Sports

22 : ਜੋਸ਼ ਨਾਲ ਲਬਰੇਜ਼ ਭਾਰਤੀ ਰਚਣਗੇ ਇਤਿਹਾਸ

ਕੈਨੇਡਾ ਦੇ ਸ਼ਹਿਰ ਹੈਮਿਲਟਨ ’ਚ ਸਾਲ 1930 ’ਚ ਸ਼ੁਰੂ ਹੋਈਆਂ ਰਾਸ਼ਟਰਮੰਡਲ ਖੇਡਾਂ ਦਾ 22ਵਾਂ ਟੂਰਨਾਮੈਂਟ 28 ਜੁਲਾਈ ਤੋਂ 8 ਅਗਸਤ ਤੱਕ ਇੰਗਲੈਂਡ ਦੇ ਸ਼ਹਿਰ ਬਰਮਿੰਘਮ ’ਚ ਖੇਡਿਆ ਜਾਵੇਗਾ। ਇੰਗਲੈਂਡ ਤੀਜੀ ਵਾਰ ਕਾਮਨਵੈਲਥ ਖੇਡਾਂ ਦੀ ਮੇਜ਼ਬਾਨੀ ਕਰ ਰਿਹਾ ਹੈ। ਬਰਮਿੰਘਮ ਰਾਸ਼ਟਰਮੰਡਲ ਖੇਡਾਂ ਤੋਂ ਪਹਿਲਾਂ ਇੰਗਲੈਂਡ ਦੇ ਦੋ ਸ਼ਹਿਰਾਂ ਲੰਡਨ- 1934 ਤੇ ਮਾਨਚੈਸਟਰ-2002 ਨੂੰ ਰਾਸ਼ਟਰਮੰਡਲ ਖੇਡਾਂ ਦੀ ਮੇਜ਼ਬਾਨੀ ਕਰਨ ਦਾ ਮਾਣ ਹਾਸਲ ਹੋਇਆ ਹੈ। ਬਰਮਿੰਘਮ ਰਾਸ਼ਟਰਮੰਡਲ ਖੇਡਾਂ ’ਚ 20 ਖੇਡਾਂ

ਦੀਆਂ 280 ਵੰਨਗੀਆਂ ’ਚ 72 ਦੇਸ਼ਾਂ ਦੇ 5, 054 ਖਿਡਾਰੀ ਸੋਨੇ, ਚਾਂਦੀ ਤੇ ਤਾਂਬੇ ਦੇ ਤਗਮੇ ਜਿੱਤਣ ਲਈ ਖੇਡ ਮੈਦਾਨਾਂ ’ਤੇ ਖ਼ੂਨ-ਪਸੀਨਾ ਇਕ ਕਰਨਗੇ। ਹੈਮਿਲਟਨ-1930 ਦੀਆਂ ਰਾਸ਼ਟਰਮੰਡਲ ਖੇਡਾਂ ਨੂੰ ਛੱਡ ਕੇ ਭਾਰਤੀ ਖਿਡਾਰੀ ਸਾਰੀਆਂ ਕਾਮਨਵੈਲਥ ਖੇਡਾਂ ’ਚ ਤਗਮੇ ਜਿੱਤਣ ਲਈ ਮੈਦਾਨ ’ਚ ਨਿੱਤਰ ਚੁੱਕੇ ਹਨ। ਗੋਲਡ ਕੋਸਟ-2018 ਦੀਆਂ ਕਾਮਨਵੈਲਥ ਖੇਡਾਂ ’ਚ ਇੰਡੀਆ ਵੱਲੋਂ 216 ਖਿਡਾਰੀਆਂ ਦੇ ਦਸਤੇ ਨੇ ਤਗਮੇ ਜਿੱਤਣ ਲਈ ਜ਼ੋਰ-ਅਜ਼ਮਾਈ ਕੀਤੀ ਸੀ। ਚਾਰ ਸਾਲ ਪਹਿਲਾਂ ਗੋਲਡ ਕੋਸਟ ਰਾਸ਼ਟਰਮੰਡਲ ਖੇਡਾਂ ’ਚ ਭਾਰਤੀ ਖਿਡਾਰੀਆਂ ਨੇ 26 ਸੋਨੇ ਅਤੇ ਚਾਂਦੀ ਤੇ ਤਾਂਬੇ ਦੇ 20-20 ਤਗਮਿਆਂ ਸਮੇਤ 66 ਤਗਮੇ ਦੇਸ਼ ਦੀ ਝੋਲੀ ’ਚ ਪਾਏ ਸਨ। ਆਸਟ੍ਰੇਲੀਆ ਦੇ ਖਿਡਾਰੀਆਂ ਨੇ ਸੋਨੇ ਦੇ 80, ਚਾਂਦੀ ਤੇ ਤਾਂਬੇ ਦੇ 59-59 ਮੈਡਲ ਹਾਸਲ ਕਰ ਕੇ ਤਗਮਾ ਸੂਚੀ ’ਚ 198 ਮੈਡਲ ਜਮ੍ਹਾਂ ਕੀਤੇ ਸਨ ਜਦਕਿ ਇੰਗਲੈਂਡ ਦੇ ਖਿਡਾਰੀਆਂ ਨੇ ਸੋਨੇ ਤੇ ਚਾਂਦੀ ਦੇ 45-45 ਤਗਮਿਆਂ ਤੋਂ ਇਲਾਵਾ 46 ਤਾਂਬੇ ਦੇ ਮੈਡਲ ਨਾਲ ਤਗਮਾ ਸੂਚੀ ’ਚ 136 ਤਗਮਿਆਂ ਨਾਲ ਦੂਜਾ ਸਥਾਨ ਹਾਸਲ ਕੀਤਾ ਸੀ।

