ਟੋਰਾਂਟੋ, : ਅਗਲੇ ਸਕੂਲ ਵਰ੍ਹੇ ਤੋਂ ਪਹਿਲਾਂ ਓਨਟਾਰੀਓ ਆਪਣੇ ਸਿੱਖਿਆ ਸਬੰਧੀ ਖਰਚਿਆਂ ਵਿੱਚ ਵਾਧਾ ਕਰਨ ਜਾ ਰਿਹਾ ਹੈ। ਕੋਵਿਡ-19 ਮਹਾਂਮਾਰੀ ਕਾਰਨ ਸਕੂਲ ਬੋਰਡਜ਼ ਨੂੰ ਕਈ ਤਰ੍ਹਾਂ ਦੇ ਉਤਰਾਅ ਚੜ੍ਹਾਅ ਵਿੱਚੋਂ ਲੰਘਣਾ ਪੈ ਰਿਹਾ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਫੋਰਡ ਸਰਕਾਰ ਵੱਲੋਂ 2020-2021 ਸਕੂਲ ਵਰ੍ਹੇ ਦੌਰਾਨ ਸਕੂਲ ਬੋਰਡਜ਼ ਨੂੰ 25.5 ਬਿਲੀਅਨ ਡਾਲਰ ਦਿੱਤੇ ਜਾਣਗੇ। ਪਿਛਲੇ ਸਕੂਲ ਵਰੇ੍ਹ ਦੇ ਮੁਕਾਬਲੇ ਇਸ ਵਾਰੀ 736 ਮਿਲੀਅਨ ਡਾਲਰ ਵੱਧ ਦਿੱਤੇ ਜਾਣਗੇ। ਇਹ ਸਭ ਐਜੂਕੇਸ਼ਨ ਸਟਾਫ, ਟੈਕਸਟਬੁੱਕਸ, ਹੋਰ ਸਮੱਗਰੀ, ਤਕਨਾਲੋਜੀ ਤੇ ਕਲਾਸਰੂਮਜ਼ ਨਾਲ ਜੁੜੀਆਂ ਹੋਰ ਸਪਲਾਈਜ਼ ਲਈ ਦਿੱਤਾ ਜਾ ਰਿਹਾ ਹੈ।
ਵਾਧੂ ਖਰਚੇ ਤੋਂ ਭਾਵ ਇਹ ਹੈ ਕਿ ਸਰਕਾਰ ਹੁਣ ਅਗਲੇ ਸਕੂਲ ਵਰ੍ਹੇ ਲਈ ਦਾਖਲ ਹੋਣ ਵਾਲੇ ਹਰੇਕ ਵਿਦਿਆਰਥੀ ਲਈ 12, 525 ਡਾਲਰ ਨੂੰ ਪਾਸੇ ਰਖ ਕੇ ਪਿਛਲੇ ਸਾਲ ਦੇ ਮੁਕਾਬਲੇ 2 ਫੀ ਸਦੀ ਜਾਂ 250 ਡਾਲਰ ਦਾ ਵਾਧਾ ਕਰਨ ਜਾ ਰਹੀ ਹੈ।
ਸਰਕਾਰ ਵਲੋਂ ਅਜ ਇਸ ਸਬੰਧ ਵਿਚ ਪੂਰੇ ਫੰਡਾਂ ਦਾ ਵੇਰਵਾ ਦਿਤਾ ਜਾਵੇਗਾ। ਇਸ ਦੇ ਨਾਲ ਹੀ ਸਤੰਬਰ ਲਈ ਬੈਕ-ਟੂ-ਸਕੂਲ ਯੋਜਨਾ ਬਾਰੇ ਵੀ ਚਾਨਣਾ ਪਾਇਆ ਜਾਵੇਗਾ।