ਪੰਜਾਬੀ ਗਾਇਕ ਤੇ ਕਾਂਗਰਸੀ ਆਗੂ ਸਿੱਧੂ ਮੂਸੇਵਾਲਾ ਦੀ ਹੱਤਿਆ ’ਚ ਸ਼ਾਮਲ ਦੋ ਸ਼ੂਟਰਾਂ ਸਮੇਤ ਤਿੰਨ ਨੂੰ ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੇ ਗੁਜਰਾਤ ਦੇ ਮੁੰਦਰਾ ਇਲਾਕੇ ਤੋਂ ਗ੍ਰਿਫ਼ਤਾਰ ਕੀਤਾ ਹੈ। ਇਨ੍ਹਾਂ ਦੀ ਪਛਾਣ ਹਰਿਆਣਾ ਦੇ ਸੋਨੀਪਤ ਦੇ ਗਡ਼੍ਹੀ ਸਿਸਾਨਾ ਵਾਸੀ ਪ੍ਰਿਅਵਰਤ ਉਰਫ਼ ਫ਼ੌਜੀ (26), ਉਸ ਦੇ ਸਾਥੀ ਝੱਜਰ ਦੇ ਪਿੰਡ ਬੇਰੀ ਵਾਸੀ ਕਸ਼ਿਸ਼ ਉਰਫ ਕੁਲਦੀਪ (24) ਤੇ ਇਨ੍ਹਾਂ ਨੂੰ ਸ਼ਰਨ ਦੇਣ ਵਾਲੇ ਪੰਜਾਬ ਦੇ ਅਵਾ ਬਸਤੀ ਵਾਸੀ ਕੇਸ਼ਵ ਕੁਮਾਰ (29) ਵਜੋਂ ਹੋਈ ਹੈ। ਪੁਲਿਸ ਨੇ ਤਿੰਨਾਂ ਦੀ ਨਿਸ਼ਾਨਦੇਹੀ ’ਤੇ ਅੱਠ ਹਾਈ ਐਕਸਪਲੋਸਿਵ ਹੈਂਡ ਗ੍ਰਨੇਡ, ਨੌਂ ਡੇਟੋਨੇਟਰ, ਤਿੰਨ ਪਿਸਤੌਲਾਂ, 36 ਕਾਰਤੂਸ, ਇਕ ਅਸਾਲਟ ਰਾਈਫਲ, 20 ਕਾਰਤੂਸ, ਇਕ ਗ੍ਰਨੇਡ ਲਾਂਚਰ ਤੇ ਏਕੇ-47 ਤੋਂ ਗ੍ਰਨੇਡ ਲਾਂਚ ਕਰਨ ਵਾਲਾ ਇਕ ਉਪਕਰ ਬਰਾਮਦ ਕੀਤਾ ਹੈ। ਪੁਲਿਸ ਨੇ ਇਨ੍ਹਾਂ ਦੀ ਗ੍ਰਿਫ਼ਤਾਰੀ ਮਕੋਕਾ ਤਹਿਤ ਕੀਤੀ ਹੈ। ਤਿੰਨਾਂ ਨੂੰ ਦਿੱਲੀ ਦੀ ਅਦਾਲਤ ’ਚ ਪੇਸ਼ ਕੀਤਾ ਗਿਆ, ਜਿੱਥੋਂ ਉਨ੍ਹਾਂ ਨੂੰ ਚਾਰ ਜੁਲਾਈ ਤਕ ਪੁਲਿਸ ਹਿਰਾਸਤ ’ਚ ਭੇਜ ਦਿੱਤਾ ਗਿਆ ਹੈ। ਪ੍ਰਿਅਵਰਤ ’ਤੇ ਪਹਿਲਾਂ ਹੱਤਿਆ ਦੇ ਦੋ ਮਾਮਲੇ ਦਰਜ ਹਨ, ਉੱਥੇ ਕਸ਼ਿਸ਼ ’ਤੇ ਹੱਤਿਆ ਦਾ ਇਕ ਮਾਮਲਾ ਦਰਜ ਹੈ।