ਪੀਵੀ ਸਿੰਧੂ ਬਣੀ ਝੰਡਾਬਰਦਾਰ

ਬਰਮਿੰਘਮ-2022 ਰਾਸ਼ਟਰਮੰਡਲ ਖੇਡਾਂ ’ਚ ਵੱਡੇ ਭਾਰਤੀ ਖੇਡ ਦਲ ’ਚ 26 ਰਾਜਾਂ ਦੇ ਸ਼ਾਮਲ 215 ਖਿਡਾਰੀ 19 ਖੇਡਾਂ ’ਚ ਸੋਨੇ, ਚਾਂਦੀ ਤੇ ਤਾਂਬੇ ਦੇ ਤਗਮੇ ਜਿੱਤਣ ਲਈ ਆਪਣੀ ਦਾਅਵੇਦਾਰੀ ਪੇਸ਼ ਕਰਨਗੇ। ਨੀਰਜ ਚੋਪੜਾ ਦੇ ਜ਼ਖ਼ਮੀ ਹੋਣ ਕਰਕੇ ਮਾਰਚ ਪਾਸਟ ’ਚ ਭਾਰਤੀ ਖਿਡਾਰੀ ਦਲ ਦੀ ਝੰਡਾਬਰਦਾਰ ਦੋ ਵਾਰ ਓਲੰਪਿਕ ਤਗਮਾ ਜੇਤੂ ਮਹਿਲਾ ਸ਼ਟਲਰ ਪੀਵੀ ਸਿੰਧੂ ਹੋਵੇਗੀ। ਅਥਲੈਟਿਕਸ ’ਚ ਸਭ ਤੋਂ ਜ਼ਿਆਦਾ 36 ਅਥਲੀਟ ਤਗਮੇ ਜਿੱਤਣ ਲਈ ਹੰਭਲਾ ਮਾਰਨਗੇ। ਪੁਰਸ਼ ਤੇ ਮਹਿਲਾ ਹਾਕੀ ਟੀਮ ਦੇ 18-18 ਖਿਡਾਰੀ ਭਾਰਤੀ ਖੇਡ ਦਸਤੇ ’ਚ ਸ਼ਾਮਲ ਹਨ। ਇਸ ਤੋਂ ਬਾਅਦ ਮਹਿਲਾ ਕਿ੍ਰਕਟ ਟੀਮ ਤੇ ਵੇਟਿਫਟਿੰਗ ’ਚ 15-15, ਸਾਈਕਿਗ ’ਚ 13 ਅਤੇ ਰੈਸਿਗ ’ਚ 12 ਖਿਡਾਰੀ ਤਗਮੇ ਹਾਸਲ ਕਰਨ ਲਈ ਹਰ ਹਰਬਾ ਵਰਤਣਗੇ। ਹਰਿਆਣਾ ਤੋਂ ਸਭ ਤੋਂ ਜ਼ਿਆਦਾ 39 ਖਿਡਾਰੀ ਕਾਮਨਵੈਲਥ ਖੇਡਾਂ ’ਚ ਸ਼ਿਰਕਤ ਕਰ ਰਹੇ ਹਨ ਜਦਕਿ 26 ਖਿਡਾਰੀਆਂ ਵਾਲਾ ਪੰਜਾਬ ਦੂਜੇ ਨੰਬਰ ’ਤੇ ਹੈ। ਇਨ੍ਹਾਂ ਦੋਵੇਂ ਰਾਜਾਂ ਤੋਂ ਬਾਅਦ ਤਾਮਿਲਨਾਡੂ ਦੇ 17 ਅਤੇ ਦਿੱਲੀ ਤੇ ਮਹਾਰਾਸ਼ਟਰ ਦੇ ਬਰਾਬਰ 14-14 ਖਿਡਾਰੀ ਇਨ੍ਹਾਂ ਖੇਡਾਂ ’ਚ ਤਗਮੇ ਜਿੱਤਣ ਲਈ ਮੈਦਾਨ ’ਚ ਪੂਰੀ ਵਾਹ ਲਾ ਕੇ ਖੇਡਣਗੇ। ਇਨ੍ਹਾਂ ਤੋਂ ਉਲਟ ਛੱਤੀਸਗੜ੍ਹ, ਤੇਲੰਗਾਨਾ, ਜੰਮੂ-ਕਸ਼ਮੀਰ ਤੇ ਤਿ੍ਰਪੁਰਾ ਤੋਂ ਸਿਰਫ ਇਕ-ਇਕ ਖਿਡਾਰੀ ਰਾਸ਼ਟਰਮੰਡਲ ਖੇਡਾਂ ’ਚ ਦੇਸ਼ ਦੀ ਨੁਮਾਇੰਦਗੀ ਕਰ ਰਿਹਾ ਹੈ।

