ਸੈਕਰਾਮੈਂਟੋ – ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੇ ਐਲਾਨ ਕੀਤਾ ਹੈ ਕਿ ਅਮਰੀਕਾ ਨੇ 5 ਮਹੀਨਿਆਂ ਵਿਚ 30 ਕਰੋੜ ਅਮਰੀਕੀਆਂ ਦੇ ਕੋਵਿਡ-19 ਟੀਕਾਕਰਣ ਕੀਤਾ ਹੈ। ਉਨਾਂ ਕਿਹਾ ਕਿ ਕੋਵਿਡ ਮਹਾਂਮਾਰੀ ਉਪਰ ਕਾਬੂ ਪਾਉਣ ਦੇ ਯਤਨਾਂ ਵਿਚ ਇਹ ਇਕ ਮੀਲ ਪੱਥਰ ਹੈ। ਰਾਸ਼ਟਰਪਤੀ ਵਾਇਟ ਹਾਊਸ ਵਿਖੇ ਕੋਵਿਡ-19 ਬਾਰੇ ਗੱਲਬਾਤ ਕਰ ਰਹੇ ਸਨ। ਉਨਾਂ ਕਿਹਾ ਕਿ ” 65% ਬਾਲਗ ਅਮਰੀਕੀਆਂ ਦੇ ਘੱਟੋ ਘੱਟ ਇਕ ਟੀਕਾ ਲੱਗ ਚੱਕਾ ਹੈ। ਇਨਾਂ ਵਿਚ 87% ਸਾਡੇ ਸੀਨੀਅਰ ਨਾਗਰਿਕ ਸ਼ਾਮਿਲ ਹਨ। 5 ਮਹੀਨੇ ਪਹਿਲਾਂ ਕੇਵਲ 5% ਅਮਰੀਕੀਆਂ ਦੇ ਇਕ ਟੀਕਾ ਲੱਗਾ ਸੀ।” ਬਾਇਡਨ ਨੇ ਹੋਰ ਕਿਹਾ ਕਿ ਟੀਕਾਕਰਣ ਨੇ ਨਸਲੀ ਭੇਦਭਾਵ ਦੇ ਪਾੜੇ ਨੂੰ ਖਤਮ ਕਰ ਦਿੱਤਾ ਹੈ। ਉਨਾਂ ਕਿਹਾ 58% ਤੋਂ ਵਧ ਟੀਕੇ ਸਿਆਹਫਾਮ ਲੋਕਾਂ ਦੇ ਲੱਗੇ ਹਨ। ਪਿਛਲੇ ਮਹੀਨੇ ਵਿਚ ਅਧਿਉਂ ਵਧ ਟੀਕੇ ਸਿਆਹਫਾਮ ਲੋਕਾਂ ਦੇ ਲਾਏ ਗਏ ਹਨ। ਉਨਾਂ ਕਿਹਾ ਕਿ ਵੈਕਸੀਨੇਸ਼ਨ ਰਾਹੀਂ ਨਸਲੀ ਪਾੜਾ ਘਟਾ ਕੇ ਜਿੰਦਗੀਆਂ ਨੂੰ ਬਚਾਇਆ ਜਾ ਸਕਦਾ ਹੈ। ਬਾਇਡਨ ਨੇ ਚਿਤਾਵਨੀ ਦਿੱਤੀ ਕਿ ਕੋਵਿਡ-19 ਡੈਲਟਾ ਵੇਰੀਐਂਟ ਤੋਂ ਬਚਣ ਦੀ ਲੋੜ ਹੈ ਜਿਸ ਨੇ ਪਿਛਲੇ ਮਹੀਨੇ ਭਾਰਤ ਵਿਚ ਭਾਰੀ ਤਬਾਹੀ ਮਚਾਈ ਹੈ। ਉਨਾਂ ਕਿਹਾ ਕਿ ਇਸ ਦਾ ਇਕੋ ਇਕ ਹੱਲ ਸਮੁੱਚੇ ਅਮਰੀਕੀਆਂ ਦਾ ਟੀਕਾਕਰਣ ਹੈ। ਇਸ ਲਈ ਰਹਿ ਗਏ ਅਮਰੀਕੀਆਂ ਨੂੰ ਤੁਰੰਤ ਟੀਕਾਕਰਣ ਕਰਵਾਉਣਾ ਚਾਹੀਦਾ ਹੈ। ਸਮੁੱਚੇ ਅਮਰੀਕੀ ਦੇ ਮੁਕੰਮਲ ਟੀਕਾਕਰਣ ਕਰਕੇ ਹੀ ਇਸ ਵੇਰੀਐਂਟ ਤੋਂ ਬਚਿਆ ਜਾ ਸਕਦਾ ਹੈ। ਰਾਸ਼ਟਰਪਤੀ ਨੇ ਕਿਹਾ ਕਿ ਸੱਚਾਈ ਇਹ ਹੈ ਕਿ ਜਿਥੇ ਟੀਕਾਕਰਣ ਹੋ ਚੁੱਕਾ ਹੈ ਉਥੇ ਮੌਤਾਂ ਦੀ ਗਿਣਤੀ ਤੇ ਮਰੀਜਾਂ ਦੀ ਗਿਣਤੀ ਬਹੁਤ ਤੇਜੀ ਨਾਲ ਘਟੀ ਹੈ ਪਰੰਤੂ ਮੰਦੇਭਾਗੀ ਜਿਨਾਂ ਰਾਜਾਂ ਵਿਚ ਵੈਕਸੀਨੇਸ਼ਨ ਦਰ ਘੱਟ ਹੈ, ਉਥੇ ਕੋਵਿਡ ਮਾਮਲੇ ਤੇ ਹਸਪਤਾਲ ਵਿਚ ਦਾਖਲ ਹੋਣ ਵਾਲੇ ਮਰੀਜ਼ਾਂ ਨਹੀਂ ਘੱਟ ਰਹੇ। ਰਾਸ਼ਟਰਪਤੀ ਨੇ ਕਿਹਾ ਕਿ ਹਸਪਤਾਲਾਂ ਵਿਚ ਉਹ ਲੋਕ ਆ ਰਹੇ ਹਨ ਜਿਨਾਂ ਦੇ ਟੀਕਾਕਰਣ ਨਹੀਂ ਹੋਇਆ। ਉਨਾਂ ਕਿਹਾ ਕਿ 4 ਜੁਲਾਈ ਨੂੰ ਅਸੀਂ ਆਜ਼ਾਦੀ ਦੇ ਜਸ਼ਨ ਮਨਾਉਣ ਜਾ ਰਹੇ ਹਾਂ ਇਸ ਲਈ ਹਰ ਹਾਲਤ ਵਿਚ ਕੋਵਿਡ ਟੀਕਾਕਰਣ ਜੂਰਰੀ ਹੈ। ਉਨਾਂ ਕਿਹਾ ਕਿ ਆਓ ਆਪਾਂ ਸਾਰੇ ਮਿਲ ਕੇ ਆਜ਼ਾਦੀ ਦੇ ਜਸ਼ਨਾਂ ਦੇ ਨਾਲ ਕੋਵਿਡ ਉਪਰ ਫਤਿਹ ਦੇ ਵੀ ਜਸ਼ਨ ਮਨਾਈਏ । ਇਥੇ ਜਿਕਰਯੋਗ ਹੈ ਕਿ ਰਾਸ਼ਟਰਪਤੀ ਨੇ 4 ਜੁਲਾਈ ਤੱਕ 70% ਬਾਲਗ ਅਮਰੀਕੀਆਂ ਦੇ ਟੀਕਾਕਰਣ ਕਰਨ ਦਾ ਟੀਚਾ ਮਿਥਿਆ ਹੈ। ਉਨਾਂ ਪਿਛਲੇ ਮਹੀਨੇ ਐਲਾਨ ਕੀਤਾ ਸੀ ਕਿ 4 ਜੁਲਾਈ ਤੱਕ 70% ਬਾਲਗ ਅਮਰੀਕੀਆਂ ਦੇ ਘੱਟੋ ਘੱਟ ਇਕ ਟੀਕਾ ਜਰੂਰ ਲੱਗ ਜਾਣਾ ਚਾਹੀਦਾ ਹੈ। ਸੈਂਟਰ ਫਾਰ ਡਸੀਜ਼ ਕੰਟਰੋਲ ( ਸੀ ਡੀ ਸੀ) ਅਨੁਸਾਰ ਸ਼ੁੱਕਰਵਾਰ ਸਵੇਰ ਤੱਕ ਤਕਰੀਬਨ 31 ਕਰੋੜ 50 ਲੱਖ ਟੀਕੇ ਲੱਗ ਚੁੱਕੇ ਹਨ। ਹੁਣ ਤੱਕ 18 ਸਾਲ ਤੋਂ ਉਪਰ 65% ਅਮਰੀਕੀ ਆਬਾਦੀ ਦੇ ਇਕ ਟੀਕਾ ਲੱਗ ਚੁੱਕਾ ਹੈ। ਇਸ ਮਹੀਨੇ ਦੇ ਸ਼ੁਰੂ ਵਿਚ ਰਾਸ਼ਟਰਪਤੀ ਨੇ ਐਲਾਨ ਕੀਤਾ ਸੀ ਕਿ ਅਮਰੀਕੀਆਂ ਨੂੰ ਟੀਕਾ ਲਵਾਉਣ ਲਈ ਰਾਜੀ ਕਰਨ ਵਾਸਤੇ ਇਕ ਮੁਹਿੰਮ ਵਿੱਢੀ ਜਾਵੇਗੀ। ਉਨਾਂ ਨੇ ‘ਦੁਕਾਨਾਂ ਉਪਰ ਟੀਕਾਕਰਣ’ ਕਰਨ ਦਾ ਐਲਾਨ ਕੀਤਾ ਸੀ। ਇਸ ਮੁਹਿੰਮ ਸਦਕਾ ਸਿਆਹਫਾਮ ਲੋਕਾਂ ਦੀਆਂ 1000 ਨਾਈ ਦੀਆਂ ਦੁਕਾਨਾਂ ਤੇ ਬਿਊਟੀ ਸੈਲੂਨਾਂ ਵਿਚ ਟੀਕਕਰਣ ਸ਼ੁਰੂ ਹੋਇਆ ਸੀ। ਜੌਹਨ ਹੋਪਕਿਨਜ ਯੁਨੀਵਰਸਿਟੀ ਵੱਲੋਂ ਜਾਰੀ ਅੰਕੜਿਆਂ ਅਨੁਸਾਰ ਅਮਰੀਕਾ ਵਿਚ ਲੰਘੇ ਮੰਗਲਵਾਰ ਤੱਕ 6 ਲੱਖ ਲੋਕਾਂ ਦੀ ਕੋਵਿਡ ਕਾਰਨ ਮੌਤ ਹੋ ਚੁੱਕੀ ਹੈ ਤੇ ਪੁਸ਼ਟੀ ਹੋਏ ਮਾਮਲੇ 33 ਕਰੋੜ ਨੂੰ ਪਾਰ ਕਰ ਚੱਕੇ ਹਨ।