ਸ੍ਰੀਲੰਕਾ ’ਚ ਡੂੰਘੇ ਹੁੰਦੇ ਆਰਥਿਕ ਸੰਕਟ ਦੌਰਾਨ ਇਕ ਅਮਰੀਕੀ ਥਿੰਕ ਟੈਂਕ ਨੇ ਕਿਹਾ ਹੈ ਕਿ ਟਾਪੂ ਰਾਸ਼ਟਰ ਆਪਣੀ ਅਰਥ ਵਿਵਸਥਾ ਨੂੰ ਬਚਾਉਣ ਲਈ ਫਿਰ ਤੋਂ ਵਿਚਾਰ ਕਰਨ ਦੀ ਜ਼ਰੂਰਤ ਹੈ, ਜੋ ਚੀਨੀ ਕਰਜ਼ ਦੇ ਜਾਲ ’ਚ ਉਲਝਦੀ ਜਾ ਹੀ ਹੈ। ਵਾਸ਼ਿੰਗਟਨ ਸਥਿਤ ਗਲੋਬਲ ਸਟ੍ਰੈਟ ਵਿਊ ਨੇ ਆਪਣੇ ਵਿਸ਼ਲੇਸ਼ਣ ’ਚ ਕਿਹਾ ਕਿ ਸ੍ਰੀਲੰਕਾ ਦਾ ਵਿੱਤੀ ਸੰਕਟ, ਮਨੁੱਖੀ ਸੰਕਟ ਵੱਲ ਵਧ ਰਿਹਾ ਹੈ ਤੇ ਆਖ਼ਰਕਾਰ ਦੇਸ਼ ਨੂੰ ਦੀਵਾਲੀਏਪਨ ਵੱਲ ਧੱਕ ਦੇਵੇਗਾ। ਕਈ ਵਿਸ਼ਲੇਸ਼ਕਾਂ ਦਾ ਮੰਨਣਾ ਹੈ ਕਿ ਦੇਸ਼ ਦੇ ਵਿੱਤੀ ਸੰਕਟ ਲਈ ਮੁੱਢਲੇ ਤੌਰ ’ਤੇ ਚੀਨ ਦੀ ਕਰਜ਼ ਦੇ ਜਾਲ ’ਚ ਫਸਾਉਣ ਵਾਲੀ ਨੀਤੀ ਜ਼ਿੰਮੇਵਾਰ ਹੈ।
ਰਿਪੋਰਟ ਮੁਤਾਬਕ, ਸ੍ਰੀਲੰਕਾ ਦਾ ਵਿਦੇਸ਼ੀ ਕਰਜ਼ ਸਾਲ 2014 (ਜੀਡੀਪੀ ਦਾ 30 ਫ਼ੀਸਦ) ਤੋਂ ਬਾਅਦ ਹੌਲੀ-ਹੌਲੀ ਵਧਣਾ ਸ਼ੁਰੂ ਹੋਇਆ ਤੇ ਸਾਲ 2019 ’ਚ ਕੁਲ ਘਰੇਲੂ ਉਤਪਾਦ ਦਾ 41.3 ਫ਼ੀਸਦੀ ਹੋ ਗਿਆ। ਟਾਪੂ ਰਾਸ਼ਟਰ ਦੇ ਵਿਦੇਸ਼ੀ ਕਰੰਸੀ ਭੰਡਾਰ ’ਚ ਵੀ ਤੇਜ਼ੀ ਨਾਲ ਗਿਰਾਵਟ ਆ ਰਹੀ ਹੈ ਤੇ ਹੁਣ ਸਿਰਫ਼ 1.6 ਅਰਬ ਡਾਲਰ ਰਹਿ ਗਈ ਹੈ। ਇਸ ਨਾਲ ਸਿਰਫ਼ ਕੁਝ ਹਫ਼ਤਿਆਂ ਤੱਕ ਬੇਹੱਦ ਜ਼ਰੂਰੀ ਸਮੱਗਰੀ ਦੀ ਦਰਾਮਦ ਕੀਤੀ ਜਾ ਸਕਦੀ ਹੈ। ਟਾਪੂ ਰਾਸ਼ਟਰ ’ਤੇ ਵਿਦੇਸ਼ੀ ਕਰਜ਼ ਦਾ ਬੋਝ ਸੱਤ ਅਰਬ ਡਾਲਰ ਨੂੰ ਪਾਰ ਕਰ ਗਿਆ ਹੈ, ਇਸ ’ਚ ਜਨਵਰੀ ’ਚ 50 ਕਰੋੜ ਡਾਲਰ ਤੇ ਜੁਲਾਈ ’ਚ ਇਕ ਅਰਬ ਡਾਲਰ ਦੇ ਬਾਂਡ ਦਾ ਭੁਗਤਾਨ ਸ਼ਾਮਿਲ ਹੈ।
ਬੀਆਰਆਈ ਨੇ ਵੀ ਕੀਤਾ ਸ੍ਰੀਲੰਕਾ ਨੂੰ ਖ਼ਸਤਾਹਾਲ
ਗਲੋਬਲ ਸਟ੍ਰੈਟ ਵਿਊ ਨੇ ਆਪਣੀ ਰਿਪੋਰਟ ’ਚ ਕਿਹਾ ਕਿ ਸ੍ਰੀਲੰਕਾਈ ਅਰਥਵਿਵਸਥਾ ਦੀ ਖਸਤਾਹਾਲੀ ਲਈ ਚੀਨ ਦੇ ਖਾਹਸ਼ੀ ਪ੍ਰਾਜੈਕਟ ਬੈਲਟ ਐਂਡ ਰੋਡ ਇਨੀਸ਼ਿਏਟਿਵ (ਬੀਆਰਆਈ) ਵੀ ਜ਼ਿੰਮੇਵਾਰ ਹੈ। ਚੀਨ ਸਪਾਂਸਰਡ ਪ੍ਰਾਜੈਕਟਾਂ ਕਾਰਨ ਸ੍ਰੀਲੰਕਾ ਕਰਜ਼ ਦੇ ਜਾਲ੍ਹ ’ਚ ਫੱਸਦਾ ਚਲਾ ਗਿਆ। ਚੀਨ ਨੂੰ ਦੁਨੀਆ ਦੇ ਦੂਜੇ ਹਿੱਸਿਆਂ ਨਾਲ ਜੋੜਨ ਵਾਲੀ ਬੀਆਰਆਈ ਪ੍ਰਾਜੈਕਟ ਤਹਿਤ ਡ੍ਰੈਗਨ ਵੱਖ-ਵੱਖ ਦੇਸ਼ਾਂ ਨੂੰ ਬੁਨਿਆਦੀ ਢਾਂਚੇ ਦੇ ਨਿਰਮਾਣ ਲਈ ਕਰਜ਼ ਮੁਹਈਆ ਕਰਵਾ ਰਿਹਾ ਹੈ। ਹੰਬਨਟੋਟਾ ਪੋਰਟ ਪ੍ਰਾਜੈਕਟ ਦਾ ਹਵਾਲਾ ਦਿੰਦੇ ਹੋਏ ਰਿਪੋਰਟ ’ਚ ਕਿਹਾ ਗਿਆ ਹੈ ਕਿ ਚੀਨ, ਸ੍ਰੀਲੰਕਾ ਦਾ ਚੌਥਾ ਸਭ ਤੋਂ ਵੱਡਾ ਕਰਜ਼ਦਾਤਾ ਬਣ ਗਿਆ ਹੈ।