ਹਾਕੀ ਟੀਮ ਤੋਂ ਕਾਫ਼ੀ ਉਮੀਦਾਂ

ਪੁਰਸ਼ ਹਾਕੀ ’ਚ ਟੋਕੀਓ ਓਲੰਪਿਕ ’ਚ ਤਾਂਬੇ ਦਾ ਤਗਮਾ ਜਿੱਤਣ ਵਾਲੀ ਕਪਤਾਨ ਮਨਪ੍ਰੀਤ ਸਿੰਘ ਪਵਾਰ ਦੀ ਹਾਕੀ ਟੀਮ ਤੋਂ ਮੈਡਲ ਜਿੱਤਣ ਦੀ ਤਵੱਕੋ ਕੀਤੀ ਜਾ ਸਕਦੀ ਹੈ ਪਰ ਗੋਲਡ ਮੈਡਲ ਜਿੱਤਣ ਲਈ ਭਾਰਤੀ ਹਾਕੀ ਖਿਡਾਰੀਆਂ ਨੂੰ ਆਸਟ੍ਰੇਲੀਆ ਤੇ ਮੇਜ਼ਬਾਨ ਇੰਗਲੈਂਡ ਦੇ ਹਾਕੀ ਖਿਡਾਰੀਆਂ ਤੋਂ ਤਕੜੀ ਚੁਣੌਤੀ ਮਿਲੇਗੀ। ਹਾਕੀ ਬਾਰੇ ਚੰਗੀ ਜਾਣਕਾਰੀ ਰੱਖਣ ਵਾਲੇ ਮਹਾਰਥੀ ਬਰਮਿੰਘਮ ਰਾਸ਼ਟਰਮੰਡਲ ਹਾਕੀ ’ਚ ਆਸਟ੍ਰੇਲੀਆ ਨੂੰ ਗੋਲਡ ਮੈਡਲ ਦਾ ਦਾਅਵੇਦਾਰ ਮੰਨ ਰਹੇ ਹਨ। ਉਨ੍ਹਾਂ ਦਾ ਤਰਕ ਹੈ ਕਿ ਆਸਟ੍ਰੇਲੀਆ ਨੂੰ ਹਰਾਉਣ ਲਈ ਭਾਰਤੀ ਖਿਡਾਰੀਆਂ ਲਈ ਲੋਹੇ ਦੇ ਚਣੇ ਚੱਬਣ ਵਾਲਾ ਕੰਮ ਹੋਵੇਗਾ ਕਿਉਂਕਿ ਲੰਘੇ ਸੱਤ-ਅੱਠ ਸਾਲਾਂ ’ਚ ਭਾਰਤੀ ਖਿਡਾਰੀ ਮੈਦਾਨ ’ਚ ਆਸਟ੍ਰੇਲੀਆ ਹਾਕੀ ਖਿਡਾਰੀਆਂ ਦੀ ਪਿੱਠ ਲਾਉਣ ’ਚ ਅਸਫਲ ਰਹੇ ਹਨ। ਇਸ ਤੋਂ ਇਲਾਵਾ ਫਾਈਨਲ ਖੇਡਣ ਲਈ ਭਾਰਤੀ ਹਾਕੀ ਖਿਡਾਰੀਆਂ ਨੂੰ ਮੇਜ਼ਬਾਨ ਇੰਗਲੈਂਡ ਦੀ ਹਾਕੀ ਟੀਮ ਨੂੰ ਚਾਰੇ ਖਾਨੇ ਚਿੱਤ ਕਰਨਾ ਹੋਵੇਗਾ। ਇਹੋ ਵਰਤਾਰਾ ਭਾਰਤੀ ਮਹਿਲਾ ਹਾਕੀ ਟੀਮ ਨਾਲ ਹੋਵੇਗਾ। ਖਿਡਾਰਨਾਂ ਨੂੰ ਵੀ ਤਗਮਾ ਦੌੜ ’ਚ ਸ਼ਾਮਲ ਹੋਣ ਲਈ ਆਸਟ੍ਰੇਲੀਆ ਤੇ ਇੰਗਲੈਂਡ ਦੀ ਮਹਿਲਾ ਹਾਕੀ ਖਿਡਾਰਨਾਂ ਨੂੰ ਤਕੜੇ ਹੱਥੀਂ ਲੈਣਾ ਪਵੇਗਾ।

ਜਵਾਨ ਉਮਰ ਦੇ ਹਨ ਜ਼ਿਆਦਾਤਰ ਖਿਡਾਰੀ

ਇਨ੍ਹਾਂ ਰਾਸ਼ਟਰਮੰਡਲ ਖੇਡਾਂ ’ਚ ਮੈਦਾਨ ’ਚ ਨਿੱਤਰਨ ਵਾਲੇ 54 ਫੀਸਦੀ ਭਾਵ 118 ਭਾਰਤੀ ਖਿਡਾਰੀਆਂ ਦੀ ਉਮਰ 25 ਤੋਂ 35 ਸਾਲ ਹੈ ਜਦਕਿ 80 ਖਿਡਾਰੀ 14 ਤੋਂ 24 ਸਾਲਾ ਜਵਾਨ ਉਮਰ ਵਰਗ ਦੇ ਹਨ। ਇਨ੍ਹਾਂ ਤੋਂ ਇਲਾਵਾ 17 ਖਿਡਾਰੀਆਂ ਦੀ ਉਮਰ 36 ਤੋਂ 45 ਸਾਲ ਹੈ। ਇਸ ਤੋਂ ਸਹਿਜੇ ਹੀ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਭਾਰਤੀ ਖਿਡਾਰੀਆਂ ਦਾ ਤਜਰਬਾ ਉਨ੍ਹਾਂ ਲਈ ਤਗਮੇ ਜਿੱਤਣ ’ਚ ਸਹਾਈ ਸਿੱਧ ਹੋਵੇਗਾ। ਰਾਸ਼ਟਰਮੰਡਲ ਖੇਡਾਂ ’ਚ ਖੇਡਣ ਵਾਲੇ ਭਾਰਤੀ ਖੇਡ ਦਲ ’ਚ 14 ਸਾਲਾ ਸਕਵੈਸ਼ ਖੇਡਣ ਵਾਲੀ ਅਨਾਹਤ ਸਿੰਘ ਸਭ ਤੋਂ ਨੌਜਵਾਨ ਖਿਡਾਰਨ ਆਂਕੀ ਗਈ ਹੈ। ਨਿਆਣੀ ਉਮਰ ਦੀ ਅਨਾਹਤ ਸਿੰਘ ਅੰਡਰ-15 ਵਰਗ ਉਮਰ ’ਚ ਦੇਸ਼ ਤੇ ਏਸ਼ੀਆ ਦੀ ਨੰਬਰ-1 ਸਕਵੈਸ਼ ਖਿਡਾਰਨ ਹੈ।

