ਹਾਕੀ ਉਲੰਪੀਅਨ ਬਲਬੀਰ ਸਿੰਘ ਸੀਨੀਅਰ ਅੱਜ ਸਵੇਰੇ 6:00 ਵਜੇ ਸਦੀਵੀ ਵਿਛੋੜਾ ਦੇ ਗਏ। ਉਹ ਪਿਛਲੇ ਕਾਫ਼ੀ ਸਮੇਂ ਤੋਂ ਉਮਰ ਦੇ ਤਕਾਜ਼ੇ ਨਾਲ ਪੈਦਾ ਹੋਣ ਵਾਲੀਆਂ ਮੈਡੀਕਲ ਸਮੱਸਿਆਵਾਂ ਨਾਲ ਜੂਝ ਰਹੇ ਸਨ। ਇਸ ਵੇਲੇ ਉਹ 95 ਸਾਲਾਂ ਦੇ ਸਨ। ਉਹ ਆਪਣੇ ਪਿੱਛੇ ਤਿੰਨ ਪੁੱਤਰ ਤੇ ਇੱਕ ਧੀ ਛੱਡ ਗਏ ਹਨ। ਉਨ੍ਹਾਂ ਮੋਹਾਲੀ ਦੇ ਫ਼ੋਰਟਿਸ ਹਸਪਤਾਲ ‘ਚ ਆਖ਼ਰੀ ਸਾਹ ਲਿਆ।
ਆਜ਼ਾਦੀ ਮਿਲਣ ਦੇ ਪੂਰੇ ਇੱਕ ਸਾਲ ਮਗਰੋਂ 12 ਅਗਸਤ, 1948 ਨੂੰ ਭਾਰਤੀ ਹਾਕੀ ਟੀਮ ਨੇ ਉਲੰਪਿਕਸ `ਚ ਇਤਿਹਾਸ ਰਚਦਿਆਂ ਆਜ਼ਾਦ ਭਾਰਤ ਲਈ ਪਹਿਲਾ ਸੋਨ ਤਮਗ਼ਾ ਜਿੱਤਿਆ ਸੀ। ਬੀਬੀਸੀ ਨੇ ਤਦ ਇਸ ਨੂੰ ਉਲੰਪਿਕਸ ਦੇ ਇਤਿਹਾਸ ਦਾ ਸਭ ਤੋਂ ਵੱਧ ਅਹਿਮ ਛਿਣ ਦੱਸਿਆ ਸੀ। ਤਦ ਤੱਕ ਭਾਰਤ ਹਾਲੇ ਦੇਸ਼ ਦੀ ਵੰਡ ਦੌਰਾਨ ਹੋਈ ਭਿਆਨਕ ਮਨੁੱਖੀ ਵੱਢ–ਟੁੱਕ ਦੇ ਸੰਤਾਪ `ਚੋਂ ਨਿੱਕਲਿਆ ਨਹੀਂ ਸੀ। ਉਸ ਕਤਲੇਆਮ `ਚ 10 ਲੱਖ ਦੇ ਲਗਭਗ ਲੋਕ ਮਾਰੇ ਗਏ ਸਨ। ਪਰ ਤਦ ਸਮੂਹ ਭਾਰਤੀਆਂ ਨੂੰ ਬਹੁਤ ਖ਼ੁਸ਼ੀ ਮਿਲੀ ਸੀ ਕਿਉਂਕਿ ਹਾਕੀ ਦੀ ਇਸ ਜਿੱਤ ਤੋਂ ਬਾਅਦ ਉਸ ਦੇਸ਼ ਇੰਗਲੈਂਡ `ਚ ਭਾਰਤ ਦਾ ਝੰਡਾ ਝੁੱਲਿਆ ਸੀ, ਜਿਸ ਨੇ ਭਾਰਤ `ਤੇ ਦੋ ਸਦੀਆਂ ਤੱਕ ਹਕੂਮਤ ਕੀਤੀ ਸੀ।
