ਓਟਵਾ : ਐਂਡਰਿਊ ਸ਼ੀਅਰ ਨੇ ਕੰਜ਼ਰਵੇਟਿਵ ਪਾਰਟੀ ਦੇ ਖਾਤੇ ਵਿੱਚੋਂ ਨਾ ਸਿਰਫ ਆਪਣੇ ਬੱਚਿਆਂ ਦੇ ਪ੍ਰਾਈਵੇਟ ਕੈਥੋਲਿਕ ਸਕੂਲ ਦੀ ਫੀਸ ਹੀ ਭਰੀ ਸਗੋਂ ਪ੍ਰਾਈਵੇਟ ਸਕਿਊਰਿਟੀ, ਵਾਧੂ ਹਾਊਸਕੀਪਰ, ਖੁਦ ਦੀ ਮਿਨੀਵੈਨ ਤੇ ਆਪਣੇ ਪਰਿਵਾਰ ਲਈ ਕੱਪੜੇ ਆਦਿ ਵੀ ਖਰੀਦੇ। ਇਹ ਖੁਲਾਸਾ ਅਹੁਦਾ ਛੱਡ ਰਹੇ ਪਾਰਟੀ ਦੇ ਆਗੂ ਦੇ ਖਰਚਿਆਂ ਬਾਰੇ ਪਾਰਟੀ ਵੱਲੋਂ ਕੀਤੇ ਗਏ ਮੁਲਾਂਕਣ ਵਿੱਚ ਹੋਇਆ।
ਸ਼ੀਅਰ ਦੇ ਖਰਚਿਆਂ ਦੇ ਆਡਿਟ ਵਿੱਚ ਪਾਇਆ ਗਿਆ ਕਿ ਸ਼ੀਅਰ ਦੇ ਬੱਚਿਆਂ ਦੀ ਪ੍ਰਾਈਵੇਟ ਸਕੂਲ ਟਿਊਸ਼ਨ ਫੀਸ, ਜੋ ਕਿ 18000 ਡਾਲਰ ਪ੍ਰਤੀ ਸਾਲ ਸੀ, ਦੀ ਅਦਾਇਗੀ ਨੂੰ ਬਕਾਇਦਾ ਕੰਜ਼ਰਵੇਟਿਵ ਪਾਰਟੀ ਵੱਲੋਂ ਦਰਜ ਕੀਤਾ ਗਿਆ ਪਰ ਇਸ ਨੂੰ ਪਾਰਟੀ ਦੇ ਆਰਥਿਕ ਮਾਮਲਿਆਂ ਦਾ ਲੇਖਾ ਜੋਖਾ ਰੱਖਣ ਵਾਲੇ ਗਰੱੁਪ, ਜਿਸ ਨੂੰ ਕੰਜ਼ਰਵੇਟਿਵ ਫੰਡ ਵਜੋਂ ਜਾਣਿਆ ਜਾਂਦਾ ਹੈ, ਨਾਲ ਸਾਂਝਾ ਨਹੀਂ ਕੀਤਾ ਗਿਆ।
ਪਾਰਟੀ ਦੇ ਬੁਲਾਰੇ ਕੋਰੀ ਹੈਨ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਕਿ ਇਹ ਆਡਿਟ ਮੁਕੰਮਲ ਹੋ ਚੁੱਕਿਆ ਹੈ ਤੇ ਇਸ ਦਾ ਮੁਲਾਂਕਣ ਪਾਰਟੀ ਦੀ ਨੈਸ਼ਨਲ ਕਾਉਂਸਲ ਵੱਲੋਂ ਕੀਤਾ ਜਾ ਚੁੱਕਿਆ ਹੈ। ਹੈਨ ਨੇ ਆਖਿਆ ਕਿ ਪਾਰਟੀ ਦੇ ਆਡਿਟ ਵਿੱਚ ਪਾਰਟੀ ਦੇ ਅਕਾਊਂਟਿੰਗ ਸਿਸਟਮ ਵਿੱਚ ਕੋਈ ਕਮੀਆਂ ਨਹੀਂ ਪਾਈਆਂ ਗਈਆਂ ਤੇ ਇਹ ਵੀ ਆਖਿਆ ਗਿਆ ਕਿ ਜਿਹੜੇ ਖਰਚੇ ਕੀਤੇ ਗਏ ਉਨ੍ਹਾਂ ਦੇ ਪੂਰੇ ਦਸਤਾਵੇਜ਼ ਵੀ ਤਿਆਰ ਕੀਤੇ ਗਏ। ਹੈਨ ਨੇ ਆਖਿਆ ਕਿ ਕੰਜ਼ਰਵੇਟਿਵ ਫੰਡ ਵੱਲੋਂ ਵੀ ਇਸ ਮਾਮਲੇ ਨੂੰ ਖ਼ਤਮ ਮੰਨਿਆ ਜਾ ਰਿਹਾ ਹੈ। ਇਸ ਆਡਿਟ ਦਾ ਫੈਸਲਾ ਪਿਛਲੇ ਸਾਲ ਕੀਤਾ ਗਿਆ ਸੀ।
ਸ਼ੀਅਰ ਦੀ ਥਾਂ ਲੈਣ ਲਈ ਲੀਡਰਸਿ਼ਪ ਮੁਕਾਬਲਾ 27 ਜੂਨ ਨੂੰ ਹੋਣਾ ਸੀ ਪਰ ਕੋਵਿਡ-19 ਮਹਾਮਾਰੀ ਕਾਰਨ ਇਹ ਹਾਲ ਦੀ ਘੜੀ ਟਲ ਗਿਆ ਹੈ। ਹਾਲਾਂਕਿ ਸ਼ੀਅਰ ਦੇ ਖਰਚਿਆਂ ਵਾਲਾ ਵਿਵਾਦ ਭਾਵੇਂ ਲੋਕਾਂ ਦੇ ਜ਼ਹਿਨ ਵਿੱਚੋਂ ਧੁੰਦਲਾ ਪੈ ਗਿਆ ਹੈ ਪਰ ਕੰਜ਼ਰਵੇਟਿਵ ਪਾਰਟੀ ਦੇ ਖੇਮਿਆਂ ਵਿੱਚ ਇਹ ਅਜੇ ਵੀ ਸੁਲਘ ਰਿਹਾ ਹੈ। ਜਿਹੜਾ ਪੈਸਾ ਸ਼ੀਅਰ ਵੱਲੋਂ ਖਰਚਿਆ ਗਿਆ ਉਹ ਸਿੱਧਾ ਡੋਨਰਜ਼ ਦੀ ਜੇਬ੍ਹ ਵਿੱਚੋਂ ਆਇਆ, ਜਿਨ੍ਹਾਂ ਵਿੱਚੋਂ ਬਹੁਤਿਆਂ ਨੂੰ ਟੈਕਸ ਕ੍ਰੈਡਿਟ ਹਾਸਲ ਹੋਏ।
previous post