ਅਥਲੈਟਿਕਸ ਦੇ ਖਿਡਾਰੀ ਕਰ ਸਕਦੇ ਨੇ ਕਮਾਲ

ਭਾਰਤੀ ਅਥਲੈਟਿਕਸ ਦਸਤੇ ’ਚ ਅਵਿਨਾਸ਼ ਸਾਬਲ ਵੱਲੋਂ 5000 ਤੇ 3000 ਮੀਟਰ ਸਟੈਪਲਚੇਜ਼ ਰੇਸ, ਨਤੇਂਦਰ ਰਾਵਤ ਵੱਲੋਂ ਮੈਰਾਥਨ, ਸੰਦੀਪ ਕੁਮਾਰ ਤੇ ਅਮਿਤ ਖੱਤਰੀ ਵੱਲੋਂ 10,000 ਮੀਟਰ ਵਾਕ ਰੇਸ ਅਤੇ ਨਿਰਮਲ ਟੋਮ, ਰਾਜੇਸ਼ ਰਮੇਸ਼, ਅਮੋਜ ਜੈਕਬ, ਨਾਗਾਥਨ ਪਾਂਡੀ, ਮੁਹੰਮਦ ਅਜਮਲ ਅਤੇ ਨੋਹ ਵੱਲੋਂ ਚਾਰ ਗੁਣਾ ਚਾਰ ਮੀਟਰ ਰਿਲੇਅ ਰੇਸ ’ਚ ਵਿਰੋਧੀ ਖਿਡਾਰੀਆਂ ਲਈ ਚੁਣੌਤੀ ਪੇਸ਼ ਕੀਤੀ ਜਾਵੇਗੀ। ਜੰਪਰ ਤੇਜਿਸਵਿਨ ਸ਼ੰਕਰ ਹਾਈ ਜੰਪ, ਮੁਹੰਮਦ ਅਨੀਸ ਤੇ ਮੁਰਲੀ ਸ੍ਰੀਸ਼ੰਕਰ ਲਾਂਗ ਜੰਪ, ਇਲਡੋਸ ਪੌਲ ਤੇ ਪ੍ਰਵੀਨ ਚਿਤਰਾਵਲ ਵੱਲੋਂ ਟਿ੍ਰਪਲ ਜੰਪ, ਦੇਵੇਂਦਰ ਕੁਮਾਰ, ਦੇਵੇੇਂਦਰ ਗਹਿਲੋਤ ਤੇ ਅਨੀਸ਼ ਸੁਰਿੰਦਰ ਪਿਲਈ ਵੱਲੋਂ ਡਿਸਕਸ ਥਰੋਅ, ਰੋਹਿਤ ਯਾਦਵ ਤੇ ਡੀਪੀ ਮਨੂ ਵੱਲੋਂ ਜੈਵਲਿਨ ’ਚ ਤਗਮੇ ਹਾਸਲ ਕਰਨ ਲਈ ਜ਼ੋਰ-ਅਜ਼ਮਾਈ ਕੀਤੀ ਜਾਵੇਗੀ। ਨੀਰਜ ਚੋਪੜਾ ਦੀ ਗ਼ੈਰ-ਮੌਜੂਦਗੀ ’ਚ ਹੁਣੇ ਖੇਡੀ ਗਈ ਵਿਸ਼ਵ ਅਥਲੈਟਿਕਸ ਮੀਟ ’ਚ ਫਾਈਨਲ ’ਚ ਪਹੁੰਚਣ ਵਾਲੇ 21 ਸਾਲਾ ਰੋਹਿਤ ਯਾਦਵ ’ਤੇ ਮੈਡਲ ਜਿੱਤਣ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਹਨ। ਰੋਹਿਤ ਯਾਦਵ ਕਈ ਵਾਰ 80 ਮੀਟਰ ’ਤੇ ਜੈਵਲਿਨ ਥਰੋਅ ਕਰ ਚੁੱਕਾ ਹੈ। ਇਸੇ ਤਰ੍ਹਾਂ ਮਹਿਲਾ ਅਥਲੀਟਾਂ ਵੱਲੋਂ ਮਨਪ੍ਰੀਤ ਕੌਰ ਵੱਲੋਂ ਸ਼ਾਟਪੁੱਟ, ਸੀਮਾ ਪੂਨੀਆ ਤੇ ਨਵਜੀਤ ਕੌਰ ਢਿੱਲੋਂ ਵੱਲੋਂ ਡਿਸਕਸ ਥਰੋਅ, ਮੰਜੂ ਬਾਲਾ ਤੇ ਸਰਿਤਾ ਸਿੰਘ ਵੱਲੋਂ ਹੈਮਰ ਥਰੋਅ ਅਤੇ ਅਨੂ ਰਾਣੀ ਤੇ ਸ਼ਿਲਪਾ ਰਾਣੀ ਵੱਲੋਂ ਜੈਵਲਿਨ ਥਰੋਅ ’ਚ ਤਗਮਾ ਹਾਸਲ ਕਰਨ ਲਈ ਮੈਦਾਨ ’ਚ ਖ਼ੂਨ-ਪਸੀਨਾ ਇਕ ਕੀਤਾ ਜਾਵੇਗਾ। ਮਹਿਲਾ ਜੈਵਲਿਨ ਥਰੋਅਰ ਅਨੂ ਰਾਣੀ ਵੱਲੋਂ ਕੁਝ ਦਿਨ ਪਹਿਲਾਂ ਅਮਰੀਕਾ ’ਚ ਖੇਡੀ ਗਈ ਵਿਸ਼ਵ ਅਥਲੈਟਿਕਸ ਚੈਂਪੀਅਨਸ਼ਿਪ ਦੇ ਕੁਆਲੀਫਾਈ ਰਾਊਂਡ ’ਚ 59.60 ਮੀਟਰ ਦੀ ਥਰੋਅ ਕਰ ਕੇ ਫਾਈਨਲ ’ਚ ਪਹੁੰਚੀ ਸੀ ਪਰ ਫਾਈਨਲ ’ਚ ਅਨੂ ਰਾਣੀ ਨੂੰ ਮੀਟਰ ਦੀ ਥਰੋਅ ਲਾਉਣ ਸਦਕਾ 10 ਵਾਂ ਰੈਂਕ ਹਾਸਲ ਹੋਇਆ ਸੀ। 29 ਸਾਲਾ ਅਨੂ 63.82 ਮੀਟਰ ਥਰੋਅ ਕਰਨ ਸਦਕਾ ਨੈਸ਼ਨਲ ਰਿਕਾਰਡ ਹੋਲਡਰ ਹੈ ਤੇ ਉਸ ਨੇ ਛੇ ਵਾਰ ਨੈਸ਼ਨਲ ਰਿਕਾਰਡ ਬਰੇਕ ਕੀਤਾ ਹੈ। ਲੰਘੇ ਸਾਲ ਵਰਲਡ ਰੈਸਿਗ ਚੈਂਪੀਅਨਸ਼ਿਪ ’ਚ ਸਿਲਵਰ ਮੈਡਲ ਜੇਤੂ ਮਹਿਲਾ ਭਲਵਾਨ ਅੰਸ਼ੂ ਮਲਿਕ ਤਗਮਾ ਜਿੱਤਣ ਦੀ ਉਮੀਦ ਜਗਾ ਸਕਦੀ ਹੈ। ਵੇਟਲਿਫਟਿੰਗ ’ਚ 19 ਸਾਲਾ ਐੱਲ ਜੇਰੇਮੀ, ਬਾਕਸਿੰਗ ’ਚ ਮਹਿਲਾ ਮੁੱਕੇਬਾਜ਼ ਨਿਖਿਤ ਜਰੀਨ ਅਤੇ ਬੈਡਮਿੰਟਨ ’ਚ ਪੀਵੀ ਸਿੰਧੂ, ਲਖਸ਼ਿਆ ਸੇਨ ਤੇ ਸ੍ਰੀਕਾਂਤ ਵੀ ਤਗਮਾ ਸੂਚੀ ’ਚ ਆਪਣਾ ਨਾਂ ਦਰਜ ਕਰਵਾ ਸਕਦੇ ਹਨ। ਇਨ੍ਹਾਂ ਸਾਰੇ ਖਿਡਾਰੀਆਂ ਤੋਂ ਭਾਰਤ ਨੂੰ ਬਹੁਤ ਜ਼ਿਆਦਾ ਉਮੀਦਾਂ ਹਨ।