ਸਪੈਸ਼ਲ ਸੈੱਲ ਦੇ ਵਿਸ਼ੇਸ਼ ਕਮਿਸ਼ਨਰ ਹਰਗੋਵਿੰਦ ਸਿੰਘ ਧਾਲੀਵਾਲ ਨੇ ਦੱਸਿਆ ਕਿ ਸਿੱਧੂ ਮੂੁਸੇਵਾਲਾ ਦੀ ਹੱਤਿਆ ਪਿੱਛੋਂ ਲਗਾਤਾਰ ਦਿੱਲੀ ਪੁਲਿਸ ਵੀ ਜਾਂਚ ਕਰ ਰਹੀ ਸੀ। ਲਾਰੈਂਸ ਬਿਸ਼ਨੋਈ ਨੂੰ ਹਿਰਾਸਤ ’ਚ ਲੈ ਕੇ ਪੁੱਛਗਿੱਛ ਮਗਰੋਂ ਇਹ ਗੱਲ ਸਾਫ਼ ਹੋ ਗਈ ਸੀ ਕਿ ਉਸ ਦੇ ਕਹਿਣ ’ਤੇ ਗੋਲਡੀ ਬਰਾਡ਼ ਨੇ ਸ਼ੂਟਰਾਂ ਨੂੰ ਹਾਇਰ ਕਰ ਕੇ ਇਸ ਹੱਤਿਆ ਕਾਂਡ ਨੂੰ ਅੰਜਾਮ ਦਿੱਤਾ। ਜਾਂਚ ਦੌਰਾਨ ਹੱਤਿਆ ’ਚ ਸ਼ਾਮਲ ਛੇ ਸ਼ੂਟਰਾਂ ਦੀ ਪਛਾਣ ਕੀਤੀ ਗਈ। ਇਸ ਵਿਚ ਪ੍ਰਿਅਵਰਤ ਉਰਫ਼ ਫ਼ੌਜੀ, ਮਨਪ੍ਰੀਤ ਉਰਫ ਮੰਨੂ ਤੇ ਜਗਪ੍ਰੀਤ ਉਰਫ ਰੂਪਾ, ਕਸ਼ਿਸ਼, ਅੰਕਿਤ, ਸਿਰਸਾ ਤੇ ਦੀਪਕ ਦੇ ਨਾਂ ਸ਼ਾਮਲ ਸਨ। ਜਾਂਚ ਦੌਰਾਨ ਪੁਲਿਸ ਟੀਮ ਨੂੰ ਸੂਚਨਾ ਮਿਲੀ ਕਿ ਵਾਰਦਾਤ ’ਚ ਸ਼ਾਮਲ ਕੁਝ ਸ਼ੂਟਰ ਗੁਜਰਾਤ ਦੇ ਮੁੰਦਰਾ ’ਚ ਕਿਰਾਏ ਦਾ ਮਕਾਨ ਲੈ ਕੇ ਲੁਕੇ ਹੋਏ ਹਨ। ਇਸੇ ਜਾਣਕਾਰੀ ਦੇ ਆਧਾਰ ’ਤੇ ਪੁਲਿਸ ਦੀ ਟੀਮ ਨੇ ਐਤਵਾਰ ਨੂੰ ਗੁਜਰਾਤ ਦੇ ਮੁੰਦਰਾ ’ਚ ਛਾਪੇਮਾਰੀ ਕਰ ਕੇ ਪ੍ਰਿਅਵਰਤ, ਇਸ ਦੇ ਨਾਲ ਕਸ਼ਿਸ਼ ਉਰਫ਼ ਕੁਲਦੀਪ ਤੇ ਕੇਸ਼ਵ ਕੁਮਾਰ ਨੂੰ ਗ੍ਰਿਫ਼ਤਾਰ ਕਰ ਲਿਆ। ਬਾਅਦ ’ਚ ਪੁਲਿਸ ਨੇ ਇਨ੍ਹਾਂ ਦੀ ਨਿਸ਼ਾਨਦੇਹੀ ’ਤੇ ਹਿਸਾਰ ਤੋਂ ਕਿਰਮਾਨਾ ਪਿੰਡ ਤੋਂ ਲੁਕਾਏ ਗਏ ਹਥਿਆਰ ਤੇ ਵਿਸਫੋਟਕ ਬਰਾਮਦ ਕੀਤੇ।
