Punjab

ਰੰਧਾਵਾ ਦਾ ਮਜੀਠੀਆ ‘ਤੇ ਤਿੱਖਾ ਹਮਲਾ; ਕਿਹਾ- ਮੈਨੂੰ, ਚੰਨੀ ਤੇ ਪੁਲਿਸ ਅਫ਼ਸਰਾਂ ਨੂੰ ਦਿੱਤੀਆਂ ਸਨ ਧਮਕੀਆਂ

ਡਰੱਗ ਤਸਕਰੀ ਵਿਚ ਨਾਮਜ਼ਦ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ’ਤੇ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਤਿੱਖਾ ਹਮਲਾ ਕੀਤਾ ਹੈ। ਪੱਤਰਕਾਰ ਸੰਮੇਲਨ ਵਿਚ ਰੰਧਾਵਾ ਨੇ ਕਿਹਾ ਕਿ ਹਾਈ ਕੋਰਟ ਤੋਂ ਜ਼ਮਾਨਤ ਮਿਲਣ ਤੋਂ ਬਾਅਦ ਨੇ ਉਨ੍ਹਾਂ, ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਸਮੇਤ ਪੁਲਿਸ ਅਧਿਕਾਰੀਆਂ ਨੂੰ ਧਮਕੀਆਂ ਦਿੱਤੀਆਂ ਸਨ। ਡਰੱਗ ਤਸਕਰੀ ਵਿਚ ਸ਼ਾਮਲ ਇੱਕ ਨੇਤਾ ਜਿਸ ’ਤੇ ਐੱਫਆਈਆਰ ਦਰਜ ਹੋਵੇ, ਬਾਸ਼ਰਤ ਅੰਤਿ੍ਰਮ ਜ਼ਮਾਨਤ ਮਿਲੀ ਹੋਵੇ, ਖੁੱਲ੍ਹੇਆਮ ਚੈਲੇਂਜ ਕਰ ਰਿਹਾ ਹੈ।

ਲੱਖਾਂ ਮਾਵਾਂ ਦੀ ਅਰਦਾਸ ਨਾਲ ਜ਼ਮਾਨਤ ਮਿਲਣ ਦੀ ਗੱਲ ਕਰਨ ਵਾਲਾ ਮਜੀਠੀਆ ਦੱਸੇ ਕਿ ਜੋ ਹਜ਼ਾਰਾਂ ਨੌਜਵਾਨ ਨਸ਼ੇ ਦੀ ਭੇਟ ਚੜ੍ਹ ਗਏ, ਕੀ ਉਨ੍ਹਾਂ ਦੀਆਂ ਮਾਵਾਂ ਦੀ ਹਾਅ ਵੀ ਨਹੀਂ ਲੱਗੇਗੀ। ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਤਾਂ ਕਾਨੂੰਨੀ ਪ੍ਰਣਾਲੀ ’ਤੇ ਹੀ ਸਵਾਲ ਖੜ੍ਹੇ ਕੀਤੇ ਸਨ। ਰੰਧਾਵਾ ਨੇ ਕਿਹਾ ਕਿ ਪੰਜਾਬ ਵਿਚ 2008 ਤੋਂ ਪਹਿਲਾਂ ਕਿਸੇ ਨੇ ਚਿੱਟੇ ਅਤੇ ਮਾਫੀਆ ਦਾ ਨਾਂ ਨਹੀਂ ਸੁਣਿਆ ਸੀ। ਜਦੋਂ ਮਜੀਠੀਆ ਦੀ ਸਰਕਾਰ ਵਿਚ ਦਸਤਕ ਹੋਈ ਤਦ ਚਿੱਟਾ ਵਿਕਣ ਲੱਗਾ, ਟਰਾਂਸਪੋਰਟ ਮਾਫੀਆ, ਕੇਬਲ ਮਾਫੀਆ ਅਤੇ ਕਈ ਮਾਫੀਆ ਸਰਗਰਮ ਹੋ ਗਏ।