ਨੀਰਜ ਚੋਪੜਾ ਦੀ ਕਮੀ

ਗੋਲਡਕੋਸਟ-2018 ਦੀਆਂ ਰਾਸ਼ਟਰਮੰਡਲ ਖੇਡਾਂ ’ਚ ਜੈਵਲਿਨ ਥਰੋਅਰ ਨੀਰਜ ਚੋਪੜਾ ਨੇ ਗੋਲਡ ਮੈਡਲ ਜਿੱਤਿਆ ਸੀ ਪਰ ਵਿਸ਼ਵ ਅਥਲੈਟਿਕਸ ਚੈਂਪੀਅਨਸ਼ਿਪ ’ਚ 88.13 ਮੀਟਰ ਦੀ ਥਰੋਅ ਨਾਲ ਜੈਵਲਿਨ ’ਚ ਚਾਂਦੀ ਦਾ ਤਗਮਾ ਜਿੱਤਣ ਵਾਲੇ ਓਲੰਪੀਅਨ ਗੋਲਡ ਮੈਡਲਿਸਟ ਨੀਰਜ ਚੋਪੜਾ ਦੇ ਜ਼ਖ਼ਮੀ ਹੋਣ ’ਤੇ ਕੋਚਿੰਗ ਕੈਂਪ ਵੱਲੋਂ ਉਸ ਦਾ ਨਾਂ ਕਾਮਨਵੈਲਥ ਖੇਡਾਂ ’ਚ ਵਾਪਸ ਲੈ ਲਿਆ ਗਿਆ ਹੈ। ਨੀਰਜ ਚੋਪੜਾ ਵੱਲੋਂ ਬਰਮਿੰਘਮ ਟੂਰਨਾਮੈਂਟ ਤੋਂ ਬਾਹਰ ਹੋਣ ਨਾਲ ਦੇਸ਼ ਘੱਟੋ-ਘੱਟ ਇਕ ਮੈਡਲ ਜ਼ਰੂਰ ਵਾਂਝਾ ਗਿਆ ਹੈ।

