16 ਦਸੰਬਰ, 2012 ਨੂੰ ਭਾਰਤ ਦੀ ਰਾਜਧਾਨੀ ਨਵੀਂ ਦਿੱਲੀ ’ਚ ਪੈਰਾ–ਮੈਡੀਕਲ ਦੀ ਇੱਕ ਵਿਦਿਆਰਥਣ ਨਾਲ ਵਾਪਰੇ ਸਮੂਹਕ ਬਲਾਤਕਾਰ ਤੇ ਕਤਲ ਕਾਂਡ (ਜਿਸ ਨੂੰ ਨਿਰਭਯਾ ਕੇਸ ਦੇ ਨਾਂਅ ਨਾਲ ਵੀ ਜਾਣਿਆ ਜਾਂਦਾ ਹੈ) ਦੇ ਚਾਰ ਦੋਸ਼ੀਆਂ ਦਾ ਨਵਾਂ ਡੈੱਥ ਵਾਰੰਟ ਕੱਲ੍ਹ ਦਿੱਲੀ ਦੀ ਪਟਿਆਲਾ ਹਾਊਸ ਕੋਰਟ ਨੇ ਜਾਰੀ ਕਰ ਦਿੱਤਾ ਹੈ। ਇਨ੍ਹਾਂ ਦੋਸ਼ੀਆਂ ਨੂੰ ਮੰਗਲਵਾਰ 3 ਮਾਰਚ ਸਵੇਰੇ 6 ਵਜੇ ਫਾਂਸੀ ਦਿੱਤੀ ਜਾਵੇਗੀ।
ਨਵਾਂ ਡੈੱਥ ਵਾਰੰਟ ਜਾਰੀ ਹੋਣ ਤੋਂ ਬਾਅਦ ਹੁਣ ਇੱਕ ਵਾਰ ਫਿਰ ਇਹ ਸੁਆਲ ਉੱਠਣ ਲੱਗਾ ਕਿ ਕੀ ਦੋਸ਼ੀਆਂ ਨੂੰ 3 ਮਾਰਚ ਨੁੰ ਫਾਂਸੀ ਹੋ ਜਾਵੇਗੀ। ਅਜਿਹਾ ਇਸ ਲਈ ਪੁੱਛਿਆ ਜਾ ਰਿਹਾ ਹੈ ਕਿਉਂਕਿ ਇਸ ਤੋਂ ਪਹਿਲਾਂ ਦੋ ਵਾਰ ਇਨ੍ਹਾਂ ਦੋਸ਼ੀਆਂ ਦਾ ਡੈੱਥ ਵਾਰੰਟ ਰੱਦ ਹੋ ਚੁੱਕਾ ਹੈ।
ਦੋਸ਼ੀਆਂ ਨੂੰ ਫਾਂਸੀ ਲਈ 22 ਜਨਵਰੀ ਤੇ ਉਸ ਤੋਂ ਬਾਅਦ 1 ਫ਼ਰਵਰੀ, 2020 ਨੂੰ ਫਾਂਸੀ ਦਿੱਤੇ ਜਾਣ ਦਾ ਡੈੱਥ–ਵਾਰੰਟ ਜਾਰੀ ਕੀਤਾ ਗਿਆ ਸੀ ਪਰ ਕਾਨੁੰਨੀ ਅੜਿੱਕਿਆਂ ਕਾਰਨ ਡੈੱਥ–ਵਾਰੰਟ ਰੱਦ ਕਰ ਦਿੱਤਾ ਗਿਆ ਸੀ।