Corona virus: ਪੂਰੀ ਦੁਨੀਆਂ ‘ਚ ਖਲਬਲੀ ਮਚਾਉਣ ਵਾਲੇ ਕੋਰੋਨਾ ਵਾਇਰਸ ਦਾ ਕਹਿਰ ਜਾਰੀ ਹੈ। ਰੋਜ਼ਾਨਾ ਵਾਇਰਸ ਦੇ ਲੱਖਾਂ ਮਾਮਲੇ ਸਾਹਮਣੇ ਆ ਰਹੇ ਹਨ। ਹੁਣ ਤਕ ਦੁਨੀਆਂ ਭਰ ‘ਚ ਦੋ ਕਰੋੜ 36 ਲੱਖ ਲੋਕ ਇਸ ਦੀ ਲਪੇਟ ‘ਚ ਆ ਚੁੱਕੇ ਹਨ। ਇਨ੍ਹਾਂ ‘ਚੋਂ ਅੱਠ ਲੱਖ, 12 ਹਜ਼ਾਰ ਤੋਂ ਜ਼ਿਆਦਾ ਲੋਕ ਆਪਣੀ ਜਾਨ ਗਵਾ ਚੁੱਕੇ ਹਨ।
ਕੋਰੋਨਾ ਵਾਇਰਸ ਤੋਂ ਠੀਕ ਹੋਣ ਵਾਲੇ ਮਰੀਜ਼ਾਂ ਦਾ ਅੰਕੜਾ ਇਕ ਕਰੋੜ 60 ਲੱਖ ਤੋਂ ਪਾਰ ਪਹੁੰਚ ਗਿਆ। ਇਸ ਦੇ ਬਾਵਜੂਦ ਦੁਨੀਆਂ ਭਰ ‘ਚ ਅਜੇ ਵੀ 67 ਲੱਖ ਐਕਟਿਵ ਕੇਸ ਹਨ। ਪਿਛਲੇ 24 ਘੰਟਿਆਂ ‘ਚ ਦੋ ਲੱਖ ਛੇ ਹਜ਼ਾਰ ਨਵੇਂ ਮਾਮਲੇ ਸਾਹਮਣੇ ਆਏ ਤੇ 4.235 ਲੋਕਾਂ ਦੀ ਮੌਤ ਹੋ ਗਈ।
ਕੋਰੋਨਾ ਪ੍ਰਭਾਵਿਤ ਮੁਲਕਾਂ ‘ਚ ਅਮਰੀਕਾ ਅਜੇ ਵੀ ਪਹਿਲੇ ਨੰਬਰ ‘ਤੇ ਹੈ। ਜਿੱਥੇ ਹੁਣ ਤਕ 58 ਲੱਖ ਲੋਕ ਕੋਰੋਨਾ ਦਾ ਸ਼ਿਕਾਰ ਹੋ ਚੁੱਕੇ ਹਨ। ਅਮਰੀਕਾ ‘ਚ ਪਿਛਲੇ 24 ਘੰਟਿਆਂ ‘ਚ 32 ਹਜ਼ਾਰ ਤੋਂ ਜ਼ਿਆਦਾ ਨਵੇਂ ਕੇਸ ਆਏ ਤੇ 430 ਲੋਕਾਂ ਦੀ ਮੌਤ ਹੋਈ ਹੈ। ਬ੍ਰਾਜ਼ੀਲ ‘ਚ 24 ਘੰਟਿਆਂ ‘ਚ 23 ਹਜ਼ਾਰ ਮਾਮਲੇ ਸਾਹਮਣੇ ਆਏ ਹਨ। ਇਸ ਸਮੇਂ ਦੁਨੀਆਂ ਭਰ ‘ਚ ਰੋਜ਼ਾਨਾ ਸਭ ਤੋਂ ਵੱਧ ਕੇਸ ਭਾਰਤ ‘ਚ ਦਰਜ ਕੀਤੇ ਜਾ ਰਹੇ ਹਨ।