ਸੰਗਰੂਰ ਲੋਕ ਸਭਾ ਜ਼ਿਮਨੀ ਚੋਣ ‘ਚ ਪੰਥਕ ਜਥੇਬੰਦੀਆਂ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਸਾਂਝੇ ਉਮੀਦਵਾਰ ਬੀਬਾ ਕਮਲਦੀਪ ਕੌਰ ਰਾਜੋਆਣਾ ਦੇ ਹੱਕ ‘ਚ ਅੱਜ ਪਾਰਟੀ ਪ੍ਰਧਾਨ ਸੁਖਬੀਰ ਬਾਦਲ ਵੱਲੋਂ ਸ਼ਹਿਰ ਦੀ ਮਾਹੀਆਂ ਪੱਤੀ ਸਮੇਤ ਪਿੰਡ ਨਦਾਮਪੁਰ ਤੇ ਬਟੜਿਆਣਾ ਵਿੱਚ ਚੋਣ ਪ੍ਰਚਾਰ ਕੀਤਾ ਗਿਆ। ਇਸ ਮੌਕੇ ਉਨ੍ਹਾਂ ਅਪੀਲ ਕੀਤੀ ਕਿ ਬੰਦੀ ਸਿੰਘਾਂ ਦੀ ਰਿਹਾਈ ਲਈ ਕੇਂਦਰ ਸਰਕਾਰ ਦੇ ਕੰਨਾਂ ਤਕ ਆਵਾਜ ਪਹੁੰਚਾਉਣ ਲਈ ਸੰਗਰੂਰ ਦੇ ਲੋਕ ਭੈਣ ਕਮਲਦੀਪ ਕੌਰ ਰਾਜੋਆਣਾ ਨੂੰ ਜਿਤਾ ਕੇ ਪਾਰਲੀਮੈਂਟ ‘ਚ ਭੇਜਣ।
ਇਸ ਮੌਕੇ ਸੁਖਬੀਰ ਨੇ ਕਿਹਾ ਕਿ ਸੁਪਰੀਮ ਕੋਰਟ ਵੱਲੋਂ ਭਾਈ ਬਲਵੰਤ ਸਿੰਘ ਰਾਜੋਆਣਾ ਨੂੰ ਫਾਂਸੀ ਦੇਣ ਦੇ ਹੁਕਮ ਸੁਣਾ ਦਿੱਤੇ ਗਏ ਸਨ ਤੇ ਜੇਕਰ ਉਸ ਸਮੇਂ ਮੁੱਖ ਮੰਤਰੀ ਰਹਿੰਦਿਆਂ ਉਨ੍ਹਾਂ ਦੇ ਪਿਤਾ ਪ੍ਰਕਾਸ਼ ਸਿੰਘ ਬਾਦਲ ਨੇ ਸਖਤ ਸਟੈਂਡ ਨਾ ਲਿਆ ਹੁੰਦਾ ਤਾਂ ਅੱਜ ਭਾਈ ਰਾਜੋਆਣਾ ਸਾਡੇ ਵਿਚਕਾਰ ਜਿਊਂਦੇ ਨਾ ਹੁੰਦੇ।ਸੁਖਬੀਰ ਨੇ ਅਰਵਿੰਦ ਕੇਜਰੀਵਾਲ ਤੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਕਰੜੇ ਹੱਥੀਂ ਲੈਂਦਿਆਂ ਕਿਹਾ ਕਿ ਪੰਜਾਬ ਨੂੰ ਦਿੱਲੀ ਤੋਂ ਚਲਾਇਆ ਜਾ ਰਿਹਾ ਹੈ ਜਿਸ ਕਰਕੇ ਸੂਬੇ ‘ਚ ਅਮਨ ਕਾਨੂੰਨ ਵਿਵਸਥਾ ਦਮ ਤੋੜ ਚੁੱਕੀ ਹੈ। ਦਿਨ ਚੜਦੇ ਹੀ ਗੈਂਗਵਾਰ, ਲੁੱਟਾਂ ਖੋਹਾਂ ਤੇ ਕਤਲ ਹੋਣਾ ਆਮ ਗੱਲ ਬਣ ਗਿਆ ਹੈ ਜਿਸ ਕਰਕੇ ਭਗਵੰਤ ਮਾਨ ਨੂੰ ਨੈਤਿਕਤਾ ਦੇ ਅਧਾਰ ‘ਤੇ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇ ਦੇਣਾ ਚਾਹੀਦਾ ਹੈ। ਇਸ ਮੌਕੇ ਵਿਰਸਾ ਸਿੰਘ ਵਲਟੋਹਾ ਸਾਬਕਾ ਮੰਤਰੀ, ਹਲਕਾ ਇੰਚਾਰਜ ਵਿਨਰਜੀਤ ਸਿੰਘ ਗੋਲਡੀ, ਰਾਜੂ ਖੰਨਾ, ਇਕਬਾਲਜੀਤ ਸਿੰਘ ਪੂਨੀਆ, ਰੁਪਿੰਦਰ ਸਿੰਘ ਰੰਧਾਵਾ, ਰਵਿੰਦਰ ਸਿੰਘ ਠੇਕੇਦਾਰ, ਇੰਦਰਜੀਤ ਸਿੰਘ ਤੂਰ ਆਦਿ ਸਮੇਤ ਵੱਡੀ ਗਿਣਤੀ ‘ਚ ਪਾਰਟੀ ਵਰਕਰ ਹਾਜ਼ਰ ਸਨ।