Entertainment

“ਸਰਾਭਾ” ਫ਼ਿਲਮ ਨਾਲ ਹੋਵੇਗੀ ਜਪਤੇਜ ਸਿੰਘ ਦੀ ਵਾਪਸੀ

“ਜੰਮਦੀਆਂ ਸੂਲ਼ਾਂ  ਦੇ ਮੂੰਹ ਤਿੱਖੇ ਹੁੰਦੇ ਹਨ”ਇਹ ਕਹਾਵਤ ਸ਼ਾਇਦ ਜਪਤੇਜ ਸਿੰਘ ਲਈ ਹੀ ਬਣੀ ਹੈ। ਜਪਤੇਜ ਹੁਣ ਬਤੌਰ ਹੀਰੋ  ਵੱਡੇ ਪਰਦੇ ‘ਤੇ ਆਪਣੀ ਅਦਾਕਾਰੀ ਦੀ ਛਾਪ ਛੱਡਣ ਜਾ ਰਿਹਾ ਹੈ ਪਰ ਉਸਨੇ ਕਾਬਲ ਤੇ ਹੋਣਹਾਰ ਅਦਾਕਾਰ ਹੋਣ ਦਾ ਅਹਿਸਾਸ ਬਚਪਨ ਵਿੱਚ ਹੀ ਕਰਵਾ ਦਿੱਤਾ ਸੀ। ਬਾਲ ਕਲਾਕਾਰ ਵਜੋਂ ਕਈ ਹਿੰਦੀ ਅਤੇ ਪੰਜਾਬੀ ਫ਼ਿਲਮਾਂ ਵਿੱਚ ਆਪਣੀ ਅਮਿੱਟ ਛਾਪ ਛੱਡ ਚੁੱਕਾ ਜਪਤੇਜ ਹੁਣ ਬਤੌਰ ਹੀਰੋ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਕਿਰਦਾਰ ਵਿੱਚ ਨਿਰਦੇਸ਼ਕ ਕਵੀ ਰਾਜ ਦੀ ਫਿਲਮ “ਸਰਾਭਾ” ਵਿੱਚ ਨਜ਼ਰ ਆਵੇਗਾ।  ਕਈ ਫਿਲਮਾਂ ਵਿੱਚ ਬਾਲ ਕਲਾਕਾਰ ਵਜੋਂ ਜਪਤੇਜ ਦੀ ਅਦਾਕਾਰੀ ਦੇਖ ਚੁੱਕੇ ਦਰਸ਼ਕ ਹੁਣ ਇੱਕ ਦਮ ਜਪਤੇਜ ਨੂੰ ਜਵਾਨ ਗੱਭਰੂ ਦੇ ਕਿਰਦਾਰ ਵਿੱਚ ਦੇਖ ਖ਼ੁਸ਼ ਅਤੇ ਹੈਰਾਨ ਹਨ। ਤਿੰਨ ਨਵੰਬਰ ਨੂੰ ਦੁਨੀਆਂ ਭਰ ਵਿੱਚ ਰਿਲੀਜ ਹੋਣ ਜਾ ਰਹੀ ਆਪਣੀ ਇਸ ਫ਼ਿਲਮ ਨੂੰ ਲੈ ਕੇ ਬੇਹੱਦ ਖੁਸ਼ ਹੈ। ਫਿਲਮ ਦੇ ਟ੍ਰੇਲਰ ਨੂੰ ਸੋਸ਼ਲ ਮੀਡੀਆ ‘ਤੇ ਸ਼ਾਨਦਾਰ ਹੁੰਗਾਰਾ ਮਿਲ ਰਿਹਾ ਹੈ।  ਦਰਜਨਾਂ ਪੰਜਾਬੀ ਫ਼ਿਲਮਾਂ ਦੇ ਲਾਈਨ ਨਿਰਮਾਤਾ ਰਹਿ ਚੁੱਕੇ ਸਵਰਨ ਸਿੰਘ ਦਾ ਇਹ ਹੋਣਹਾਰ ਫਰਜੰਦ ਕੁਝ ਸਾਲਾਂ ਤੋਂ ਕੈਨੇਡਾ ਵਿੱਚ ਰਹਿ ਰਿਹਾ ਹੈ, ਜਿਸ ਕਾਰਨ ਉਹ ਫਿਲਮਾਂ ਤੋਂ ਦੂਰ ਹੋ ਗਿਆ ਸੀ ਪਰ ਹੁਣ ਉਹ ਇਸ ਫਿਲਮ ਜ਼ਰੀਏ ਆਪਣੀ ਜਬਰਦਸਤ ਵਾਪਸੀ ਕਰ ਰਿਹਾ ਹੈ।