ਇਸ ਤਰ੍ਹਾਂ ਦਿੱਤਾ ਵਾਰਦਾਤ ਨੂੰ ਅੰਜਾਮ
ਪੁੱਛਗਿੱਛ ’ਚ ਪਤਾ ਲੱਗਾ ਕਿ ਸ਼ੂਟਰਾਂ ਨੇ ਸਿੱਧੂ ਦੀ ਹੱਤਿਆ ਤੋਂ ਪਹਿਲਾਂ ਨੌਂ ਵਾਰੀ ਰੇਕੀ ਕੀਤੀ ਸੀ। ਇਸ ਹੱਤਿਆ ਨੂੰ ਅੰਜਾਮ ਦੇਣ ਲਈ ਦੋ ਮਾਡਿਊਲ ਲਗਾਏ ਗਏ ਸਨ। ਇਨ੍ਹਾਂ ’ਚ ਇਕ ਹਰਿਆਣਾ ਦਾ ਸੀ, ਜਿਸਨੂੰ ਪ੍ਰਿਅਵਰਤ ਲੀਡ ਕਰ ਰਿਹਾ ਸੀ। ਉੱਥੇ ਦੂਜਾ ਮਾਡਿਊਲ ਪੰਜਾਬ ਦਾ ਸੀ। 29 ਮਈ ਨੂੰ ਚਾਰ ਸ਼ੂੁਟਰ ਬੋਲੇਰੋ ਤੇ ਦੋ ਸ਼ੂਟਰ ਟੋਯੋਟਾ ਕੋਰੋਲਾ ਕਾਰ ’ਚ ਸਵਾਰ ਹੋਏ। ਬੋਲੇਰੋ ’ਚ ਪ੍ਰਿਅਵਰਤ ਉਰਫ਼ ਫ਼ੌਜੀ, ਅੰਕਿਤ ਸਿਰਸਾ, ਦੀਪਕ ਤੇ ਕਸ਼ਿਸ਼ ਸਨ। ਕਸ਼ਿਸ਼ ਬੋਲੇਰੋ ਚਲਾ ਰਿਹਾ ਸੀ ਜਦਕਿ ਕੋਰੋਲਾ ਕਾਰ ’ਚ ਜਗਪ੍ਰੀਤ ਉਰਫ ਰੂਪਾ ਤੇ ਮਨਪ੍ਰੀਤ ਉਰਫ ਮੰਨੂ ਸਵਾਰ ਸਨ। ਇਸ ਕਾਰ ਨੂੰ ਜਗਪ੍ਰੀਤ ਚਲਾ ਰਿਹਾ ਸੀ। 29 ਮਈ ਨੂੰ ਸੰਦੀਪ ਕੇਕਡ਼ਾ ਨਾਂ ਦੇ ਵਿਅਕਤੀ ਨੇ ਸ਼ੂਟਰਾਂ ਨੂੰ ਕਿਹਾ ਕਿ ਸਿੱਧੂੁ ਥਾਰ ਗੱਡੀ ’ਚ ਆਪਣੇ ਦੋਸਤਾਂ ਨਾਲ ਘਰੋਂ ਨਿਕਲਣ ਵਾਲਾ ਹੈ ਤੇ ਉਸ ਨਾਲ ਕੋਈ ਗਾਰਡ ਨਹੀਂ ਹੈ। ਅਜਿਹੇ ’ਚ ਸ਼ੂਟਰਾਂ ਨੇ ਦੋਵੇਂ ਗੱਡੀਆਂ ’ਚ ਥਾਰ ਦਾ ਪਿੱਛਾ ਕਰਨਾ ਸ਼ੁਰੂ ਕੀਤਾ। ਕੁਝ ਦੂਰ ਜਾਣ ਮਗਰੋਂ ਕੋਰੋਲਾ ਕਾਰ ਨੇ ਥਾਰ ਨੂੰ ਓਵਰਟੇਕ ਕੀਤਾ ਤੇ ਸਭ ਤੋਂ ਪਹਿਲਾ ਮਨਪ੍ਰੀਤ ਨੇ ਏਕੇ-47 ਨਾਲ ਥਾਰ ’ਤੇ ਤਾਬਡ਼ਤੋਡ਼ ਫਾਇਰਿੰਗ ਕਰਨੀ ਸ਼ੂੁਰੂ ਕੀਤੀ। ਜਦੋਂ ਥਾਰ ਰੁਕੀ ਤਾਂ ਕੋਰੋਲਾ ਕਾਰ ’ਚੋਂ ਜਗਪ੍ਰੀਤ ਵੀ ਰਾਈਫਲ ਲੈ ਕੇ ਬਾਹਰ ਨਿਕਲਿਆ। ਉਸ ਨੇ ਵੀ ਫਾਇਰਿੰਗ ਸ਼ੁਰੂ ਕਰ ਦਿੱਤੀ। ਇਸ ਪਿੱਛੋਂ ਬੋਲੇਰੋ ਸਵਾਰ ਪ੍ਰਿਅਵਰਤ ਵੀ ਆਪਣੇ ਸਾਥੀਆਂ ਨਾਲ ਪਹੁੰਚਿਆ। ਉੁਨ੍ਹਾਂ ਨੇ ਵੀ ਤਾਬਡ਼ਤੋਡ਼ ਫਾਇਰਿੰਗ ਕੀਤੀ।
ਮੌਕੇ ’ਤੇ ਗੋਲਡੀ ਬਰਾਡ਼ ਨੂੰ ਹੱਤਿਆ ਦੀ ਸੂਚਨਾ ਦਿੱਤੀ
ਵਾਰਦਾਤ ਦੇ ਬਾਅਦ ਪ੍ਰਿਅਵਰਤ ਨੇ ਘਟਨਾ ਵਾਲੀ ਥਾਂ ਤੋਂ ਹੀ ਇੰਟਰਨੈੱਟ ਕਾਲ ਕਰ ਕੇ ਗੋਲਡੀ ਬਰਾਡ਼ ਨੂੰ ਮੂਸੇਵਾਲਾ ਦੀ ਹੱਤਿਆ ਦੀ ਸੂਚਨਾ ਦਿੱਤੀ। ਇਸਦੇ ਬਾਅਦ ਸਾਰੇ ਉੱਥੋਂ ਫਰਾਰ ਹੋ ਗਏ। ਕੁਝ ਦੂਰ ਜਾਣ ਬਾਅਦ ਇਨ੍ਹਾਂ ਸ਼ੂਟਰਾਂ ਨੂੰ ਸ਼ਰਨ ਦੇਣ ਵਾਲਾ ਕੇਸ਼ਵ ਕੁਮਾਰ ਆਲਟੋ ਕਾਰ ’ਚ ਮਿਲਿਆ ਸੀ। ਉੱਥੇ ਪ੍ਰਿਅਵਰਤ ਆਪਣੇ ਸਾਥੀਆਂ ਨਾਲ ਫਰਾਰ ਹੋਇਆ ਜਦਕਿ ਜਗਪ੍ਰੀਤ ਤੇ ਮਨਪ੍ਰੀਤ ਦੂਜੀ ਥਾਂ ਫਰਾਰ ਹੋਏ। ਪੁਲਿਸ ਅਧਿਕਾਰੀ ਨੇ ਕਿਹਾ ਕਿ ਪ੍ਰਿਅਵਰਤ ਤੇ ਕਸ਼ਿਸ਼ ਫਤਹਿਗਡ਼੍ਹ ਦੇ ਪੈਟਰੋਲ ਪੰਪ ’ਤੇ ਮਿਲੇ ਸੀਸੀਟੀਵੀ ਕੈਮਰਿਆਂ ਦੇ ਫੁਟੇਜ ’ਚ ਕੈਦ ਮਿਲੇ ਹਨ। ਫ਼ਿਲਹਾਲ ਪੁਲਿਸ ਮਾਮਲੇ ’ਚ ਅੱਗੇ ਦੀ ਜਾਂਚ ਕਰ ਰਹੀ ਹੈ।