ਬਲਬੀਰ ਸਿੰਘ ਸੀਨੀਅਰ ਨੇ ਭਿੱਜੀਆਂ ਅੱਖਾਂ ਨਾਲ ਪਿਛਲੇ ਸਾਲ ‘ਹਿੰਦੁਸਤਾਨ ਟਾਈਮਜ਼` ਨਾਲ ਖਾਸ ਗੱਲਬਾਤ ਦੌਰਾਨ ਦੱਸਿਆ ਸੀ,‘ਭਾਵੇਂ ਲੰਡਨ ਦੀ ਜਿੱਤ ਦੇ ਉਹ ਮਹਾਨ ਛਿਣ ਵਾਪਰਿਆਂ ਨੂੰ ਹੁਣ 70 ਵਰ੍ਹੇ ਬੀਤ ਚੁੱਕੇ ਹਨ ਪਰ ਉਹ ਯਾਦਾਂ ਹਾਲੇ ਵੀ ਇੰਝ ਮਨ `ਚ ਚੇਤੇ ਹਨ, ਜਿਵੇਂ ਉਹ ਹਾਲੇ ਕੱਲ੍ਹ ਹੀ ਵਾਪਰੀਆਂ ਹੋਣ। ਬਚਪਨ `ਚ ਮੈਂ ਆਪਣੇ ਆਜ਼ਾਦੀ ਘੁਲਾਟੀਏ ਪਿਤਾ ਦਲੀਪ ਸਿੰਘ ਦੁਸਾਂਝ ਤੋਂ ਪੁੱਛਦਾ ਹੁੰਦਾ ਸੀ ਕਿ ਆਜ਼ਾਦੀ ਦਾ ਕੀ ਮਤਲਬ ਹੁੰਦਾ ਹੈ ਤੇ ਇਸ ਤੋਂ ਸਾਨੂੰ ਕੀ ਮਿਲੇਗਾ। ਉਨ੍ਹਾਂ ਅਕਸਰ ਜਵਾਬ ਦਿੰਦੇ ਸਨ ਇਸ ਨਾਲ ਸਾਨੁੰ ਆਪਣੀ ਪਛਾਣ ਮਿਲੇਗੀ। ਸਾਡਾ ਆਪਣਾ ਝੰਡਾ ਹੋਵੇਗਾ ਤੇ ਸਦਾ ਲਈ ਮਾਣ ਕਾਇਮ ਰਹੇਗਾ। ਉਸ ਦਿਨ ਹਾਕੀ ਦਾ ਮੈਚ ਜਿੱਤਣ ਤੋਂ ਬਾਅਦ ਵੈਂਬਲੇ `ਚ ਹਜ਼ਾਰਾਂ ਬ੍ਰਿਟਿਸ਼ ਵਾਸੀਆਂ ਦੇ ਸਾਹਮਣੇ ਭਾਰਤ ਦਾ ਤਿਰੰਗਾ ਝੁੱਲਿਆ ਸੀ, ਤਦ ਮੈਨੂੰ ਆਜ਼ਾਦੀ ਦਾ ਅਹਿਸਾਸ ਹੋਇਆ ਸੀ। ਉਹ ਮੇਰੇ ਲਈ ਹੀ ਨਹੀਂ, ਸਮੂਹ ਭਾਰਤ ਵਾਸੀਆਂ ਲਈ ਵੀ ਬੇਹੱਦ ਮਾਣਮੱਤੇ ਛਿਣ ਸਨ ਅਤੇ ਤਦ ਭਾਰਤ ਦਾ ਰਾਸ਼ਟਰੀ ਗੀਤ ਵੀ ਗਾਇਆ ਸੀ। ਮੈਨੂੰ ਮਹਿਸੂਸ ਹੋ ਰਿਹਾ ਸੀ, ਜਿਵੇਂ ਮੈਂ ਉੱਡ ਰਿਹਾ ਹੋਵਾਂ।`
ਇੱਥੇ ਵਰਨਣਯੋਗ ਹੈ ਕਿ ਬਲਬੀਰ ਸਿੰਘ ਸੀਨੀਅਰ ਦੀ ਅਗਵਾਈ ਹੇਠ ਭਾਰਤ ਨੇ ਤਿੰਨ ਵਾਰ 1948, 1952 ਅਤੇ 1956 `ਚ ਉਲੰਪਿਕਸ ਦੇ ਸੋਨ ਤਮਗ਼ੇ ਜਿੱਤੇ ਸਨ।
