ਕੋਰੋਨਾ ਵਾਇਰਸ ਦਾ ਕਹਿਰ ਪੂਰੀ ਦੁਨੀਆ ਵਿਚ ਜਾਰੀ ਹੈ ਤੇ ਹਰ ਦੇਸ਼ ‘ਤੇ ਇਸ ਮਹਾਮਾਰੀ ਦਾ ਖਤਰਾ ਮੰਡਰਾ ਰਿਹਾ ਹੈ। ਇਸ ਵਾਇਰਸ ਨੂੰ ਲੈ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਰਾਤ ਨੂੰ 9 ਵਜੇ 9 ਮਿੰਟ ਤੱਕ ਜਨਤਾ ਨੂੰ ਦੀਵੇ ਜਗਾਉਣ ਦੀ ਅਪੀਲ ਕੀਤੀ ਸੀ, ਜਿਸ ‘ਤੇ ਪੂਰੇ ਦੇਸ਼ ਦੇ ਨਾਲ-ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦੀ ਇਸ ਅਪੀਲ ‘ਤੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਵੀ ਦੀਵੇ ਜਗਾ ਕੇ ਇੱਕਜੁਟਤਾ ਦਾ ਸਬੂਤ ਦਿੱਤਾ।
ਉਨ੍ਹਾਂ ਨੇ ਇਕ ਵੀਡੀਓ ਆਪਣੇ ਫੇਸਬੁੱਕ ਪੇਜ ‘ਤੇ ਸਾਂਝੀ ਕੀਤੀ, ਜਿਸ ਵਿਚ ਉਹ ਦੀਵੇ ਜਗਾਉਂਦੇ ਨਜ਼ਰ ਆ ਰਹੇ ਹਨ। ਉਨ੍ਹਾਂ ਨੇ ਆਪਣੇ ਪੇਜ ‘ਤੇ ਲਿਖਿਆ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਅਤੇ ਸਾਰੇ ਦੇਸ਼ਵਾਸੀਆਂ ਨਾਲ 9 ਮਿੰਟ ਦੀਵੇ ਜਗਾ ਕੇ, ਅੱਠਵੇਂ ਗੁਰੂ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਚਰਨਾਂ ‘ਚ ਅਰਦਾਸ ਕੀਤੀ ਕਿ ਜਿਵੇਂ ਇਨ੍ਹਾਂ ਦੀਵਿਆਂ ਨੇ ਸਾਨੂੰ ਹਨ੍ਹੇਰੇ ‘ਚੋਂ ਪ੍ਰਕਾਸ਼ ਦਾ ਸੁਨੇਹਾ ਦਿੱਤਾ ਹੈ, ਉਸੇ ਤਰ੍ਹਾਂ ਗੁਰੂ ਸਾਹਿਬ ਸਮੁੱਚੀ ਮਨੁੱਖਤਾ ‘ਤੇ ਛਾਏ ਕੋਰੋਨਾ ਵਾਇਰਸ ਮਹਾਂਮਾਰੀ ਰੂਪੀ ਹਨ੍ਹੇਰੇ ਨੂੰ ਦੂਰ ਕਰਨ ਅਤੇ ਨਿਰੋਗਤਾ ਦੇ ਪ੍ਰਕਾਸ਼ ਰਾਹੀਂ ਸਭ ਨੂੰ ਪਿਆਰ ਤੇ ਖੁਸ਼ਹਾਲੀ ਦੀ ਦਾਤ ਬਖਸ਼ਣ।
ਜ਼ਿਕਰਯੋਗ ਹੈ ਕਿ ਕੋਰੋਨਾ ਵਾਇਰਸ ਨੂੰ ਲੈ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਪੀਲ ‘ਤੇ ਪੂਰੇ ਦੇਸ਼ ਭਰ ਦੀ ਜਨਤਾ ਨੇ ਆਪਣੇ- ਆਪਣੇ ਘਰਾਂ ਦੀ ਬੱਤੀਆਂ ਬੰਦ ਕਰ ਦਿੱਤੀਆਂ ਅਤੇ ਮੋਮਬਤੀਆਂ ਤੇ ਦੀਵੇ ਜਗਾ ਕੇ ਅਤੇ ਕਈਆਂ ਨੇ ਆਪਣੇ ਮੋਬਾਈਲਾਂ ਦੀਆਂ ਫਲੈਸ਼ ਲਾਈਟਾਂ ਜਗਾ ਕੇ ਕੋਰੋਨਾ ਨਾਲ ਲੜਨ ਲਈ ਇੱਕਜੁੱਟਤਾ ਦਾ ਸਬੂਤ ਦਿੱਤਾ, ਜੋਕਿ ਇਕ ਇਕ ਬਹੁਤ ਹੀ ਖੂਬਸੂਰਤ ਨਜ਼ਾਰਾ ਪੇਸ਼ ਕਰ ਰਿਹਾ ਸੀ। ਪਰ ਇਸ ਮੌਕੇ ‘ਤੇ ਕਈ ਸ਼ਰਾਰਤੀ ਅਨਸਰਾਂ ਨੇ ਪਟਾਕੇ ਚਲਾ ਕੇ ਚੀਕਾਂ ਮਾਰ ਕੇ ਕਈਆਂ ਦੇ ਦਿਲਾਂ ਨੂੰ ਠੇਸ ਪਹੁੰਚਾਈ ਹੈ।