ਨਵੀਂ ਦਿੱਲੀ: ਇਸ ਸਾਲ ਦੀ ਇੰਡੀਅਨ ਪ੍ਰੀਮੀਅਰ ਲੀਗ (ਆਈਪੀਐਲ) ਦੀ ਕਿਸਮਤ ਅਜੇ ਵੀ ਅਸਪਸ਼ਟ ਹੈ, ਬੀਸੀਸੀਆਈ ਸਾਰੇ ਵਿਕਲਪਾਂ ਦੀ ਪੜਤਾਲ ਕਰ ਰਿਹਾ ਹੈ ਤਾਂ ਜੋ ਇਹ ਸੁਨਿਸ਼ਚਿਤ ਕੀਤਾ ਜਾ ਸਕੇ ਕਿ ਟੂਰਨਾਮੈਂਟ ਕਿਸੇ ਵੀ ਸਥਿਤੀ ਵਿੱਚ ਹੋ ਜਾਵੇ। ਲੀਗ ਦਾ 13ਵਾਂ ਸੰਸਕਰਣ 29 ਮਾਰਚ ਨੂੰ ਸ਼ੁਰੂ ਹੋਣਾ ਸੀ ਅਤੇ 17 ਮਈ ਨੂੰ ਖ਼ਤਮ ਹੋਣਾ ਸੀ। ਪਰ ਕੋਰੋਨਾ ਮਹਾਮਾਰੀ ਵਿੱਚ, ਬੀਸੀਸੀਆਈ ਨੇ ਲੀਗ ਨੂੰ ਅਣਮਿੱਥੇ ਸਮੇਂ ਲਈ ਮੁਅੱਤਲ ਕਰ ਦਿੱਤਾ ਹੈ। ਹਾਲਾਂਕਿ ਹਾਲੇ ਵੀ ਸਥਿਤੀ ਬਹੁਤੀ ਆਸ਼ਾਜਨਕ ਨਹੀਂ ਹੈ, ਪਰ ਬੀਸੀਸੀਆਈ ਨੇ ਇਸ ਸਾਲ ਟੂਰਨਾਮੈਂਟ ਦੇ ਆਯੋਜਨ ਦੀ ਉਮੀਦ ਨਹੀਂ ਛੱਡੀ ਹੈ। ਖਬਰਾਂ ਅਨੁਸਾਰ, ਬੀਸੀਸੀਆਈ ਭਾਰਤ ਤੋਂ ਬਾਹਰ ਟੂਰਨਾਮੈਂਟ ਕਰਵਾਉਣ ਲਈ ਵੀ ਤਿਆਰ ਹੈ।
ਬੀਸੀਸੀਆਈ ਦੇ ਖਜ਼ਾਨਚੀ ਅਰੁਣ ਧੂਮਲ ਨੇ ਕਿਹਾ ਹੈ ਕਿ ਜਿੱਥੇ ਪਹਿਲੀ ਤਰਜੀਹ ਦੇਸ਼ ਵਿੱਚ ਆਈਪੀਐਲ ਕਰਵਾਉਣਾ ਹੋਵੇਗੀ, ਬੋਰਡ ਭਾਰਤ ਤੋਂ ਬਾਹਰ ਵੀ ਟੂਰਨਾਮੈਂਟ ਕਰਵਾਉਣ ਤੋਂ ਨਹੀਂ ਹਿਚਕਿਚਾਏਗਾ। ਧੂਮਲ ਨੇ ਇੱਕ ਅੰਗਰੇਜ਼ੀ ਅਖ਼ਬਾਰ ਨੂੰ ਕਿਹਾ ਕਿ, ‘ਜੇਕਰ ਇਹ ਸਮਾਂ ਸਾਡੇ ਖਿਡਾਰੀਆਂ ਲਈ ਭਾਰਤ ਵਿੱਚ ਆਈਪੀਐਲ ਖੇਡਣ ਲਈ ਸੁਰੱਖਿਅਤ ਹੈ ਤਾਂ ਇਹ ਸਾਡੀ ਪਹਿਲੀ ਤਰਜੀਹ ਹੋਵੇਗੀ ਪਰ ਜੇ ਸਥਿਤੀ ਇਜਾਜ਼ਤ ਨਹੀਂ ਦਿੰਦੀ ਅਤੇ ਸਾਡੇ ਕੋਲ ਕੋਈ ਵਿਕਲਪ ਨਹੀਂ ਬੱਚਦਾ ਤਾਂ ਅਸੀਂ ਭਾਰਤ ਤੋਂ ਬਾਹਰ ਵੀ ਆਈਪੀਐਲ 2020 ਦਾ ਆਯੋਜਨ ਕਰ ਸਕਦੇ ਹਾਂ।