ਨਿਊਯਾਰਕ : ਦੁਨੀਆ ਭਰ ਵਿਚ ਕੋਰੋਨਾ ਵਾਇਰਸ ਦੀ ਮਹਾਂਮਾਰੀ ਕਾਰਨ ਹਾਹਾਕਾਰ ਮੱਚੀ ਹੋਈ ਹੈ ਪਰ ਇਸ ਦੇ ਚਲਦਿਆਂ ਕੁਝ ਲੋਕਾਂ ਵੱਲੋਂ ਆਪਣੇ ਕਾਰੋਬਾਰ ਵਿਚ ਮੁਨਾਫਾਖੋਰੀ ਦਾ ਧੰਦਾ ਜ਼ੋਰਾ ਸ਼ੋਰਾਂ ਨਾਲ ਕੀਤਾ ਜਾ ਰਿਹਾ ਹੈ। ਇਸ ਲੜੀ ਤਹਿਤ ਨਿਊਯਾਰਕ ਵਿਖੇ ਸਨਿਕਰ ਕਿੰਗ ਦੇ ਨਾਮ ਨਾਲ ਜਾਣੇ ਜਾਂਦੇ ਉਘੇ ਕਾਰੋਬਾਰੀ ਬੌਬੀ ਸਿੰਘ ‘ਤੇ ਮੁਨਾਫਾਖੋਰੀ ਦੇ ਦੋਸ਼ ਲੱਗੇ ਹਨ। ਜਿਸ ਕਾਰਨ ਉਨ੍ਹਾਂ ਨੂੰ ਮੁਆਫੀ ਦੇ ਨਾਲ ਵੱਡਾ ਜੁਰਮਾਨਾ ਵੀ ਲਗਾਇਆ ਗਿਆ ਹੈ। ਉਸ ਵੱਲੋਂ ਵੇਚੇ ਗਏ ਫੇਸ ਮਾਸਕ ਜੋ ਕਿ ਸਰਕਾਰੀ ਮਾਪਦੰਡਾਂ ‘ਤੇ ਐਨ95 ਹੋਣੇ ਚਾਹੀਦੇ ਹਨ, ਨਾ ਹੋਣ ਦੇ ਬਾਵਜੂਦ ਵੀ ਮਾਰਕਿਟ ਵਿਚ ਧੜੱਲੇ ਨਾਲ ਵੇਚੇ ਗਏ ਸਨ, ਇਸ ਤੋਂ ਇਲਾਵਾ ਬਿਨਾਂ ਸੀਲ ਅਤੇ ਕਈ ਗੁਣਾ ਵਧ ਰੇਟ ਵੀ ਵਸੂਲ ਕੀਤੇ ਗਏ ਸਨ। ਬੌਬੀ ਸਿਧਾਣਾ ਵੱਲੋਂ ਸਿਰਫ 50 ਸੈਂਟ ਦਾ ਮਾਸਕ ਬਦਲੇ 10 ਡਾਲਰ ਵਸੂਲੇ ਜਾ ਰਹੇ ਸਨ, ਜਿਸ ਕਾਰਨ ਉਨ੍ਹਾਂ ਨੂੰ ਕਈ ਹਜ਼ਾਰ ਡਾਲਰ ਦਾ ਜੁਰਮਾਨਾ ਲਗਾਇਆ ਗਿਆ ਹੈ। ਹੁਣ ਇਸ ਸਬੰਧੀ ਬੌਬੀ ਸਿਧਾਣਾ ਨੇ ਯੂ ਟਿਊਬ ‘ਤੇ ਮੁਆਫੀ ਵੀ ਮੰਗੀ ਹੈ। ਸੋਮਵਾਰ ਨੂੰ ਨਾਸਾ ਕਾਊਂਟੀ ਦੇ ਇੱਕ ਅਧਿਕਾਰੀ ਲੌਰਾ ਕੁਰਨ ਨੇ ਦੱਸਿਆ ਕਿ ਵੇਚੇ ਜਾ ਰਹੇ ਮਾਸਕ 2011 ਦੇ ਬਣੇ ਹੋਏ ਸਨ ਅਤੇ ਇਸ ਸਮੇਂ ਉਨ੍ਹਾਂ ਦੀ ਮਿਆਦ ਲੰਘ ਚੁੱਕੀ ਹੈ।