ਕੈਨੇਡਾ ਦੀ ਪ੍ਰਮੁੱਖ ਵਿਰੋਧੀ ਕੰਜ਼ਰਵਿਟਵ ਪਾਰਟੀ ਆਫ ਕੈਨੇਡਾ ਦੇ ਲੀਡਰ ਪੀਅਰ ਪੌਲੀਵਰ ਨੇ ਸ਼ਮਸ਼ੇਰ ਗਿੱਲ ਨੂੰ ਨੈਸ਼ਨਲ ਆਊਟਰੀਚ ਐਡਵਾਇਜ਼ਰੀ ਕੌਂਸਲ ਦਾ ਵਾਈਸ ਚੇਅਰਮੈਨ ਨਿਯੁਕਤ ਕੀਤਾ ਹੈ। ਜ਼ਿਕਰਯੋਗ ਹੈ ਕਿ ਸ਼ਮਸ਼ੇਰ ਗਿੱਲ ਪਿੰਡ ਢੁੱਡੀਕੇ, ਜ਼ਿਲ੍ਹਾ ਮੋਗਾ ਦੇ ਜੰਮਪਲ ਹਨ।
ਸ਼ਮਸ਼ੇਰ ਗਿੱਲ ਲੰਬੇ ਸਮੇਂ ਤੋਂ ਪਾਰਟੀ ਨਾਲ਼ ਜੁੜੇ ਹੋਏ ਹਨ। ਲੀਡਰਸ਼ਿੱਪ ਦੌੜ ਵਿੱਚ ਉਹ ਪੌਲੀਵਰ ਦੇ ਨੈਸ਼ਨਲ ਆਊਟਰੀਚ ਕੋਆਰਡੀਨੇਟਰ ਰਹਿ ਚੁੱਕੇ ਹਨ। ਕੈਨੇਡੀਅਨ ਰਾਜਨੀਤੀ ਦੀ ਡੂੰਘੀ ਸਮਝ ਰੱਖਣ ਵਾਲੇ ਸ਼ਮਸ਼ੇਰ ਗਿੱਲ ਦੀ ਇਹ ਨਿਯੁਕਤੀ ਪਾਰਟੀ ਸਫਾਂ ਅੰਦਰ ਕਾਫ਼ੀ ਅਹਿਮ ਮੰਨੀ ਜਾ ਰਹੀ ਹੈ। ਕਿਹਾ ਜਾ ਰਿਹਾ ਹੈ ਕਿ ਇਸ ਨਿਯੁਕਤੀ ਦਾ ਸਿੱਧਾ ਸੰਬੰਧ ਲੀਡਰ ਅਤੇ ਉਸਦੀ ਪ੍ਰਮੁੱਖ ਟੀਮ ਨਾਲ ਹੋਵੇਗਾ।
ਏਥੇ ਇਹ ਵੀ ਵਰਨਣਯੋਗ ਹੈ ਕਿ ਇਸ ਵਕਤ ਕੈਨੇਡਾ ਵਿੱਚ ਜਸਟਿਨ ਟਰੂਡੋ ਦੀ ਲਿਬਰਲ ਪਾਰਟੀ ਦੀ ਘੱਟ ਗਿਣਤੀ ਸਰਕਾਰ ਹੈ ਜਿਸ ਦੀ ਵਾਗਡੋਰ ਬਾਕੀ ਪਾਰਟੀਆਂ ਦੇ ਹੱਥ ਹੈ। ਭਾਵ ਕਿ ਕੈਨੇਡਾ ਵਿੱਚ ਆਮ ਚੋਣਾਂ ਮਿਥੇ ਸਮੇਂ ਤੋਂ ਪਹਿਲਾਂ ਕਦੇ ਵੀ ਸੰਭਵ ਹਨ।
ਇਸ ਵੇਲੇ ਤਕਰੀਬਨ ਸਾਰੇ ਸਰਵੇਖਣਾਂ ਦਾ ਕਹਿਣਾ ਹੈ ਕਿ ਜੇਕਰ ਅੱਜ ਚੋਣਾਂ ਹੁੰਦੀਆਂ ਹਨ ਤਾਂ ਪੀਅਰ ਪੌਲੀਵਰ ਵੱਡੀ ਬਹੁਮਤ ਵਾਲੀ ਸਰਕਾਰ ਬਣਾਉਣਗੇ ਅਤੇ ਟਰੂਡੋ ਨੂੰ ਵੱਡੀ ਹਾਰ ਦਾ ਸਾਹਮਣਾ ਕਰਨਾ ਪੈ ਸਕਦਾ।
ਘੱਟ ਗਿਣਤੀ ਸਰਕਾਰ ਦੇ ਚੱਲਦਿਆਂ ਸ਼ਮਸ਼ੇਰ ਗਿੱਲ ਨੂੰ ਮਿਲੀ ਇਸ ਜ਼ਿੰਮੇਵਾਰੀ ਦੀ ਅਹਿਮੀਅਤ ਹੋਰ ਵੀ ਵਧ ਜਾਂਦੀ ਹੈ ਤਾਂ ਕਿ ਪਾਰਟੀ ਅਤੇ ਲੋਕਾਂ ਦਰਮਿਆਨ ਬਰਾਬਰ ਤਾਲਮੇਲ ਬਣਾ ਕੇ ਰੱਖਿਆ ਜਾ ਸਕੇ। ਲੋਕਾਂ ਨਾਲ ਸਬੰਧਤ ਹਰ ਮਸਲਾ ਪਾਰਟੀ ਤੱਕ ਅਤੇ ਪਾਰਟੀ ਦਾ ਸੁਨੇਹਾ ਲੋਕਾਂ ਤੱਕ ਪਹੁੰਚਾਉਣਾ ਬੇਹੱਦ ਜ਼ਰੂਰੀ ਹੋਵੇਗਾ।