ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਦਾ ਟਰਾਂਸਪੋਰਟ ਵਿੰਗ 12 ਜੁਲਾਈ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਰਿਹਾਇਸ਼ ਨਿਊ ਮੋਤੀ ਬਾਗ ਪੈਲੇਸ ਪਟਿਆਲਾ ਵਿਖੇ 12 ਜੁਲਾਈ ਨੂੰ ਧਰਨਾ ਦੇ ਕੇ ਟਰਾਂਸਪੋਰਟ ਸੈਕਟਰ ਦੇ ਹਾਲਾਤ ਉਜਾਗਰ ਕਰੇਗਾ ਤੇ ਮੰਗ ਕਰੇਗਾ ਕਿ ਟਰਾਂਸਪੋਰਟਰਾਂ ਨੁੰ ਇਕ ਸਾਲ ਲਈ ਰੋਡ ਟੈਕਸ ਤੋਂ ਛੋਟ ਦਿੱਤੀ ਜਾਵੇ ਅਤੇ ਪੈਟਰੋਲੀਅਮ ਪਦਾਰਥਾਂ ’ਤੇ ਸੂਬੇ ਦੇ ਵੈਟ ਵਿਚ 50 ਫੀਸਦੀ ਕਟੌਤੀ ਕੀਤੀ ਜਾਵੇ।
ਇਥੇ ਇਸ ਮਾਮਲੇ ’ਤੇ ਇਕ ਪ੍ਰੈਸ ਕਾਨਫਰੰਸ ਨੁੰ ਸੰਬੋਧਨਟ ਕਰਦਿਆਂ ਅਕਾਲੀ ਦਲ ਦੇ ਸੀਨੀਅਰ ਆਗੂ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਰਿਕਸ਼ਾ ਚਾਲਕਾਂ, ਟਰੱਕ, ਟੈਕਸੀ, ਸਕੂਲ ਬੱਸ ਤੇ ਆਟੋ ਰਿਕਸ਼ਾ ਮਾਲਕਾਂ ਸਮੇਤ ਇਸ ਸੈਕਟਰ ਦੇ ਹਰ ਸਟੈਂਡ ਤੋਂ ਪ੍ਰੋਤੀਨਿਧ 12 ਜੁਲਾਈ ਨੂੰ ਪਟਿਆਲਾ ਵਿਚ ਮੁੱਖ ਮੰਤਰੀ ਦੀ ਰਿਹਾਇਸ਼ ਮੂਹਰੇ ਦੋ ਘੰਟੇ ਦਾ ਸੰਕੇਤਕ ਧਰਨਾ ਦੇਣਗੇ। ਉਹਨਾਂ ਕਿਹਾ ਕਿ ਜੇਕਰ ਸਰਕਾਰ ਨੇ ਦਰੁੱਸਤੀ ਭਰਿਆ ਕਦਮ ਨਾ ਚੁੱਕਿਆ ਤਾਂ ਫਿਰ ਟਰਾਂਸਪੋਰਟ ਵਿੰਗ ਆਪਣੀਆਂ ਮੰਗਾਂ ਦੇ ਹੱਕ ਵਿਚ ਅਗਸਤ ਵਿਚ ਸੂਬੇ ਭਰ ਵਿਚ ਰੋਸ ਰੈਲੀਆਂ ਕਰੇਗਾ। ਉਹਨਾਂ ਇਹ ਵੀ ਐਲਾਨ ਕੀਤਾ ਕਿ ਟਰਾਂਸਪੋਰਟ ਵਿੰਗ ਭਲਕੇ 8 ਜੁਲਾਈ ਨੂੰ ਸੰਯੁਕਤ ਕਿਸਾਨ ਮੋਰਚੇ ਦੇ ਤੇਲ ਕੀਮਤਾਂ ਵਿਚ ਵਾਧੇ ਵਿਰੁੱਧ ਰੋਸ ਪ੍ਰਦਰਸ਼ਨ ਦੇ ਸੱਦੇ ਦੀ ਹਮਾਇਤ ਕਰੇਗਾ।
ਹੋਰ ਵੇਰਵੇ ਸਾਂਝੇ ਕਰਦਿਆਂ ਪ੍ਰੋ. ਚੰਦੂਮਾਜਰਾ ਨੇ ਕਿਹਾ ਕਿ ਟਰੱਕ, ਸਕੂਲ ਬੱਸਾਂ, ਟੈਕਸੀਆਂ ਤੇ ਆਟੋ ਰਿਕਸ਼ਾ ਆਦਿ ਨੂੰ ਇਕ ਸਾਲ ਲਈ ਰੋਡ ਟੈਕਸ ਦੀ ਅਦਾਇਗੀ ਤੋਂ ਛੋਟ ਮਿਲਣੀ ਚਾਹੀਦੀ ਹੈ ਕਿਉਂਕਿ ਇਹਨਾਂ ਦੇ ਮਾਲਕ ਇਕ ਸਾਲ ਤੋਂ ਵੱਧ ਸਮੇਂ ਤੋਂ ਕੋਰੋਨਾ ਪਾਬੰਦੀਆਂ ਕਾਰਨ ਆਪਣਾ ਵਪਾਰ ਨਹੀਂ ਕਰ ਸਕੇ। ਉਹਨਾਂ ਕਿਹਾ ਕਿ ਪੈਟਰੋਲ ਅਤੇ ਡੀਜ਼ਲ ’ਤੇ ਵੈਟ ਘਟਾਉਣਾ ਬਹੁਤ ਜ਼ਰੂਰੀਹੈ ਕਿਉਂਕਿ ਇਸਨੇ ਟਰਾਂਸਪੋਰਟ ਸੈਕਟਰ ਨੁੰ ਮੁਨਾਫਾਹੀਣ ਬਣਾ ਦਿੱਤਾ ਹੈ ਤੇ ਆਮ ਲੋਕਾਂ ਮਹਿੰਗਾਈ ਦੀ ਮਾਰ ਝੱਲ ਰਹੇ ਹਨ।