ਰੰਧਾਵਾ ਨੇ ਕਿਹਾ ਕਿ ਅਕਾਲੀ ਦਲ ਦੀ ਡੋਰ ਜਦੋਂ ਪ੍ਰਕਾਸ਼ ਸਿੰਘ ਬਾਦਲ ਦੇ ਹੱਥ ’ਚ ਸੀ, ਤਦ ਅਕਾਲੀ ਦਲ ਅਤੇ ਕਾਂਗਰਸ ਵਿਚ ਕਦੇ ਕੁੜੱਤਣ ਨਹੀਂ ਘੁਲੀ। ਉਨ੍ਹਾਂ ਦੇ ਪਿਤਾ ਸੰਤੋਖ ਸਿੰਘ ਰੰਧਾਵਾ ਅਤੇ ਪ੍ਰਕਾਸ਼ ਸਿੰਘ ਬਾਦਲ ਵਿਰੋਧੀ ਧਿਰ ਵਿਚ ਬੈਠਦੇ ਸਨ ਪਰ ਕਦੇ ਵਿਵਾਦ ਨਹੀਂ ਹੋਇਆ। ਇਹ ਕੁੜੱਤਣ ਤਦ ਪਣਪੀ ਜਦੋਂ ਕਰੂਰ ਜਨਰਲ ਡਾਇਰ ਨੂੰ ਸਨਮਾਨਿਤ ਕਰਨ ਵਾਲੇ ਮਜੀਠੀਆ ਪਰਿਵਾਰ ਦੇ ਬਿਕਰਮ ਸਿੰਘ ਮਜੀਠੀਆ ਦੀ ਅਕਾਲੀ ਦਲ ਵਿਚ ਐਂਟਰੀ ਹੋਈ। ਉਦੋਂ ਤੋਂ ਅਕਾਲੀ ਦਲ ਦਾ ਵਿਨਾਸ਼ ਸ਼ੁਰੂ ਹੋ ਗਿਆ। ਅਕਾਲੀ ਦਲ ਦੇ ਕਈ ਸੀਨੀਅਰ ਨੇਤਾਵਾਂ ਨੇ ਬਾਦਲ ਤੋਂ ਕਿਨਾਰਾ ਕਰ ਲਿਆ।

ਰੰਧਾਵਾ ਨੇ ਕਿਹਾ ਕਿ ਪ੍ਰਕਾਸ਼ ਸਿੰਘ ਬਾਦਲ ਨੇ ਜੇਲ੍ਹ ਕੱਟੀ। ਅੱਜ ਵੀ ਮੇਰੇ ਮੂੰਹੋਂ ਵੀ ਉਨ੍ਹਾਂ ਲਈ ਸਨਮਾਨਜਨਕ ਸ਼ਬਦ ਨਿਕਲਦੇ ਹਨ ਪਰ ਮੇਰਾ ਖਿਆਲ ਹੈ ਕਿ ਜੇਕਰ ਸੁਖਬੀਰ ਬਾਦਲ ਨੂੰ ਅੱਗੇ ਨਹੀਂ ਲਿਆਉਂਦੇ ਤਾਂ ਅਕਾਲੀ ਦਲ ਦਾ ਇਹ ਹਾਲ ਨਾ ਹੁੰਦਾ। ਕਾਂਗਰਸ ਦਾ ਸੀਐੱਮ ਫੇਸ ਬਣਨ ਦੇ ਸਵਾਲ ’ਤੇ ਰੰਧਾਵਾ ਨੇ ਕਿਹਾ ਕਿ ਉਹ ਸਿਰਫ਼ ਹੋਮ ਮਨਿਸਟਰ ਹੀ ਰਹਿਣਾ ਚਾਹੁੰਦੇ ਹਨ ਅਤੇ ਪੰਜਾਬ ਤੋਂ ਸੁਖਬੀਰ ਅਤੇ ਮਜੀਠੀਆ ਦਾ ਗੁੰਡਾਰਾਜ ਖਤਮ ਕਰਨਾ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਜੇ ਉਨ੍ਹਾਂ ਨੂੰ ਪ੍ਰਦੇਸ਼ ਕਾਂਗਰਸ ਦਾ ਪ੍ਰਧਾਨ ਬਣਾਇਆ ਜਾਵੇ ਤਾਂ ਬਿਹਤਰ ਹੋਵੇਗਾ।