ਕੋਰੋਨਾ ਤੋਂ ਬਚਾਅ ਲਈ ਕੀਤੇ ਪੁਖ਼ਤਾ ਪ੍ਰਬੰਧ

ਬਰਮਿੰਘਮ ਰਾਸ਼ਟਰਮੰਡਲ ਖੇਡਾਂ ’ਚ ਕੋਵਿਡ-19 ਦੀ ਕੋਰੋਨਾ ਮਹਾਮਾਰੀ ਤੋਂ ਬਚਾਅ ਲਈ 5,054 ਖਿਡਾਰੀਆਂ ਲਈ ਲੀਕ ਤੋਂ ਪਾਸੇ ਜਾਂਦਿਆਂ ਭਾਵ ਇਕ ਖੇਡ ਪਿੰਡ ਦੀ ਬਜਾਏ 5 ਖੇਡ ਪਿੰਡ ਉਸਾਰੇ ਗਏ ਹਨ। ਖੇਡ ’ਚ ਭਾਗ ਲੈਣ ਤੋਂ ਪਹਿਲਾਂ ਹਰ ਖਿਡਾਰੀ ਨੂੰ ਆਰਟੀਪੀਸੀਆਰ ਟੈਸਟ ਕਰਾਉਣਾ ਲਾਜ਼ਮੀ ਕੀਤਾ ਗਿਆ ਹੈ। 24 ਸਾਲਾਂ ਬਾਅਦ ਕਾਮਨਵੈਲਥ ਖੇਡਾਂ ’ਚ ਵਾਪਸੀ ਕਰ ਰਹੀਆਂ ਪੁਰਸ਼ ਤੇ ਮਹਿਲਾਂ ਿਕਟ ਟੀਮਾਂ ਨੂੰ ਕਾਮਨਵੈਲਥ ਵਿਲੇਜ ਸਿਟੀ ਸੈਂਟਰ ’ਚ ਠਹਿਰਾਇਆ ਜਾਵੇਗਾ। ਿਕਟ ਟੀਮਾਂ ਦੇ ਸਾਰੇ ਮੈਚ ਪ੍ਰਸਿੱਧ ਅਜਬੇਸਟਨ ਿਕਟ ਮੈਦਾਨ ’ਚ ਪਿੱਚ ’ਤੇ ਖੇਡੇ ਜਾਣਗੇ। ਕੋਰੋਨਾ ਮਹਾਮਾਰੀ ਕਰਕੇ ਹਾਕੀ ਖਿਡਾਰੀਆਂ ਤੋਂ ਇਲਾਵਾ ਜਿਮਨਾਸਟਿਕ, ਸਕਵੈਸ਼, ਤੈਰਾਕੀ ਤੇ ਅਥਲੈਟਿਕਸ ਦੇ ਅਥਲੀਟਾਂ ਨੂੰ ਕਾਮਨਵੈਲਥ ਵਿਲੇਜ ਬਰਮਿੰਘਮ ’ਚ ਠਹਿਰਾਉਣ ਦਾ ਪ੍ਰਬੰਧ ਕੀਤਾ ਗਿਆ ਹੈ। ਟੇਬਲ ਟੈਨਿਸ, ਬਾਕਸਿੰਗ, ਬੈਡਮਿੰਟਨ, ਵੇਟਲਿਫਟਿੰਗ ਤੇ ਟਰੈਥਲਾਨ ਦੇ ਖਿਡਾਰੀਆਂ ਨੂੰ ਕਾਮਨਵੈਲਥ ਵਿਲੇਜ ਨੈਸ਼ਨਲ ਐਗਜੀਬਿਸ਼ਨ ਸੈਂਟਰ ’ਚ ਠਹਿਰਾਉਣ ਦਾ ਬੰਦੋਬਸਤ ਕੀਤਾ ਗਿਆ ਹੈ ਜਦਕਿ ਰਗਬੀ, ਰੈਸਿਗ, ਜੂਡੋ ਤੇ ਲਾਨ ਬਾਲਸ ਦੇ ਖਿਡਾਰੀ ਕਾਮਨਵੈਲਥ ਵਿਲੇਜ ਵਾਰਵਿਕ ਸੈਂਟਰ ’ਚ ਠਹਿਰਨਗੇ।

ਡੋਪ ਦਾ ਸਾਇਆ

ਭਾਰਤੀ ਖਿਡਾਰੀ ਦਲ ’ਚ ਡੋਪ ਦਾ ਸਾਇਆ ਹੋਣ ਕਰਕੇ 6 ਮੈਂਬਰੀ ਮਹਿਲਾ ਰਿਲੇਅ ਟੀਮ ਦੀ ਰੇਸਰ ਐੱਸਐੱਸ ਲਕਸ਼ਮੀ ਤੇ ਨੈਸ਼ਨਲ ਰਿਕਾਰਡ ਹੋਲਡਰ ਟਿ੍ਰਪਲ ਜੰਪਰ ਏਸਵਰਿਆ ਬਾਬੂ ਦੇ ਡੋਪ ਟੈਸਟ ਫੇਲ੍ਹ ਹੋਣ ਕਰਕੇ ਤਕੜਾ ਝਟਕਾ ਲੱਗਿਆ ਹੈ। ਇਕ ਹਫ਼ਤੇ ’ਚ ਭਾਰਤੀ ਖਿਡਾਰੀਆਂ ਦੇ 5 ਡੋਪ ਟੈਸਟ ਫੇਲ੍ਹ ਹੋਣ ਕਰਕੇ ਉਹ ਵਤਨ ਵਾਪਸੀ ਕਰ ਗਏ ਹਨ।

