ਨਵੀਂ ਦਿੱਲੀ – ਪੀ.ਐੱਮ. ਮੋਦੀ ਦੇ ਦੂਜੇ ਕਾਰਜਕਾਲ ਵਿਚ ਪਹਿਲੀ ਵਾਰ ਮੰਤਰੀਮੰਡਲ ਦਾ ਵਿਸਥਾਰ ਹੋ ਚੁੱਕਾ ਹੈ। ਅੱਜ ਕੁਲ 43 ਮੰਤਰੀਆਂ ਨੇ ਸਹੁੰ ਚੁੱਕੀ ਜਿਨ੍ਹਾਂ ਵਿਚੋਂ 36 ਨਵੇਂ ਮੰਤਰੀਆਂ ਨੇ ਸਹੁੰ ਚੁੱਕੀ ਜਦੋਂ ਕਿ 7 ਮੰਤਰੀਆਂ ਨੂੰ ਪ੍ਰਮੋਸ਼ਨ ਮਿਲਿਆ ਹੈ। ਨਵੇਂ ਮੰਤਰੀਮੰਡਲ ਵਿਚ 15 ਕੈਬਨਿਟ, 8 ਸੁਤੰਤਰ ਚਾਰਜ ਅਤੇ 20 ਰਾਜ ਮੰਤਰੀ ਬਣਾਏ ਗਏ ਹਨ। ਮੋਦੀ ਕੈਬਨਿਟ ਵਿਚ ਹੁਣ ਕੁਲ ਮਿਲਾ ਕੇ 77 ਮੰਤਰੀ ਹੋ ਗਏ ਹਨ। ਇਸ ਕੈਬਨਿਟ ਵਿਸਥਾਰ ਵਿਚ ਯੂ.ਪੀ. ਤੋਂ 7 ਮੰਤਰੀ ਬਣਾਏ ਗਏ ਹਨ। ਇਸ ਵਿਸਥਾਰ ਦੇ ਨਾਲ ਹੀ ਬੀ.ਜੇ.ਪੀ. ਨੇ ਜਾਤੀ ਅਤੇ ਖੇਤਰੀ ਸੰਤੁਲਨ ਬਣਾਉਣ ਦੀ ਕੋਸ਼ਿਸ਼ ਕੀਤੀ ਹੈ। ਇਸ ਦੇ ਨਾਲ ਹੀ ਅਗਲੇ ਸਾਲ ਹੋਣ ਵਾਲੀਆਂ ਯੂ.ਪੀ ਵਿਧਾਨਸਭਾ ਚੋਣਾਂ ਦੇ ਲਿਹਾਜ਼ ਨਾਲ ਸਾਰੇ ਵਰਗਾਂ ਨੂੰ ਸਾਧਣ ਦੀ ਕੋਸ਼ਿਸ਼ ਕੀਤੀ ਗਈ ਹੈ।
ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਮੋਦੀ ਕੈਬਨਿਟ ਵਿਚ ਸ਼ਾਮਲ ਹੋਏ ਸਾਰੇ ਨਵੇਂ ਚਿਹਰਿਆਂ ਨੂੰ ਵਧਾਈ ਦਿੱਤੀ ਹੈ। ਉਨ੍ਹਾਂ ਨੇ ਟਵੀਟ ਕਰ ਕੇ ਕਿਹਾ ਕਿ ਮੰਤਰੀ ਅਹੁਦੇ ਦੀ ਸਹੁੰ ਚੁੱਕਣ ਵਾਲੇ ਸਾਰੇ ਸਾਥੀਆਂ ਨੂੰ ਵਧਾਈ। ਮੈਨੂੰ ਵਿਸ਼ਵਾਸ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਿਚ ਪੂਰਾ ਮੰਤਰੀਮੰਡਲ ਪੂਰੀ ਨੇਚਾ ਅਤੇ ਸਮਰਪਣ ਨਾਲ ਸਰਕਾਰ ਦੀ ਕਲਿਆਣਕਾਰੀ ਨੀਤੀਆਂ ਨੂੰ ਲੋਕਾਂ ਤੱਕ ਪਹੁੰਚਾਉਣ ਅਤੇ ਆਤਮਨਿਰਭਰ ਭਾਰਤ ਦੇ ਤਹੱਈਏ ਨੂੰ ਸਾਕਾਰ ਕਰਨ ਵਿਚ ਆਪਣਾ ਸਭ ਤੋਂ ਵਧੀਆ ਯੋਗਦਾਨ ਦੇਵੇਗਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਲ ਯਾਨੀ ਵੀਰਵਾਰ ਸ਼ਾਮ ਨੂੰ 5 ਵਜੇ ਮੰਤਰੀਆਂ ਦੀ ਮੀਟਿੰਗ ਬੁਲਾਈ ਹੈ। ਪੀ.ਐੱਮ. ਨਵੇਂ ਮੰਤਰੀਆਂ ਤੋਂ ਚਾਹ ‘ਤੇ ਚਰਚਾ ਕਰਨਗੇ।