ਡਰੱਗਜ਼ ਮਾਮਲੇ (Drugs Issue) ‘ਚ ਜੇਲ੍ਹ ‘ਚ ਬੰਦ ਸੀਨੀਅਰ ਅਕਾਲੀ ਆਗੂ ਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ (Bikram Singh Majithia) ਦੀ ਪਟੀਸ਼ਨ ‘ਤੇ ਸ਼ੁੱਕਰਵਾਰ ਨੂੰ ਮੋਹਾਲੀ ਦੀ ਜ਼ਿਲ੍ਹਾ ਅਦਾਲਤ ‘ਚ ਸੁਣਵਾਈ ਹੋਈ। ਮਜੀਠੀਆ ਨੂੰ ਲੈ ਕੇ ਬਚਾਅ ਪੱਖ ਤੇ ਸਰਕਾਰੀ ਵਕੀਲਾਂ ਵਿਚਾਲੇ ਲੰਬੀ ਬਹਿਸ ਹੋਈ। ਅਦਾਲਤ ਨੇ ਜ਼ਮਾਨਤ ਪਟੀਸ਼ਨ ‘ਤੇ ਆਪਣਾ ਫੈਸਲਾ ਸੁਰੱਖਿਅਤ ਰੱਖ ਲਿਆ ਹੈ। ਮਜੀਠੀਆ ਦੇ ਵਕੀਲ ਡੀਐਸ ਸੋਬਤੀ ਨੇ ਆਪਣੀਆਂ ਦਲੀਲਾਂ ਪੇਸ਼ ਕੀਤੀਆਂ। ਉਨ੍ਹਾਂ ਕਿਹਾ ਕਿ ਨਵਜੋਤ ਸਿੰਘ ਸਿੱਧੂ (Navjot Singh Sidhu) ਦੇ ਦਬਾਅ ਹੇਠ ਮਜੀਠੀਆ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ, ਉਥੇ ਹੀ ਸਰਕਾਰੀ ਵਕੀਲਾਂ ਨੇ ਵੀ ਜ਼ਮਾਨਤ ਨਾ ਮਿਲਣ ਸਬੰਧੀ ਆਪਣੀਆਂ ਦਲੀਲਾਂ ਦਿੱਤੀਆਂ।
ਮਜੀਠੀਆ ਨੂੰ ਵੱਖਰੀ ਬੈਰਕ ਵਿੱਚ ਰੱਖਿਆ, ਜੇਲ੍ਹ ਮੈਨੁਅਲ ਅਨੁਸਾਰ ਖਾਧਾ ਖਾਣਾ
ਨਸ਼ਿਆਂ ਦੇ ਮਾਮਲੇ ‘ਚ ਫਸੇ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਜਨਰਲ ਸਕੱਤਰ ਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੂੰ ਮੋਹਾਲੀ ਦੀ ਜ਼ਿਲ੍ਹਾ ਅਦਾਲਤ ਨੇ 8 ਮਾਰਚ ਤਕ ਜੇਲ੍ਹ ਭੇਜ ਦਿੱਤਾ ਹੈ। ਮਜੀਠੀਆ ਨੂੰ ਪਟਿਆਲਾ ਜੇਲ੍ਹ ‘ਚ ਰੱਖਿਆ ਗਿਆ ਹੈ। ਉਨ੍ਹਾਂ ਨੂੰ ਵੱਖਰੀ ਬੈਰਕ ਮੁਹੱਈਆ ਕਰਵਾਈ ਗਈ ਹੈ। ਮੈਡੀਕਲ ਬੋਰਡ ਦੀ ਟੀਮ ਨੇ ਅੱਜ ਨਿਯਮਾਂ ਅਨੁਸਾਰ ਮਜੀਠੀਆ ਦੀ ਸਿਹਤ ਦੀ ਜਾਂਚ ਕੀਤੀ, ਜਿਸ ਦੌਰਾਨ ਉਹ ਤੰਦਰੁਸਤ ਪਾਏ ਗਏ।
