Punjab

ਸ਼ਾਰਪ ਸ਼ੂਟਰਾਂ ਬਾਰੇ ਦੋਵਾਂ ਰਾਜਾਂ ਦੀ ਪੁਲਿਸ ਦੇ ਸੁਰ ਵੱਖਰੇ, ਦਿੱਲੀ ਪੁਲਿਸ ਸ਼ੂਟਰ ਦੱਸ ਰਹੀ ਤੇ ਪੰਜਾਬ ਪੁਲਿਸ ਨਸ਼ੇੜੀ ਮੰਨ ਰਹੀ

Sidhu Moose Wala Murder : ਪੰਜਾਬੀ ਗਾਇਕ ਤੇ ਕਾਂਗਰਸੀ ਆਗੂ ਸਿੱਧੂ ਮੂਸੇਵਾਲਾ ਹੱਤਿਆਕਾਂਡ ਸਬੰਧੀ ਦਿੱਲੀ ਪੁਲਿਸ ਵੱਲੋਂ ਜਾਰੀ ਕੀਤੀ ਗਈ 8 ਸ਼ਾਰਪ ਸ਼ੂਟਰਾਂ ਦੀ ਲਿਸਟ ਬਾਰੇ ਪੰਜਾਬ ਤੇ ਦਿੱਲੀ ਪੁਲਿਸ ‘ਚ ਸਹਿਮਤੀ ਨਹੀਂ ਬਣ ਰਹੀ ਹੈ। ਦਿੱਲੀ ਪੁਲਿਸ ਨੇ ਲਾਰੈਂਸ ਬਿਸ਼ਨੋਈ ਕੋਲੋਂ ਪੁੱਛਗਿੱਛ ਤੋਂ ਬਾਅਦ ਉਸ ਨਾਲ ਜੁੜੇ ਅੱਠ ਸ਼ੂਟਰਾਂ ਦੀਆਂ ਤਸਵੀਰਾਂ ਜਾਰੀ ਕੀਤੀਆਂ ਸਨ, ਪਰ ਪੰਜਾਬ ਪੁਲਿਸ ਇਸ ਸੂਚੀ ਪ੍ਰਤੀ ਗੰਭੀਰ ਦਿਖਾਈ ਨਹੀਂ ਦੇ ਰਹੀ ਹੈ।

ਪਰਿਵਾਰ ਨੇ ਸ਼ੂਟਰ ਰਾਣੂ ਪੁਲਿਸ ਨੂੰ ਸੌਂਪਿਆ ਪਰ ਪੁਲਿਸ ਨੇ ਨਹੀਂ ਦਿਖਾਈ ਗ੍ਰਿਫ਼ਤਾਰੀ

ਇਸਦੀ ਮਿਸਾਲ ਸ਼ਾਰਪ ਸ਼ੂਟਰ ਹਰਮੇਲ ਸਿੰਘ ਚੌਹਾਨ ਉਰਫ਼ ਰਾਣੂ ਨੂੰ ਉਸਦੇ ਰਿਸ਼ਤੇਦਾਰਾਂ ਵੱਲੋਂ ਪੁਲਿਸ ਹਿਰਾਸਤ ‘ਚ ਦਿੱਤੇ ਜਾਣ ਦੇ ਬਾਵਜੂਦ ਉਸਦੀ ਗ੍ਰਿਫ਼ਤਾਰੀ ਨਾ ਦਿਖਾਏ ਜਾਣ ਤੋਂ ਮਿਲਦੀ ਹੈ। ਕਿਉਂਕਿ, ਰਾਨੂ ਦਿੱਲੀ ਪੁਲਿਸ ਵੱਲੋਂ ਜਾਰੀ ਕੀਤੀ ਗਈ ਅੱਠ ਵਿਅਕਤੀਆਂ ਦੀ ਸੂਚੀ ‘ਚੋਂ ਇੱਕ ਹੈ ਤੇ ਉਸਦੇ ਪਰਿਵਾਰ ਦਾ ਦਾਅਵਾ ਹੈ ਕਿ ਉਨ੍ਹਾਂ ਨੇ ਰਾਣੂ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ ਹੈ ਪਰ ਪੰਜਾਬ ਪੁਲਿਸ ਨੇ ਅਜੇ ਤਕ ਉਸਦੀ ਗ੍ਰਿਫਤਾਰੀ ਨਹੀਂ ਦਿਖਾਈ ਹੈ।

