ਕੈਲਗਰੀ, : ਅਲਬਰਟਾ ਸਰਕਾਰ ਵਲੋਂ 13 ਜੁਲਾਈ ਤੋਂ ਚੋਣਵੇਂ ਡਰਾਈਵ-ਥਰੂ ਰੈਸਟੋਰੈਂਟਾਂ ‘ਤੇ ਮੁਫ਼ਤ ਮਾਸਕ ਪ੍ਰੋਗਰਾਮ ਦੇ ਦੂਜੇ ਹਿੱਸੇ ਦੀ ਸ਼ੁਰੂਆਤ ਕੀਤੀ ਜਾਵੇਗੀ। ਜੂਨ ਦੇ ਪਹਿਲੇ ਹਫ਼ਤੇ ਦੀ ਸ਼ੁਰੂਆਤ ‘ਚ ਮੈਕਡੋਨਲਡ ਕੈਨੇਡਾ, ਏ ਐਂਡ. ਡਬਲਯੂ ਅਤੇ ਟਿਮ ਹੋਲਟਨਜ਼ ਰੈਸਟੋਰੈਂਟਾਂ ਰਾਹੀਂ ਮੁਫ਼ਤ ਮਾਸਕ ਵੰਡਣ ਦੇ ਪ੍ਰੋਗਰਾਮ ਦੇ ਪਹਿਲੇ ਹਿੱਸੇ ‘ਚ ਤਕਰੀਬਨ 20 ਮਿਲੀਅਨ ਨਾਨ-ਮੈਡੀਕਲ ਮਾਸਕ ਅਲਬਰਟਾ ਵਾਸੀਆਂ ਨੂੰ ਵੰਡੇ ਗਏ ਸਨ। 13 ਜੁਲਾਈ ਤੋਂ ਪ੍ਰਤੀ ਵਿਅਕਤੀ 4 ਮਾਸਕ ਦਾ ਪੈਕੇਟ ਲੋਕਾਂ ‘ਚ ਕੋਵਿਡ-19 ਦੇ ਫੈਲਣ ਨੂੰ ਰੋਕਣ ਲਈ ਵੰਡਣਾ ਸ਼ੁਰੂ ਕੀਤਾ ਜਾਵੇਗਾ ਅਤੇ ਹਰ ਵਿਅਕਤੀ ਨੂੰ ਮਾਕਸ ਪਹਿਣ ਲਈ ਉਤਸ਼ਾਹਤ ਕੀਤਾ ਜਾਵੇਗਾ। ਸਿਹਤ ਮੰਤਰੀ ਟਾਈਲਰ ਸ਼ੈਂਟਰੋ ਨੇ ਇੱਕ ਪ੍ਰੈੱਸ ਕਾਨਫਰੰਸ ਦੌਰਾਨ ਕਿਹਾ ਕਿ ਅਲਬਰਟਾ ‘ਚ ਮੁਫ਼ਤ ਮਾਸਕ ਵੰਡਣ ਦਾ ਪਹਿਲਾ ਪੜ੍ਹਾਅ ਸਰਕਾਰ ਲਈ ਇੱਕ ਵੱਡੀ ਸਫ਼ਲਤਾ ਰਿਹਾ ਹੈ ਅਤੇ ਸਰਕਾਰ ਦੇ ਇਸ ਕਦਮ ਤੋਂ ਲੋਕ ਵੀ ਖੁਸ਼ ਸਨ ਅਤੇ ਉਨ੍ਹਾਂ ਧੰਨਵਾਦ ਵੀ ਕੀਤਾ। ਅਲਬਰਟਾ ਹੈਲਥ ਨੇ ਕਿਹਾ ਹੈ ਕਿ ਇਸ ਗੱਲ ‘ਤੇ ਵੀ ਪੂਰੀ ਨਜ਼ਰ ਹੋਵੇਗੀ ਕਿ ਹਰ ਵਿਅਕਤੀ ਨੂੰ ਸਿਰਫ਼ ਚਾਰ ਮਾਸਕ ਦਾ ਇੱਕ ਪੈਕੇਟ ਹੀ ਦਿੱਤਾ ਜਾਵੇ। ਕਿਉਂਕਿ ਪਹਿਲੇ ਪੜਾਅ ਦੌਰਾਨ ਇਹ ਖਬਰਾਂ ਆਈਆਂ ਸਨ ਕਿ ਕਈ ਵਿਅਕਤੀਆਂ ਨੂੰ ਰੈਸਟੋਰੈਂਟ ਕਰਮਚਾਰੀਆਂ ਵਲੋਂ ਮਾਸਕ ਦੇ ਪੂਰੇ ਬੈਗ ਦਿੱਤੇ ਜਾ ਰਹੇ ਸਨ ਪਰ ਪੁੱਛ-ਗਿੱਛ ‘ਚ ਅਜਿਹੀ ਕੋਈ ਗੱਲ ਸਾਹਮਣੇ ਨਹੀਂ ਆਈ ਸੀ।