ਮਹਿਲਾ ਫਰਾਟਾ ਦੌੜਾਕ ਧੰਨਲਕਸ਼ਮੀ ਨੇ 26 ਜੂਨ ਨੂੰ ਕੋਸਾਨੋਵ ਮੈਮੋਰੀਅਲ ਅਥਲੈਟਿਕਸ ਮੀਟ ’ਚ 22.89 ਸੈਕਿੰਡ ਸਮੇਂ ਦੀ ਬੈਸਟ ਟਾਈਮਿੰਗ ਨਾਲ ਗੋਲਡ ਮੈਡਲ ਜਿੱਤਿਆ ਸੀ। ਕੁਝ ਦਿਨ ਪਹਿਲਾਂ ਕਾਮਨਵੈਲਥ ਖੇਡਾਂ ਖੇਡਣ ਵਾਲੇ ਪੈਰਾ ਅਥਲੀਟਾਂ ਅਨੀਸ਼ ਕੁਮਾਰ, ਸੁਰੇਂਦਰ ਪਿਲਈ ਤੇ ਗੀਤਾ ਦਾ ਡੋਪ ਟੈਸਟ ਪਾਜ਼ੇਟਿਵ ਪਾਇਆ ਗਿਆ ਸੀ।

ਪਹਿਲੀ ਵਾਰ ਖੇਡੇਗੀ ਭਾਰਤੀ ਮਹਿਲਾ ਿਕਟ ਟੀਮ

ਕਾਮਨਵੈਲਥ ਖੇਡਾਂ ’ਚ ਪਹਿਲੀ ਵਾਰ ਖੇਡਣ ਜਾ ਰਹੀ ਭਾਰਤੀ ਮਹਿਲਾ ਿਕਟ ਟੀਮ ਨੂੰ ਤਗਮਾ ਹਾਸਲ ਕਰਨ ਲਈ ਮੌਜੂਦਾ ਟੀ-20 ਵਿਸ਼ਵ ਿਕਟ ਕੱਪ ਜੇਤੂ ਆਸਟ੍ਰੇਲੀਆ ਤੇ ਉਪ-ਜੇਤੂ ਇੰਗਲੈਂਡ ਦੀਆਂ ਮਹਿਲਾ ਖਿਡਾਰਨਾਂ ਨੂੰ ਸੈਮੀਫਾਈਨਲ ’ਚ ਹਰਾਉਣ ਲਈ ਿਕਟ ਮੈਦਾਨ ਦੀ ਪਿੱਚ ’ਤੇ ਗੇਂਦਬਾਜ਼ੀ ਤੇ ਬੱਲੇਬਾਜ਼ੀ ’ਚ ਤਕੜਾ ਸੰਘਰਸ਼ ਕਰਨਾ ਪਵੇਗਾ। ਇਸ ਲਈ ਟੀਮ ਕਪਤਾਨ ਹਰਮਨਪ੍ਰੀਤ ਕੌਰ ਨੂੰ ਬੈਟਿੰਗ ’ਚ ਹਰ ਮੈਚ ਕਪਤਾਨੀ ਵਾਲੀ ਪਾਰੀ ਖੇਡਣੀ ਹੋਵੇਗੀ।

ਦਿੱਲੀ ਖੇਡਾਂ ’ਚ ਰਹੀ ਸਭ ਤੋਂ ਚੰਗੀ ਕਾਰਗੁਜ਼ਾਰੀ

ਨਵੀਂ ਦਿੱਲੀ-2010 ਰਾਸ਼ਟਰਮੰਡਲ ਖੇਡਾਂ ’ਚ ਆਪਣੀ ਮੇਜ਼ਬਾਨੀ ’ਚ ਦੇਸ਼ ਵੱਲੋਂ ਹੁਣ ਤੱਕ ਦਾ ਸਭ ਤੋਂ ਵੱਡਾ 495 ਖਿਡਾਰੀਆਂ ਦਾ ਦਸਤਾ ਮੈਦਾਨ ’ਚ ਉਤਾਰਿਆ ਗਿਆ ਸੀ। ਆਪਣੇ ਘਰੇਲੂ ਮੈਦਾਨਾਂ ’ਚ ਮੇਜ਼ਬਾਨ ਖਿਡਾਰੀਆਂ ਨੇ 101 ਮੈਡਲ ਜਿੱਤਣ ’ਚ ਸਫਲਤਾ ਹਾਸਲ ਕੀਤੀ ਸੀ। ਦਿੱਲੀ ਰਾਸ਼ਟਰਮੰਡਲ ਖੇਡਾਂ ’ਚ ਮੇਜ਼ਬਾਨ ਭਾਰਤੀ ਖਿਡਾਰੀਆਂ ਨੇ ਇਨ੍ਹਾਂ ਖੇਡਾਂ ’ਚ ਆਪਣੀ ਹੁਣ ਤੱਕ ਦੀ ਸਭ ਤੋਂ ਚੰਗੀ ਕਾਰਗੁਜ਼ਾਰੀ ’ਚ 38 ਗੋਲਡ, 27 ਸਿਲਵਰ ਤੇ 36 ਤਾਂਬੇ ਦੇ ਤਗਮੇ ਹਾਸਲ ਕੀਤੇ ਸਨ। ਸਾਬਕਾ ਸ਼ੂਟਰ ਜਸਪਾਲ ਰਾਣਾ, ਰਾਸ਼ਟਰਮੰਡਲ ਖੇਡਾਂ ’ਚੋਂ ਭਾਰਤ ਵੱਲੋਂ ਸਭ ਤੋਂ ਵੱਧ 9 ਸੋਨੇ, 4 ਚਾਂਦੀ ਤੇ 2 ਤਾਂਬੇ ਦੇ ਤਗਮਿਆਂ ਸਮੇਤ ਕੁੱਲ 15 ਤਗਮੇ ਜਿੱਤਣ ਸਦਕਾ ਚੋਟੀ ਦੇ ਸਥਾਨ ’ਤੇ ਬਿਰਾਜਮਾਨ ਹੈ।