ਦਿੱਲੀ ਪੁਲਿਸ ਦੀ ਸੂਚੀ ਨੂੰ ਛੱਡ ਕੇ ਆਪਣੇ ਸਿਧਾਂਤ ‘ਤੇ ਕੰਮ ਕਰ ਰਹੀ ਹੈ ਪੰਜਾਬ ਪੁਲਿਸ

ਪੁਲਿਸ ਦੇ ਇਕ ਸੀਨੀਅਰ ਅਧਿਕਾਰੀ ਨੇ ਨਾਂ ਨਾ ਛਾਪਣ ਦੀ ਸ਼ਰਤ ‘ਤੇ ਦੱਸਿਆ ਕਿ ਪੰਜਾਬ ਪੁਲਿਸ ਇਸ ਵੇਲੇ ਆਪਣੇ ਸਿਧਾਂਤ ‘ਤੇ ਕੰਮ ਕਰ ਰਹੀ ਹੈ। ਪੁਲਿਸ ਨੂੰ ਕਿਧਰੋਂ ਵੀ ਮਿਲ ਰਹੀਆਂ ਲੀਡਾਂ ਅਨੁਸਾਰ ਜਾਂਚ ਨੂੰ ਅੱਗੇ ਵਧਾਇਆ ਜਾ ਰਿਹਾ ਹੈ। ਫਿਲਹਾਲ ਇਸ ਮਾਮਲੇ ‘ਚ ਜ਼ਿਆਦਾ ਕੁਝ ਨਹੀਂ ਕਿਹਾ ਜਾ ਸਕਦਾ।

ਦਿੱਲੀ ਪੁਲਿਸ ਸ਼ੂਟਰ ਦੱਸ ਰਹੀ ਹੈ ਤੇ ਪੰਜਾਬ ਪੁਲਿਸ ਨਸ਼ੇੜੀ ਮੰਨ ਰਹੀ

ਪੁਲਿਸ ਸੂਤਰਾਂ ਅਨੁਸਾਰ ਦਿੱਲੀ ਪੁਲਿਸ ਰਾਨੂ ਨੂੰ ਸ਼ਾਰਪ ਸ਼ੂਟਰ ਦੱਸ ਰਹੀ ਹੈ, ਜਦਕਿ ਪੰਜਾਬ ਪੁਲਿਸ ਉਸ ਨੂੰ ਮਾਮੂਲੀ ਨਸ਼ੇੜੀ ਸਮਝ ਰਹੀ ਹੈ। ਇਹੀ ਕਾਰਨ ਹੈ ਕਿ ਹੁਣ ਤਕ ਪੰਜਾਬ ਪੁਲਿਸ ਨੇ ਰਾਣੂ ਦੀ ਗ੍ਰਿਫ਼ਤਾਰੀ ਨਹੀਂ ਦਿਖਾਈ ਹੈ। ਦਿੱਲੀ ਪੁਲਿਸ ਨੇ ਆਪਣੀ ਸੂਚੀ ‘ਚ ਜਗਰੂਪ ਸਿੰਘ ਰੂਪਾ, ਪੰਜਾਬ ਦੇ ਮਨਪ੍ਰੀਤ ਸਿੰਘ ਮੰਨਾ ਤੇ ਹਰਕਮਲ ਸਿੰਘ ਰਾਣੂ, ਹਰਿਆਣਾ ਦੇ ਪ੍ਰਿਅਵਰਤ ਉਰਫ ਫੌਜੀ ਤੇ ਮਨਜੀਤ ਸਿੰਘ ਉਰਫ ਭੋਲੂ, ਮਹਾਰਾਸ਼ਟਰ ਦੇ ਸੌਰਵ ਉਰਫ ਮਹਾਕਾਲ ਤੇ ਸੰਤੋਸ਼ ਯਾਦਵ ਤੋਂ ਇਲਾਵਾ ਰਾਜਸਥਾਨ ਦੇ ਸੁਭਾਸ਼ ਬਨੋਦਾ ਦੇ ਨਾਂ ਸ਼ਾਮਲ ਕੀਤੇ ਸਨ।

ਇਸ ਤੋਂ ਬਾਅਦ ਰਾਣੂ ਦੇ ਪਰਿਵਾਰ ਵਾਲਿਆਂ ਨੇ ਉਸ ਨੂੰ ਪੁਲਿਸ ਹਵਾਲੇ ਕਰ ਦਿੱਤਾ। ਇਸ ਦੇ ਨਾਲ ਹੀ ਬਾਕੀ ਰਹਿੰਦੇ ਸ਼ੂਟਰਾਂ ‘ਚੋਂ ਪੁਲਿਸ ਨੇ ਸਿਰਫ਼ ਜ਼ਿਲ੍ਹਾ ਤਰਨਤਾਰਨ ਦੇ ਰਹਿਣ ਵਾਲੇ ਜਗਰੂਪ ਸਿੰਘ ਰੂਪਾ ਦੇ ਘਰ ਛਾਪਾ ਮਾਰਿਆ ਹੈ।