ਮਜੀਠੀਆ ਨੂੰ ਬੀਤੇ ਦਿਨ ਮੋਹਾਲੀ ਅਦਾਲਤ ਦੇ ਹੁਕਮਾਂ ’ਤੇ ਜ਼ਿਲ੍ਹਾ ਜੇਲ੍ਹ ਸੰਗਰੂਰ ਲਿਆਂਦਾ ਗਿਆ ਸੀ। ਇੱਥੇ ਉਹ ਕਰੀਬ 20ਮਿੰਟ ਰੁਕੇ ਅਤੇ ਕਾਗਜ਼ੀ ਕਾਰਵਾਈ ਪੂਰੀ ਕਰਨ ਤੋਂ ਬਾਅਦ ਉਨ੍ਹਾਂ ਨੂੰ ਪਟਿਆਲਾ ਜੇਲ੍ਹ ਭੇਜ ਦਿੱਤਾ ਗਿਆ। ਜੇਲ੍ਹ ਪ੍ਰਸ਼ਾਸਨ ਵੱਲੋਂ ਉਨ੍ਹਾਂ ਨੂੰ ਸੰਗਰੂਰ ਤੋਂ ਪਟਿਆਲਾ ਤਬਦੀਲ ਕਰਨ ਦੇ ਕਾਰਨਾਂ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ। ਮਜੀਠੀਆ ਨੂੰ ਵੀਰਵਾਰ ਰਾਤ ਕਰੀਬ ਸਾਢੇ ਨੌਂ ਵਜੇ ਪਟਿਆਲਾ ਦੀ ਕੇਂਦਰੀ ਜੇਲ੍ਹ ਅੰਦਰ ਲਿਜਾਇਆ ਗਿਆ ਤੇ ਸਪੈਸ਼ਲ ਸੈੱਲ ‘ਚ ਰੱਖਿਆ ਗਿਆ ਹੈ। ਮਜੀਠੀਆ ਨੇ ਜੇਲ੍ਹ ਦਾ ਖਾਣਾ ਖਾਧਾ। ਸ਼ੁੱਕਰਵਾਰ ਨੂੰ ਉਨ੍ਹਾਂ ਨੂੰ ਜੇਲ੍ਹ ਮੈਨੂਅਲ ਅਨੁਸਾਰ ਖਾਣਾ ਦਿੱਤਾ ਗਿਆ। ਮੰਗ ਕਰਨ ‘ਤੇ ਮਜੀਠੀਆ ਜੇਲ੍ਹ ਦੇ ਨਿਯਮਾਂ ਅਨੁਸਾਰ ਵਿਸ਼ੇਸ਼ ਰਸੋਈਏ ਦੀ ਮਦਦ ਲੈ ਸਕਦੇ ਹਨ ਜਿਸ ਲਈ ਰਾਸ਼ਨ ਵੱਖਰੇ ਤੌਰ ‘ਤੇ ਲੈਣਾ ਪਵੇਗਾ।
ਕੇਂਦਰੀ ਜੇਲ੍ਹ ਪਟਿਆਲਾ ਜੇਲ੍ਹ ਦੇ ਸੁਪਰਡੈਂਟ ਸ਼ਿਵਰਾਜ ਸਿੰਘ ਨੰਦਗੜ੍ਹ ਨੇ ਦੱਸਿਆ ਕਿ ਸ਼ੁੱਕਰਵਾਰ ਨੂੰ ਬਿਕਰਮ ਮਜੀਠੀਆ ਨੇ ਜੇਲ੍ਹ ਨਿਯਮਾਂ ਅਨੁਸਾਰ ਨਾਸ਼ਤਾ ਖਾਧਾ। ਹਾਲਾਂਕਿ ਉਹ ਆਪਣੀ ਮਰਜ਼ੀ ਮੁਤਾਬਕ ਜੇਲ੍ਹ ‘ਚ ਖਾਣਾ ਬਣਵਾ ਸਕਦੇ ਹਨ ਅਤੇ ਇਸ ਦੇ ਲਈ ਉਨ੍ਹਾਂ ਨੂੰ ਜੇਲ੍ਹ ਦੀ ਕੰਟੀਨ ‘ਚ ਮੌਜੂਦ ਸਾਮਾਨ ਖੁਦ ਲੈਣਾ ਹੋਵੇਗਾ ਪਰ ਬਿਕਰਮ ਮਜੀਠੀਆ ਨੇ ਅਜਿਹਾ ਨਹੀਂ ਕੀਤਾ।.
ਜੇਲ੍ਹ ਸੁਪਰਡੈਂਟ ਨੇ ਦੱਸਿਆ ਕਿ ਬਿਕਰਮ ਮਜੀਠੀਆ ਨੂੰ ਅਖ਼ਬਾਰ ਆਦਿ ਮੁਹੱਈਆ ਕਰਵਾਏ ਗਏ ਹਨ ਅਤੇ ਉਨ੍ਹਾਂ ਨੂੰ ਸੁਰੱਖਿਆ ਲਈ ਵੱਖਰੀ ਬੈਰਕ ਵਿੱਚ ਰੱਖਿਆ ਗਿਆ ਹੈ, ਜਿੱਥੇ ਹੋਰ ਕੋਈ ਕੈਦੀ ਨਹੀਂ ਹਨ। ਇਸ ਵੇਲੇ ਉਸ ਦੀ ਬੈਰਕ ਵਿੱਚ ਟੈਲੀਵਿਜ਼ਨ ਉਪਲਬਧ ਨਹੀਂ ਹੈ। ਜੇਲ੍ਹ ਸੁਪਰਡੈਂਟ ਨੇ ਕਿਹਾ ਕਿ ਜੇਕਰ ਬਿਕਰਮ ਮਜੀਠੀਆ ਇਸ ਸਬੰਧੀ ਕੋਈ ਮੰਗ ਕਰਦਾ ਹੈ ਤਾਂ ਉਸ ਨੂੰ ਟੈਲੀਵਿਜ਼ਨ ਵੀ ਮੁਹੱਈਆ ਕਰਵਾਇਆ ਜਾਵੇਗਾ।