ਮੂਸੇਵਾਲਾ ਹੱਤਿਆ-ਕਾਂਡ (Sidhu Moose Wala Murder Case) ’ਚ ਜਾਂਚ ਏਜੰਸੀਆਂ ਦੇ ਨਿਸ਼ਾਨੇ ’ਤੇ ਆਏ ਲਾਰੈਂਸ ਬਿਸ਼ਨੋਈ ਦਾ ਗਿਰੋਹ ਗੈਂਗਸਟਰ ਜਤਿੰਦਰ ਉਰਫ਼ ਗੋਗੀ ਦੀ ਹੱਤਿਆ ਦਾ ਬਦਲਾ ਲੈਣ ਲਈ ਸਾਜ਼ਿਸ਼ ਰਚ ਰਿਹਾ ਹੈ। ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੇ ਜਲੰਧਰ ਵਾਸੀ ਸ਼ੂਟਰ ਪਵਨ ਕੁਮਾਰ ਉਰਫ਼ ਮਟਰੂ ਨੂੰ ਕਸ਼ਮੀਰੀ ਗੇਟ ਇਲਾਕੇ ਤੋਂ ਗ੍ਰਿਫ਼ਤਾਰ ਕੀਤਾ ਹੈ। ਪੁੱਛਗਿੱਛ ’ਚ ਪਤਾ ਲੱਗਾ ਹੈ ਕਿ ਪਵਨ ਲਾਰੈਂਸ ਗਿਰੋਹ ਦੇ ਵਿਕਰਮਜੀਤ ਸਿੰਘ ਬਰਾਡ਼ ਉਰਫ਼ ਵਿਕਰਮ ਬਰਾਡ਼ ਦੇ ਨਿਰਦੇਸ਼ ’ਤੇ ਦਿੱਲੀ ਆਇਆ ਸੀ ਤੇ ਉਸ ਨੂੰ ਕੌਸ਼ਲ ਚੌਧਰੀ ਦੇ ਵਿਰੋਧੀ ਸਿੰਡੀਕੇਟ ਲੱਕੀ ਪਟਿਆਲ ਦੇ ਹੱਥੋਂ ਮਾਰੇ ਗਏ ਗੈਂਗਸਟਰ ਜਤਿੰਦਰ ਉਰਫ਼ ਗੋਗੀ ਦੀ ਹੱਤਿਆ ਦਾ ਬਦਲਾ ਲੈਣ ਲਈ ਭੇਜਿਆ ਗਿਆ ਸੀ।
ਡੀਸੀਪੀ ਮਨੀਸ਼ਾ ਚੰਦਰਾ ਮੁਤਾਬਕ, ਏਸੀਪੀ ਰਾਹੁਲ ਵਿਕਰਮ ਦੀ ਨਿਗਰਾਨੀ ’ਚ ਇੰਸਪੈਕਟਰ ਵਿਕਰਮ ਤੇ ਨਿਸ਼ਾਂਤ ਦੀ ਅਗਵਾਈ ਦੀ ਟੀਮ ਨੇ ਪਵਨ ਨੂੰ ਗ੍ਰਿਫ਼ਤਾਰ ਕੀਤਾ ਹੈ। ਪਵਨ ਜਲੰਧਰ ਦੇ ਅਪਰਾਧੀ ਮਨਦੀਪ ਉਰਫ਼ ਮੰਨਾ ਨਾਲ ਮਿਲ ਕੇ ਅਪਰਾਧ ਕਰਦਾ ਸੀ। ਇਸ ’ਤੇ ਹੱਤਿਆ ਦੀ ਸਾਜ਼ਿਸ਼, ਹਥਿਆਰ ਐਕਟ, ਕਾਰ ਲੁੱਟ ਸਮੇਤ 11 ਅਪਰਾਧਕ ਮਾਮਲੇ ਦਰਜ ਹਨ। ਉਹ ਪਿਛਲੇ ਸਾਲ 23 ਅਗਸਤ ਨੂੰ ਜ਼ਮਾਨਤ ’ਤੇ ਪੰਜਾਬ ਦੀ ਇਕ ਜੇਲ੍ਹ ਤੋਂ ਛੁੱਟਿਆ ਸੀ। ਉਸ ਤੋਂ ਬਾਅਦ ਤੋਂ ਉਹ ਕਈ ਮਾਮਲਿਆਂ ’ਚ ਪੁਲਿਸ ਦੀ ਪਕਡ਼ ਤੋਂ ਦੂਰ ਹੋ ਗਿਆ ਸੀ। ਉਹ ਪੰਜਾਬ ਦੇ ਗੈਂਗਸਟਰ ਬੱਬੂ ਮਾਨ ਨਾਲ ਜੁਡ਼ ਗਿਆ। ਬੱਬੂ ਮਾਨ ਫ਼ਿਲਹਾਲ ਮਲੇਸ਼ੀਆ ’ਚ ਲੁਕਿਆ ਹੈ। ਪੁਲਿਸ ਅਧਿਕਾਰੀ ਮੁਤਾਬਕ, ਪਵਨ ਗਿਰੋਹ ਦੇ ਹੋਰ ਮੈਂਬਰਾਂ ਨੂੰ ਮਿਲਣ ਦਿੱਲੀ ਆਇਆ ਸੀ। ਇੱਥੇ ਉਹ ਜਤਿੰਦਰ ਉਰਫ਼ ਗੋਗੀ ਦੀ ਹੱਤਿਆ ਦਾ ਬਦਲਾ ਲੈਣ ਲਈ ਗਿਰੋਹ ਦੇ ਹੋਰ ਮੈਂਬਰਾਂ ਨੂੰ ਮਿਲ ਕੇ ਸਾਜ਼ਿਸ਼ ਰਚਦਾ, ਪਰ ਉਸ ਤੋਂ ਪਹਿਲਾਂ ਉਸ ਨੂੰ ਤਕਨੀਕੀ ਨਿਗਰਾਨੀ ਤੇ ਗੁਪਤ ਸੂਚਨਾ ’ਤੇ ਕੰਮ ਕਰਦੇ ਹੋਏ ਗ੍ਰਿਫ਼ਤਾਰ ਕਰ ਲਿਆ ਗਿਆ। ਫ਼ਿਲਹਾਲ ਸੈੱਲ ਪਵਨ ਤੋਂ ਪੁੱਛਗਿੱਛ ਕਰ ਰਿਹਾ ਹੈ।