ਬੀਰ ਸਿੰਘ ਦੱਸਦੇ ਹਨ ਕਿ 1947 ਤੱਕ ਸਾਡੇ ਕੁਝ ਸਾਥੀ ਸ਼ਹਿਜ਼ਾਦਾ ਸ਼ਾਹਰੁਖ਼ ਤੇ ਸ਼ਹਿਜ਼ਾਦਾ ਖੁੱਰਮ ਸਾਡੇ ਨਾਲ ਹਾਕੀ ਮੈਚ ਖੇਡਦੇ ਹੁੰਦੇ ਸਨ, ਉਹ 1947 ਦੌਰਾਨ ਪਾਕਿਸਤਾਨ `ਚ ਰਹਿ ਗਏ ਸਨ ਤੇ 1948 ਦੇ ਉਸ ਉਲੰਪਿਕਸ ਦੌਰਾਨ ਉਹ ਪਾਕਿਸਤਾਨ ਵੱਲੋਂ ਖੇਡ ਰਹੇ ਸਨ। ਸਭ ਦੇ ਦਿਲਾਂ ਵਿੱਚ ਦੇਸ਼ ਦੀ ਵੰਡ ਦੇ ਜ਼ਖ਼ਮ ਅੱਲੇ ਸਨ। ‘ਉਹ ਖਿਡਾਰੀ ਭਾਵੇਂ ਸਾਡੇ ਨਾਲ ਖੇਡਦੇ ਰਹੇ ਸਨ ਪਰ ਅਸੀਂ ਇੱਕ–ਦੂਜੇ ਨਾਲ ਬੋਲੇ ਨਹੀਂ ਸਾਂ। ਕਿਤੇ ਕੋਈ ਆਪਸੀ ਨਿੱਘ ਵੀ ਮਹਿਸੂਸ ਨਹੀਂ ਸੀ ਹੋ ਰਿਹਾ।` ਬਲਬੀਰ ਸਿੰਘ ਹੁਰਾਂ ਨੇ ਇੰਝ ਦੇਸ਼ ਦੀ ਵੰਡ ਦਾ ਦਰਦ ਵੀ ਬਿਆਨ ਕੀਤਾ।
ਦੇਸ਼ ਦੀ ਵੰਡ ਸਮੇਂ ਬਲਬੀਰ ਸਿੰਘ ਸੀਨੀਅਰ ਤਦ ਪੰਜਾਬ ਪੁਲਿਸ `ਚ ਤਾਇਨਾਤ ਸਨ ਤੇ ਉਦੋਂ ਉਨ੍ਹਾਂ ਦੀ ਡਿਊਟੀ ਲੁਧਿਆਣਾ ਦੇ ਸਦਰ ਥਾਣਾ `ਚ ਲੱਗੀ ਹੋਈ ਸੀ। ਦੇਸ਼ ਦੀ ਵੰਡ ਸਮੇਂ ਜਦੋਂ ਅੱਗਾਂ ਲੱਗ ਰਹੀਆਂ ਸਨ, ਕਤਲੋਗ਼ਾਰਤ ਹੋ ਰਹੀ ਸੀ, ਅਗ਼ਵਾ ਦੀਆਂ ਘਟਨਾਵਾਂ ਵਾਪਰ ਰਹੀਆਂ ਸਨ ਤੇ ਲੁੱਟਾਂ–ਖੋਹਾਂ ਹੋ ਰਹੀਆਂ ਸਨ, ਤਦ ਬਲਬੀਰ ਸਿੰਘ ਲੋਕਾਂ ਨੂੰ ਬਚਾਉਣ ਲਈ ਇੱਧਰ–ਉੱਧਰ ਘੁੰਮਦੇ ਰਹਿੰਦੇ ਸਨ। ਉਸ ਕਤਲੇਆਮ ਕਾਰਨ ਉਹ ਕਈ ਮਹੀਨੇ ਹਾਕੀ ਨਹੀਂ ਖੇਡ ਸਕੇ ਸਨ।