ਓਟਵਾ, : ਹੈਲਥ ਕੈਨੇਡਾ ਵੱਲੋਂ ਕੋਵਿਡ-19 ਸਬੰਧੀ ਪਹਿਲੀ ਵੈਕਸੀਨ ਦੀ ਵਰਤੋਂ ਲਈ ਹਰੀ ਝੰਡੀ ਦੇ ਦਿੱਤੀ ਗਈ ਹੈ| ਅਜਿਹਾ ਕਰਨ ਵਾਲਾ ਕੈਨੇਡਾ ਦੁਨੀਆ ਦਾ ਤੀਜਾ ਦੇਸ਼ ਬਣ ਗਿਆ ਹੈ|
ਅਮਰੀਕੀ ਡਰੱਗ ਨਿਰਮਾਤਾ ਕੰਪਨੀ ਫਾਈਜ਼ਰ ਦੀ ਵੈਕਸੀਨ ਪਹਿਲੀ ਅਜਿਹੀ ਵੈਕਸੀਨ ਬਣ ਗਈ ਹੈ ਜਿਸ ਨੂੰ ਰਸਮੀ ਤੌਰ ਉੱਤੇ ਵੰਡਣ ਦੀ ਇਜਾਜ਼ਤ ਦਿੱਤੀ ਗਈ ਹੈ| ਹੈਲਥ ਕੈਨੇਡਾ ਵੱਲੋਂ ਜਾਰੀ ਕੀਤੇ ਗਏ ਬਿਆਨ ਵਿੱਚ ਆਖਿਆ ਗਿਆ ਕਿ ਸਾਇੰਸ ਤੇ ਤਕਨਾਲੋਜੀ ਦੀ ਮਿਹਰਬਾਨੀ ਅਤੇ ਗਲੋਬਲ ਸਹਿਯੋਗ ਸਦਕਾ ਪਹਿਲੀ ਕੋਵਿਡ-19 ਵੈਕਸੀਨ ਨੂੰ ਮਨਜ਼ੂਰੀ ਦੇ ਕੇ ਕੈਨੇਡਾ ਕੋਵਿਡ-19 ਖਿਲਾਫ ਆਪਣੇ ਸੰਘਰਸ਼ ਦੇ ਅਹਿਮ ਮੁਕਾਮ ਉੱਤੇ ਪਹੁੰਚ ਗਿਆ ਹੈ|
ਹੈਲਥ ਕੈਨੇਡਾ ਨੂੰ ਮੁਲਾਂਕਣ ਲਈ ਫਾਈਜ਼ਰ ਵੱਲੋਂ 9 ਅਕਤੂਬਰ ਨੂੰ ਅਰਜ਼ੀ ਮਿਲੀ ਸੀ| ਇਸ ਤੋਂ ਬਾਅਦ ਇਸ ਦੇ ਆਜ਼ਾਦਾਨਾ ਮੁਲਾਂਕਣ ਮਗਰੋਂ ਹੈਲਥ ਕੈਨੇਡਾ ਨੇ ਪਾਇਆ ਕਿ ਫਾਈਜ਼ਰ-ਬਾਇਓਐਨਟੈਕ ਵੈਕਸੀਨ ਡਿਪਾਰਟਮੈਂਟ ਦੇ ਸੇਫਟੀ, ਪ੍ਰਭਾਵਸ਼ੀਲਤਾ ਤੇ ਕੁਆਲਟੀ ਦੀਆਂ ਲੋੜਾਂ ਨੂੰ ਪੂਰਾ ਕਰਦੀ ਹੈ ਤੇ ਕੈਨੇਡਾ ਵਿੱਚ ਵਰਤੋਂ ਲਈ ਸਹੀ ਹੈ| ਇਹ ਖਬਰ ਇਸ ਹਫਤੇ ਆਉਣ ਦੀ ਸੰਭਾਵਨਾ ਸੀ ਕਿਉਂਕਿ ਫੈਡਰਲ ਸਰਕਾਰ ਨੇ ਐਲਾਨ ਕੀਤਾ ਸੀ ਕਿ ਕੈਨੇਡਾ ਇਸ ਸਾਲ ਦੇ ਅੰਤ ਤੱਕ ਇਸ ਵੈਕਸੀਨ ਦੀ ਪਹਿਲੀ ਡੋਜ਼ ਹਾਸਲ ਕਰ ਲਵੇਗਾ|
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦਾ ਕਹਿਣਾ ਹੈ ਕਿ ਇਸ ਵੈਕਸੀਨ ਦੀ ਪਹਿਲੀ ਖੇਪ ਅਗਲੇ ਹਫਤੇ ਹਾਸਲ ਹੋ ਜਾਵੇਗੀ ਤੇ ਦਸੰਬਰ ਦੇ ਅੰਤ ਤੱਕ ਕੈਨੇਡਾ ਨੂੰ ਫਾਈਜ਼ਰ ਵੈਕਸੀਨ ਦੀ 249,000 ਡੋਜ਼ਾਂ ਮਿਲ ਜਾਣਗੀਆਂ| ਫੈਡਰਲ ਸਿਹਤ ਅਧਿਕਾਰੀਆਂ ਅਨੁਸਾਰ ਇੱਕ ਅੰਦਾਜ਼ੇ ਮੁਤਾਬਕ 40 ਤੋਂ 50 ਫੀ ਸਦੀ ਕੈਨੇਡੀਅਨਾਂ ਨੂੰ ਜੂਨ ਤੱਕ ਇਸ ਵੈਕਸੀਨ ਦੇ ਟੀਕੇ ਲਾ ਦਿੱਤੇ ਜਾਣਗੇ| ਡਿਪਟੀ ਚੀਫ ਪਬਲਿਕ ਹੈਲਥ ਅਧਿਕਾਰੀ ਡਾæ ਹੌਵਰਡ ਨਜ਼ੂ ਨੇ ਆਖਿਆ ਕਿ ਆਖਿਰਕਾਰ ਸਾਨੂੰ ਵੀ ਸਕਾਰਾਤਮਕ ਰੌਂਂਅ ਰੱਖਣ ਦਾ ਕਾਰਨ ਮਿਲਿਆ| ਅਸੀਂ ਵੀ ਇਸ ਗੱਲ ਨੂੰ ਲੈ ਕੇ ਉਤਸ਼ਾਹ ਵਿੱਚ ਹਾਂ ਕਿ ਹੁਣ ਹਾਲਾਤ ਸਾਜ਼ਗਾਰ ਹੋ ਜਾਣਗੇ ਤੇ ਅਸੀਂ ਕੋਵਿਡ-19 ਤੋਂ ਪਹਿਲਾਂ ਵਾਲੇ ਸਮੇਂ ਵਾਂਗ ਆਮ ਜ਼ਿੰਦਗੀ ਜੀਅ ਸਕਾਂਗੇ|