ਓਟਵਾ : ਡਾਕਟਰਾਂ ਵੱਲੋਂ ਲਿਖੇ ਨੁਸਖੇ ਵਾਲੀਆਂ ਦਵਾਈਆਂ ਦੀਆਂ ਕੀਮਤਾਂ ਘਟਾਉਣ ਲਈ ਲਿਆਂਦੇ ਜਾਣ ਵਾਲੇ ਬਿੱਲ ਲਈ ਜੇ ਲਿਬਰਲ ਪਾਰਟੀ ਵਿਰੋਧੀ ਧਿਰ ਵੱਲੋਂ ਤੈਅ ਕੀਤੇ ਮਾਪਦੰਡਾਂ ਉੱਤੇ ਖਰੀ ਨਹੀਂ ਉਤਰਦੀ ਤਾਂ ਅਗਲੀਆਂ ਚੋਣਾਂ ਵਿੱਚ ਫੈਡਰਲ ਐਨਡੀਪੀ ਇਸ ਫਾਰਮਾਕੇਅਰ ਨੂੰ ਕੇਂਦਰੀ ਮੁੱਦਾ ਬਣਾਵੇਗੀ।
ਹਾਊਸ ਆਫ ਕਾਮਨਜ਼ ਵਿੱਚ ਅਹਿਮ ਮੁੱਦਿਆਂ ਉੱਤੇ ਲਿਬਰਲਾਂ ਦਾ ਸਾਥ ਦੇਣ ਲਈ ਐਨਡੀਪੀ ਵੱਲੋਂ ਕੀਤੀ ਗਈ ਡੀਲ ਵਿੱਚ ਲਿਬਰਲਾਂ ਵੱਲੋਂ ਬਕਾਇਦਾ ਇਹ ਕਰਾਰ ਕੀਤਾ ਗਿਆ ਸੀ ਕਿ ਇਸ ਸਾਲ ਨੈਸ਼ਨਲ ਫਾਰਮਾਕੇਅਰ ਲਈ ਫਰੇਮਵਰਕ ਤਿਆਰ ਕਰਨ ਵਾਸਤੇ ਸਰਕਾਰ ਬਿੱਲ ਪੇਸ਼ ਕਰੇਗੀ।ਇਸ ਵੀਕੈਂਡ ਉੱਤੇ ਹੈਮਿਲਟਨ ਵਿੱਚ ਹੋਏ ਆਪਣੇ ਨੀਤੀ ਸਬੰਧੀ ਇਜਲਾਸ ਵਿੱਚ ਐਨਡੀਪੀ ਮੈਂਬਰਾਂ ਨੇ ਐਮਰਜੰਸੀ ਮਤਾ ਲਿਆ ਕੇ ਇਹ ਸਪਸ਼ਟ ਕਰ ਦਿੱਤਾ ਹੈ ਕਿ ਜੇ ਲਿਬਰਲਾਂ ਵੱਲੋਂ ਯੂਨੀਵਰਸਲ, ਕੌਂਪਰੀਹੈਂਸਿਵ ਤੇ ਪਬਲਿਕ ਫਾਰਮਾਕੇਅਰ ਪ੍ਰੋਗਰਾਮ ਪ੍ਰਤੀ ਆਪਣੀ ਵਚਨਬੱਧਤਾ ਨਹੀਂ ਪੂਰੀ ਕੀਤੀ ਜਾਂਦੀ ਤਾਂ ਉਨ੍ਹਾਂ ਵੱਲੋਂ ਸਰਕਾਰ ਤੋਂ ਸਮਰਥਨ ਵਾਪਿਸ ਲੈ ਲਿਆ ਜਾਵੇਗਾ।
ਐਨਡੀਪੀ ਦੀ ਨੈਸ਼ਨਲ ਡਾਇਰੈਕਟਰ ਐਨ ਮੈਕਗ੍ਰੈੱਥ ਨੇ ਆਖਿਆ ਕਿ ਇਹ ਬਿੱਲ ਲੈ ਕੇ ਆਉਣਾ ਉਨ੍ਹਾਂ ਦੀ ਪਾਰਟੀ ਦੀ ਮੁੱਖ ਤਰਜੀਹ ਹੈ। ਉਨ੍ਹਾਂ ਆਖਿਆ ਕਿ ਪਾਰਲੀਆਮੈਂਟੇਰੀਅਨਜ਼ ਇਸ ਹਫਤੇ ਹਾਊਸ ਆਫ ਕਾਮਨਜ਼ ਵਿੱਚ ਪਰਤ ਰਹੇ ਹਨ ਤੇ ਐਨਡੀਪੀ ਵੇਖੇਗੀ ਕਿ ਇਸ ਬਿੱਲ ਉੱਤੇ ਜ਼ਰੂਰ ਅਮਲ ਹੋਵੇ। ਸ਼ਨਿੱਚਰਵਾਰ ਨੂੰ ਐਨਡੀਪੀ ਦੇ ਇਜਲਾਸ ਵਿੱਚ ਜਗਮੀਤ ਸਿੰਘ ਨੇ ਸਪਸ਼ਟ ਕੀਤਾ ਕਿ ਪਾਰਟੀ ਤਬਦੀਲੀ ਲੈ ਕੇ ਆਉਣ ਤੇ ਕੈਨੇਡਾ ਦੇ ਪੁਨਰ ਨਿਰਮਾਣ ਲਈ ਵਚਨਬੱਧ ਹੈ।