ਹਾਸਲ ਕੀਤੇ 503 ਤਗਮੇ

ਬਰਮਿੰਘਮ-2022 ਤੋਂ ਪਹਿਲਾਂ ਖੇਡੀਆਂ ਕਾਮਨਵੈਲਥ ਖੇਡਾਂ ’ਚ ਭਾਰਤੀ ਖਿਡਾਰੀਆਂ ਨੇ 503 ਸੋਨੇ, ਚਾਂਦੀ ਤੇ ਤਾਂਬੇ ਦੇ ਤਗਮੇ ਆਪਣੇ ਗਲਿਆਂ ਦਾ ਸ਼ਿੰਗਾਰ ਬਣਾਏ ਹਨ। ਇਨ੍ਹਾਂ ਤਗਮਿਆਂ ’ਚ ਭਾਰਤੀ ਸ਼ੂਟਰਾਂ ਵੱਲੋਂ ਸ਼ੂਟਿੰਗ ’ਚ ਸ਼ਾਨਦਾਰ ਪ੍ਰਦਰਸ਼ਨ ਕਰ ਕੇ ਜਿੱਤੇ 135 ਤਗਮੇ ਸ਼ਾਮਲ ਹਨ। ਸ਼ੂਟਰਾਂ ਦੇ ਇਨ੍ਹਾਂ ਮੈਡਲਾਂ ’ਚ 63 ਸੋਨੇ, 44 ਚਾਂਦੀ ਤੇ 26 ਤਾਂਬੇ ਦੇ ਤਗਮੇ ਹਨ ਪਰ ਮੰਦੀ ਖ਼ਬਰ ਇਹ ਹੈ ਕਿ ਬਰਮਿੰਘਮ ਰਾਸ਼ਟਰਮੰਡਲ ਖੇਡਾਂ ’ਚੋਂ ਸ਼ੂਟਿੰਗ ਨੂੰ ਬਾਹਰ ਰੱਖਿਆ ਗਿਆ ਹੈ। ਸ਼ੂਟਿੰਗ ਤੋਂ ਬਾਅਦ ਦੇਸ਼ ਦੇ ਭਾਰ ਤੋਲਕਾਂ ਨੇ ਵੇਟਲਿਫਟਿੰਗ ’ਚ ਕੁੱਲ 125 ਮੈਡਲ ਜਿੱਤਣ ’ਚ ਸਫਲਤਾ ਹਾਸਲ ਕੀਤੀ ਹੈ, ਜਿਨ੍ਹਾਂ ’ਚ 43 ਸੋਨੇ, 48 ਚਾਂਦੀ ਤੇ ਤਾਂਬੇ ਦੇ 34 ਤਗਮੇ ਸ਼ਾਮਲ ਹਨ। ਰੈਸਿਗ ’ਚ ਭਲਵਾਨਾਂ ਨੇ ਵਿਰੋਧੀ ਪਹਿਲਵਾਨਾਂ ਦੀ ਕੰਡ ਲਾ ਕੇ ਕੁੱਲ 102 ਤਗਮੇ ਜਿੱਤੇ ਹਨ, ਜਿਨ੍ਹਾਂ ’ਚ ਸੋਨੇ ਦੇ 43, ਚਾਂਦੀ ਦੇ 37 ਤੇ ਤਾਬੇ ਦੇ 22 ਤਗਮੇ ਹਨ। ਮੁੱਕੇਬਾਜ਼ੀ ’ਚ ਭਾਰਤੀ ਬਾਕਸਰਾਂ ਨੇ 8 ਸੋਨੇ, 12 ਚਾਂਦੀ ਤੇ 17 ਤਾਂਬੇ ਦੇ ਤਗਮਿਆਂ ਸਮੇਤ ਕੁੱਲ 37 ਤਗਮੇ ਹਾਸਲ ਕੀਤੇ ਹਨ।

Related posts

BMW M Mixed Reality: New features to enhance the digital driving experience

Gagan Oberoi

ਤਿੰਨ ਘੰਟਿਆਂ ਦੀ ਥਾਂ ਹੁਣ ਦਿਨ ਭਰ ਦੀ ਹੜਤਾਲ ’ਤੇ ਗਏ ਡਾਕਟਰ

Gagan Oberoi

Canada’s Gaping Hole in Research Ethics: The Unregulated Realm of Privately Funded Trials

Gagan Oberoi

Leave a Comment