ਉੜਣੇ ਦੌਰਾਨ ਮਿਲਖਾ ਸਿੰਘ ਦੀ ਜ਼ਿੰਦਗੀ ‘ਤੇ ਬਣੀ ਬਾਲੀਵੱਡ ਫਿਲਮ “ਭਾਗ ਮਿਲਖਾ ਭਾਗ” ਵਿੱਚ ਮਿਲਖਾ ਸਿੰਘ ਦਾ ਬਚਪਨ ਦਾ ਕਿਰਦਾਰ ਨਿਭਾਉਣ ਵਾਲਾ ਜਪਤੇਜ ਪੰਜਾਬੀ ਫ਼ਿਲਮ “ਸੰਨ ਆਫ਼ ਮਨਜੀਤ ਸਿੰਘ” ਅਤੇ “ਮਿੱਟੀ ਦਾ ਫਰੋਲ ਜੋਗੀਆ” ਸਮੇਤ ਦਰਜਨ ਦੇ ਨੇੜੇ ਫ਼ਿਲਮਾਂ ਵਿੱਚ ਬਾਲ ਕਲਾਕਾਰ ਵਜੋਂ ਆਪਣੀ ਅਮਿੱਟ ਛਾਪ ਛੱਡ ਚੁੱਕਾ ਹੈ। ਆਪਣੀ ਮੁੱਢਲੀ ਪੜਾਈ ਲਈ ਫਿਲਮਾਂ ਤੋਂ ਦੂਰ ਹੋਇਆ ਜਪਤੇਜ ਇਕ ਸਰਦਾਰ ਹੀਰੋ ਵਜੋਂ ਪੰਜਾਬੀ ਸਿਨਮਾ ਵਿੱਚ ਸਰਗਰਮ ਹੋਇਆ ਹੈ। ਜਪਤੇਜ ਦੱਸਦਾ ਹੈ ਕਿ ਪੰਜਾਬੀ ਸਿਨਮਾ ਵਿੱਚ ਵਾਪਸੀ ਅਤੇ ਸਥਾਪਤੀ ਦੀ ਸ਼ੁਰੂਆਤ ਲਈ ਉਹ ਇਕ ਵਧੀਆ ਫਿਲਮ ਦੀ ਭਾਲ ਵਿੱਚ ਸੀ, ਜੋ “ਸਰਾਭਾ” ਫਿਲਮ ਜ਼ਰੀਏ ਪੂਰੀ ਹੋਈ ਹੈ। ਉਹ ਦੱਸਦਾ ਹੈ ਕਿ ਸ਼ਹੀਦ ਕਰਤਾਰ ਸਿੰਘ ਸਰਾਭਾ ਦਾ ਕਿਰਦਾਰ ਨਿਭਾਉਣਾ ਉਸ ਲਈ ਫਖਰ ਵਾਲੀ ਗੱਲ ਹੈ। ਸਭ ਤੋਂ ਛੋਟੀ ਉਮਰ ਦੀ ਸ਼ਹੀਦ ਕਰਤਾਰ ਸਿੰਘ ਸਰਾਭਾ ਦਾ ਇਹ ਕਿਰਦਾਰ ਅਦਾ ਕਰਦਿਆਂ ਉਸਨੇ ਉਹਨਾਂ ਦੀ ਸਖਸ਼ੀਅਤ ਦਾ ਪ੍ਰਭਾਵ ਕਬੂਲਿਆ ਹੈ। ਇਸ ਫਿਲਮ ਲਈ ਉਸਨੇ ਬੇਹੱਦ ਮਿਹਨਤ ਕੀਤੀ ਹੈ। ਕਰਤਾਰ ਸਿੰਘ ਸਰਾਭਾ ਇੱਕ ਬਹੁਮੁਖੀ ਸਖਸ਼ੀਅਤ ਸਨ ਜੋ ਮਹਿਜ 15 ਸਾਲ ਦੀ ਉਮਰ ਵਿੱਚ ਗਦਰ ਲਹਿਰ ਦਾ ਹਿੱਸਾ ਬਣ ਗਏ ਸਨ। ਇਹ ਕਿਰਦਾਰ ਨਿਭਾਉਣ ਲਈ ਉਹਨਾਂ ਕਰਤਾਰ ਸਿੰਘ ਸਰਾਭਾ ਨਾਲ ਸਬੰਧਿਤ ਕਈ ਕਿਤਾਬਾਂ ਵੀ ਪੜੀਆਂ। ਦਰਸ਼ਕ ਉਸਨੂੰ ਕਰਤਾਰ ਸਿੰਘ ਸਰਾਭਾ  ਦੇ ਕਿਰਦਾਰ ਵਿੱਚ ਪਸੰਦ ਕਰਨਗੇ। ਜਪਤੇਜ ਮੁਤਾਬਕ ਨੌਜਵਾਨਾਂ ਨੂੰ ਇਹ ਫਿਲਮ ਜ਼ਰੂਰ ਦੇਖਣੀ ਚਾਹੀਦੀ ਹੈ। ਇਹ ਫਿਲਮ ਹੀ ਨਹੀਂ ਬਲਕਿ ਇੱਕ ਦਸਤਾਵੇਜ਼ ਸਾਬਤ ਹੋਵੇਗੀ। ਉਹ ਇਸ ਵੇਲੇ ਇਸ ਫਿਲਮ ਨੂੰ ਲੈ ਕੇ ਬੇਹੱਦ ਉਤਸਕ ਹੈ। ਇਸ ਫਿਲਮ ਤੋਂ ਬਾਅਦ ਹੀ ਉਹ ਆਪਣੇ ਫਿਲਮੀ ਕੈਰੀਅਰ ਨੂੰ ਕੋਈ ਰੂਪ-ਰੇਖਾ ਦੇਵੇਗਾ।

 

Related posts

The Biggest Trillion-Dollar Wealth Shift in Canadian History

Gagan Oberoi

Shigella Outbreak Highlights Hygiene Crisis Among Homeless in Canada

Gagan Oberoi

ਗਾਇਕ ਸਤਿੰਦਰ ਸਰਤਾਜ ਨੇ 500 ਹੜ੍ਹ ਪੀੜਤ ਪਰਿਵਾਰਾਂ ਲਈ ਰਾਸ਼ਨ ਭੇਜਿਆ

Gagan Oberoi

Leave a Comment