ਓਟਵਾ : ਕੋਵਿਡ-19 ਮਹਾਂਮਾਰੀ ਦੌਰਾਨ ਹਰ ਪਾਸਿਓਂ ਮਾਰ ਸਹਿ ਰਹੇ ਇੰਪਲੌਇਰਜ਼ ਲਈ ਫੈਡਰਲ ਸਰਕਾਰ ਵੱਲੋਂ ਐਮਰਜੰਸੀ ਵੇਜ ਸਬਸਿਡੀ ਪ੍ਰੋਗਰਾਮ ਵਿੱਚ ਵਾਧਾ ਕੀਤੇ ਜਾਣ ਸਬੰਧੀ ਬਿੱਲ ਨੂੰ ਮਨਜ਼ੂਰੀ ਦੇ ਦਿੱਤੀ ਗਈ|
ਪਿਛਲੇ ਹਫਤੇ ਹਾਊਸ ਆਫ ਕਾਮਨਜ਼ ਵੱਲੋਂ ਪਾਸ ਕੀਤੇ ਗਏ ਪੈਕੇਜ ਵਿੱਚ ਮਹਿੰਗਾਈ ਦਾ ਸਾਹਮਣਾ ਕਰ ਰਹੇ ਅਪਾਹਜ ਲੋਕਾਂ ਦੀ ਮਦਦ ਲਈ ਵੀ ਇੱਕ ਵਾਰੀ ਆਰਥਿਕ ਮਦਦ ਸ਼ਾਮਲ ਕੀਤੀ ਗਈ, ਇਸ ਦੇ ਨਾਲ ਹੀ ਕੁੱਝ ਅਦਾਲਤੀ ਮਾਮਲਿਆਂ ਲਈ ਡੈਡਲਾਈਨਜ਼ ਵਿੱਚ ਵੀ ਵਾਧਾ ਕੀਤਾ ਗਿਆ|
ਬਿੱਲ ਸੀ-20 ਨੂੰ ਬਿਨਾਂ ਕਿਸੇ ਤਬਦੀਲੀ ਦੇ ਪਾਸ ਕਰ ਦਿੱਤਾ ਗਿਆ| ਲਿਬਰਲ ਸਰਕਾਰ ਇਸ ਸਾਲ ਦੇ ਅੰਤ ਤੱਕ ਅਰਥਚਾਰੇ ਨੂੰ ਲੀਹ ਉੱਤੇ ਲਿਆਉਣਾ ਚਾਹੁੰਦੀ ਹੈ ਤੇ ਇਸ ਲਈ ਵੇਜ ਸਬਸਿਡੀ ਪ੍ਰੋਗਰਾਮ ਵਿੱਚ ਵਾਧਾ ਉਨ੍ਹਾਂ ਦੀ ਇਸ ਯੋਜਨਾ ਦਾ ਧੁਰਾ ਹੈ| ਇਸ ਬਿੱਲ ਦੇ ਪਾਸ ਹੋਣ ਨਾਲ ਸੱਭ ਤੋਂ ਵੱਧ ਨੁਕਸਾਨ ਦੀ ਮਾਰ ਸਹਿ ਰਹੇ ਇੰਪਲੌਇਰਜ਼ ਦੀ ਮਦਦ ਕੀਤੀ ਜਾ ਰਹੀ ਹੈ ਤਾਂ ਕਿ ਮੰਦੀ ਦੇ ਦਰਮਿਆਨ ਵੀ ਉਹ ਆਪਣਾ ਕੰਮਕਾਜ ਜਾਰੀ ਰੱਖਣ ਤੇ ਆਪਣੇ ਵਰਕਰਜ਼ ਦੀ ਛਾਂਗੀ ਨਾ ਕਰਨ| ਇਸ ਬਿੱਲ ਨਾਲ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰ ਰਹੇ ਇੰਪਲੌਇਰਜ਼ ਨੂੰ ਵੱਧ ਤੋਂ ਵੱਧ ਮਦਦ ਦਿੱਤੀ ਜਾਵੇਗੀ| ਪਰ ਸਰਕਾਰ ਦਸੰਬਰ ਤੱਕ ਹੌਲੀ ਹੌਲੀ ਸਬਸਿਡੀਜ਼ ਵਾਪਿਸ ਲੈਣ ਲੱਗੇਗੀ|
ਇਹ ਵਿਸ਼ੇਸ਼ ਸਿਟਿੰਗ ਇੱਕ ਤਰ੍ਹਾਂ ਕੰਜ਼ਰਵੇਟਿਵਜ਼ ਤੇ ਲਿਬਰਲ ਸਰਕਾਰ ਦੀ ਆਲੋਚਨਾ ਕਰਨ ਵਾਲੇ ਹੋਰ ਸੈਨੇਟਰਜ਼ ਲਈ ਸਰਕਾਰ ਦੀ ਨੁਕਤਾਚੀਨੀ ਕਰਨ ਦਾ ਮੌਕਾ ਵੀ ਸੀ ਕਿਉਂਕਿ ਆਲੋਚਕਾਂ ਮੁਤਾਬਕ ਕਈ ਮਹੀਨਿਆਂ ਤੋਂ ਚੱਲੇ ਆ ਰਹੇ ਸੰਕਟ ਨਾਲ ਲਿਬਰਲਾਂ ਨੇ ਸਹੀ ਢੰਗ ਨਾਲ ਨਹੀਂ ਨਜਿੱਠਿਆ| ਇਨ੍ਹਾਂ ਆਲੋਚਕਾਂ ਵੱਲੋਂ ਕੈਨੇਡਾ ਐਮਰਜੰਸੀ ਰਿਸਪਾਂਸ ਬੈਨੇਫਿਟ ਵਿੱਚ ਫਰਾਡ ਹੋਣ ਦਾ ਖਦਸ਼ਾ ਵੀ ਪ੍ਰਗਟਾਇਆ ਜਾ ਰਿਹਾ ਹੈ|
ਇਸ ਦੌਰਾਨ ਵੁਈ ਆਰਗੇਨਾਈਜ਼ੇਸ਼ਨ ਨੂੰ ਦਿੱਤੀ ਗਈ ਤੇ ਰੱਦ ਹੋਈ ਸਟੂਡੈਂਟ ਵਾਲੰਟੀਅਰਿੰਗ ਪ੍ਰੋਗਰਾਮ ਸਬੰਧੀ ਡੀਲ ਬਾਰੇ ਵੀ ਚਰਚਾ ਕੀਤੀ ਗਈ|