੀ। ਉਧਰ ਭਾਰਤੀ ਟੀਮ ਦੀ ਟੈਸਟ ਚੈਂਪੀਅਨਸ਼ਿੱਪ ‘ਚ 7 ਮੈਚਾਂ ਤੋਂ ਬਾਅਦ ਪਹਿਲੀ ਹਾਰ ਹੈ।
ਇਸ ਦੇ ਬਾਵਜੂਦ ਟੀਮ 360 ਪੁਆਇੰਟਾਂ ਨਾਲ ਟਾਪ ‘ਤੇ ਬਣੀ ਹੋਈ ਹੈ, ਜਦਕਿ ਆਸਟ੍ਰੇਲੀਆ ਟੀਮ 296 ਅੰਕਾਂ ਨਾਲ ਦੂਜੇ ਨੰਬਰ ‘ਤੇ ਹੈ। ਨਿਊਜ਼ੀਲੈਂਡ ਟੀਮ ਨੇ ਲੜੀ ‘ਚ 1-0 ਨਾਲ ਲੀਡ ਲੈ ਲਈ ਹੈ। ਅੰਤਮ ਟੈਸਟ ਮੈਚ 29 ਫ਼ਰਵਰੀ ਤੋਂ 4 ਮਾਰਚ ਤਕ ਕ੍ਰਾਈਸਟਚਰਚ ਵਿਖੇ ਖੇਡਿਆ ਜਾਵੇਗਾ।
ਇਸ ਮੈਚ ‘ਚ ਟਾਸ ਹਾਰਨ ਤੋਂ ਬਾਅਦ ਬੱਲੇਬਾਜ਼ੀ ਕਰਦਿਆਂ ਭਾਰਤ ਨੇ ਪਹਿਲੀ ਪਾਰੀ ‘ਚ 165 ਅਤੇ ਦੂਜੀ ਪਾਰੀ ‘ਚ 191 ਦੌੜਾਂ ਬਣਾਈਆਂ। ਇਸ ਦੇ ਜਵਾਬ ‘ਚ ਨਿਊਜ਼ੀਲੈਂਡ ਨੇ ਪਹਿਲੀ ਪਾਰੀ ‘ਚ 348 ਅਤੇ ਫਿਰ 9 ਦੌੜਾਂ ਬਣਾ ਕੇ ਮੈਚ ਜਿੱਤ ਲਿਆ। ਨਿਊਜ਼ੀਲੈਂਡ ਲਈ ਟਿਮ ਸਾਊਥੀ ਨੇ ਕੁਲ 9 ਵਿਕਟਾਂ (ਪਹਿਲੀ ਪਾਰੀ 4 ਅਤੇ ਦੂਜੀ ਪਾਰੀ 5) ਲਈਆਂ। ਟਿਮ ਸਾਊਥੀ ਨੂੰ ਮੈਨ ਆਫ ਦੀ ਮੈਚ ਚੁਣਿਆ ਗਿਆ। ਕਪਤਾਨ ਕੇਨ ਵਿਲੀਅਮਸਨ ਨੇ ਕੀਵੀ ਟੀਮ ਲਈ ਸਭ ਤੋਂ ਵੱਧ 89 ਦੌੜਾਂ ਬਣਾਈਆਂ।