ਹੱਤਿਆ ਦੇ 14 ਦਿਨਾਂ ਬਾਅਦ ਵੀ ਪੁਲਿਸ ਹਮਲਾਵਰਾਂ ਤਕ ਨਹੀਂ ਪਹੁੰਚ ਸਕੀ

ਸਿੱਧੂ ਮੂਸੇਵਾਲਾ ਦੇ ਕਤਲ ਨੂੰ 14 ਦਿਨ ਬੀਤ ਚੁੱਕੇ ਹਨ ਪਰ ਅਜੇ ਤਕ ਹਮਲਾਵਰਾਂ ਦੀ ਗ੍ਰਿਫ਼ਤਾਰੀ ਨੂੰ ਲੈ ਕੇ ਪੁਲਿਸ ਦੇ ਹੱਥ ਖਾਲੀ ਹਨ। ਪੁਲਿਸ ਸਿਰਫ਼ ਉਨ੍ਹਾਂ ਤਕ ਹੀ ਪਹੁੰਚ ਸਕੀ ਹੈ, ਜਿਨ੍ਹਾਂ ਨੇ ਮੂਸੇਵਾਲਾ ਦਾ ਪਤਾ ਲਗਾਇਆ ਤੇ ਹਮਲਾਵਰਾਂ ਨੂੰ ਵਾਹਨ ਮੁਹੱਈਆ ਕਰਵਾਏ। ਹੁਣ ਤਕ ਜਿਨ੍ਹਾਂ ਨੌਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ, ਉਨ੍ਹਾਂ ਵਿੱਚੋਂ ਇਕ ਵੀ ਅਜਿਹਾ ਨਹੀਂ ਹੈ ਜਿਸ ਨੇ ਮੂਸੇਵਾਲਾ ’ਤੇ ਗੋਲੀ ਚਲਾਈ ਸੀ।

ਹਮਲਾਵਰਾਂ ਬਾਰੇ ਨਾ ਤਾਂ ਐਸਆਈਟੀ ਕੁਝ ਕਹਿ ਰਹੀ ਹੈ ਤੇ ਨਾ ਹੀ ਐਂਟੀ ਗੈਂਗਸਟਰ ਟਾਸਕ ਫੋਰਸ ਕੁਝ ਦੱਸ ਸਕੀ ਹੈ। ਭਾਵੇਂ ਪੰਜਾਬ ਸਰਕਾਰ ਨੇ ਇਸ ਮਾਮਲੇ ਨੂੰ ਜਲਦੀ ਹੱਲ ਕਰਨ ਦੇ ਹੁਕਮ ਦਿੱਤੇ ਹਨ ਪਰ ਵਿਰੋਧੀ ਧਿਰ ਲਗਾਤਾਰ ਪੁਲਿਸ ਦੀ ਢਿੱਲੀ ਜਾਂਚ ’ਤੇ ਸਵਾਲ ਉਠਾ ਰਹੀ ਹੈ। ਵਿਰੋਧੀ ਪਾਰਟੀਆਂ ਅਤੇ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਕੇਂਦਰੀ ਏਜੰਸੀ ਤੋਂ ਜਾਂਚ ਕਰਵਾਉਣ ਦੀ ਮੰਗ ਕੀਤੀ ਹੈ।

Related posts

ਕੋਰੋਨਾ ਸੰਕਟ ‘ਚ ਕੈਪਟਨ ਵੱਲੋਂ ਨਿਵੇਕਲੀ ਐਂਬੂਲੈਂਸ ਨੂੰ ਹਰੀ ਝੰਡੀ

Gagan Oberoi

CM ਨੇ ਤਿੰਨ ਮਹਿਲਾ ਵਿਧਾਇਕਾਂ ਨੂੰ ਸੂਬੇ ਦੀ ਸਹਾਇਤਾ ਪ੍ਰਾਪਤ ਰੀਪ੍ਰੋਡਕਟਿਵ ਤਕਨਾਲੋਜੀ ਤੇ ਸਰੋਗੇਸੀ ਬੋਰਡ ਦੇ ਗੈਰ ਸਰਕਾਰੀ ਮੈਂਬਰ ਨਾਮਜ਼ਦ ਕੀਤਾ

Gagan Oberoi

PM ਨੇ ਕਿਹਾ- ‘ਭਾਰਤ ‘ਤੇ ਮਾਂ ਕਾਲੀ ਦੀ ਅਸੀਮ ਕਿਰਪਾ’, ਪੋਸਟਰ ਵਿਵਾਦ ਤੇ TMC MP ਮਹੂਆ ਮੋਇਤਰਾ ਦੀ ਬਿਆਨਬਾਜ਼ੀ ਨਾਲ ਜੋੜਿਆ ਜਾ ਰਿਹਾ ਸੰਦਰਭ

Gagan Oberoi

Leave a Comment