ਗੁਰਦਾਸਪੁਰ : ਸਾਬਕਾ ਮੰਤਰੀ ਸੁੱਚਾ ਸਿੰਘ ਲੰਗਾਹ ਦੇ ਪੁੱਤਰ ਪ੍ਰਕਾਸ਼ ਸਿੰਘ ਨੂੰ ਨਸ਼ਾ ਵੇਚਣ ਦੇ ਮਾਮਲੇ ਵਿਚ ਧਾਰੀਵਾਲ ਪੁਲਿਸ ਵੱਲੋਂ ਗ੍ਰਿਫ਼ਤਾਰ ਕੀਤਾ ਗਿਆ ਹੈ। ਇਸ ਸਬੰਧੀ ਪ੍ਰੈੱਸ ਨੋਟ ਜਾਰੀ ਕਰਦਿਆਂ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਏ. ਐੱਸ. ਆਈ. ਰਵਿੰਦਰ ਕੁਮਾਰ ਸੀ. ਆਈ. ਏ. ਸਟਾਫ਼ ਗੁਰਦਾਸਪੁਰ ਸਮੇਤ ਅੱਡਾ ਧਾਰੀਵਾਲ ਵਿਖੇ ਗਸ਼ਤ ਕਰ ਰਹੇ ਸਨ।
ਇਸ ਦੌਰਾਨ ਇਤਲਾਹ ‘ਤੇ ਮਿੱਲ ਵਾਟਰ ‘ਤੇ ਛਾਪੇਮਾਰੀ ਕੀਤੀ ਗਈ। ਇੱਥੇ ਕੁੱਝ ਨੌਜਵਾਨ ਅੰਦਰ ਬੈਠ ਕੇ ਹੈਰੋਇਨ ਪੀ ਰਹੇ ਸਨ, ਜਿਨ੍ਹਾਂ ਵਿੱਚ ਸਾਬਕਾ ਮੰਤਰੀ ਸੁੱਚਾ ਸਿੰਘ ਲੰਗਾਹ ਦਾ ਪੁੱਤਰ ਪ੍ਰਕਾਸ਼ ਸਿੰਘ ਅਤੇ ਉਸ ਦੇ ਸਾਥੀ ਅਦਿੱਤਿਆ ਮਹਾਜਨ, ਕੁਨਾਲ, ਰਾਜੇਸ਼ ਕੁਮਾਰ ਅਤੇ ਸੁਧੀਰ ਸ਼ਾਮਲ ਸਨ। ਇਨ੍ਹਾਂ ਦੇ ਕੋਲੋ ਮੌਕੇ ‘ਤੇ ਹੈਰੋਇਨ ਵੀ ਬਰਾਮਦ ਕੀਤੀ ਗਈ ਹੈ।
ਇਨ੍ਹਾਂ ਦੇ ਖ਼ਿਲਾਫ਼ ਵੱਖ-ਵੱਖ ਧਰਾਵਾਂ ਤਹਿਤ ਮਾਮਲਾ ਦਰਜ ਕਰ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਉਧਰ ਇਸ ਮਾਮਲੇ ‘ਚ ਸਾਬਕਾ ਮੰਤਰੀ ਸੁੱਚਾ ਸਿੰਘ ਲੰਗਾਹ ਨੇ ਕਿਹਾ ਕਿ ਉਨ੍ਹਾਂ ਦੇ ਪੁੱਤਰ ਖ਼ਿਲਾਫ਼ ਗੁਰਦਾਸਪੁਰ ਪੁਲਿਸ ਵੱਲੋਂ ਜੋ ਮਾਮਲਾ ਦਰਜ ਹੋਇਆ ਹੈ, ਉਹ ਝੂਠਾ ਕੇਸ ਹੈ। ਆਪਣੇ ਪੁੱਤਰ ਖ਼ਿਲਾਫ਼ ਦਰਜ ਹੋਏ ਮਾਮਲੇ ਨੂੰ ਲੰਗਾਹ ਨੇ ਸਿਆਸਤ ਤੋਂ ਪ੍ਰੇਰਿਤ ਕਰਾਰ ਦਿੱਤਾ ਹੈ।