ਇਸ ਮੌਕੇ ਲੋਕ ਸਭਾ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਕਿਹਾ ਕਿ ਮਜੀਠੀਆ ਨੇ ਧਮਕੀ ਭਰੇ ਲਹਿਜ਼ੇ ਵਿਚ ਡੀਜੀਪੀ, ਗ੍ਰਹਿ ਮੰਤਰੀ ਅਤੇ ਅਧਿਕਾਰੀਆਂ ਨੂੰ ਚਿਤਾਵਨੀ ਦਿੱਤੀ ਸੀ। ਮਜੀਠੀਆ ’ਤੇ ਦਰਜ ਕੇਸ ਰਾਜਨੀਤੀ ਤੋਂ ਪੇ੍ਰਰਿਤ ਨਹੀਂ, ਨਸ਼ੇ ਦੇ ਸੌਦਾਗਰਾਂ ’ਤੇ ਨੁਕੇਲ ਕੱਸੀ ਗਈ ਹੈ।

ਪਾਕਿਸਤਾਨ ਵਾਲੀ ਨੂੰ ਘਰ ’ਚ ਰੱਖਦੇ ਹਨ ਕੈਪਟਨ

ਰੰਧਾਵਾ ਨੇ ਕਿਹਾ ਕਿ ਸਿੱਧੂ ਦੇ ਨਾਲ ਕੋਈ ਨਾਰਾਜ਼ਗੀ ਨਹੀਂ ਹੈ। ਉਨ੍ਹਾਂ ਦੇ ਪਿਤਾ ਅਤੇ ਮੇਰੇ ਪਿਤਾ ਦੋਸਤ ਸਨ। ਸਿੱਧੂ ਦੇ ਪਾਕਿਸਤਾਨ ਸਬੰਧਾਂ ’ਤੇ ਰੰਧਾਵਾ ਨੇ ਕੈਪਟਨ ਅਮਰਿੰਦਰ ਸਿੰਘ ’ਤੇ ਪਲਟਵਾਰ ਕੀਤਾ ਅਤੇ ਕਿਹਾ ਕਿ ਕੈਪਟਨ ਪਾਕਿਸਤਾਨੀ ਵਾਲੀ ਨੂੰ ਆਪਣੇ ਘਰ ਰੱਖਦੇ ਹਨ। ਮੈਂ ਪੰਜਾਬ ਮਾਡਲ ਨਹੀਂ, ਕਾਂਗਰਸ ਮਾਡਲ ਦਾ ਹਮਾਇਤੀ ਹਾਂ।

ਬਹਿਬਲ ਕਲਾਂ ਮਾਮਲੇ ’ਚ ਕੁੰਵਰ ਨੇ ਚਮਕਾਈ ਰਾਜਨੀਤੀ

ਸਾਬਕਾ ਆਈਪੀਐੱਸ ਕੁੰਵਰ ਵਿਜੇ ਪ੍ਰਤਾਪ ’ਤੇ ਹਮਲਾ ਕਰਦਿਆਂ ਰੰਧਾਵਾ ਨੇ ਕਿਹਾ ਕਿ ਬਹਿਬਲ ਕਲਾਂ ਮਾਮਲੇ ਵਿਚ ਕੁੰਵਰ ਵਿਜੇ ਪ੍ਰਤਾਪ ਨੇ ਰਾਜਨੀਤੀ ਚਮਕਾਈ। ਕੁੰਵਰ ਨੂੰ ਜਵਾਬ ਦੇਣਾ ਹੋਵੇਗਾ ਕਿ ਉਨ੍ਹਾਂ ਨੇ ਦਸਵਾਂ ਚਲਾਨ ਪੇਸ਼ ਕਿਉਂ ਨਹੀਂ ਕੀਤਾ। ਕੁੰਵਰ ਕਹਿੰਦੇ ਸਨ ਕਿ ਉਹ ਸਿੱਧੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਹੀ ਗੱਲ ਕਰਨਗੇ। ਚਲਾਨ ਪੇਸ਼ ਨਾ ਕਰਨ ਤੋਂ ਸਾਫ਼ ਹੈ ਕਿ ਕੈਪਟਨ¸ਕੁੰਵਰ ਆਪਸ ਵਿਚ ਮਿਲੇ ਸਨ।

Related posts

Statement by the Prime Minister to mark the New Year

Gagan Oberoi

Gurmeet Ram Rahim: ਗੁਰਮੀਤ ਰਾਮ ਰਹੀਮ ਦੀ ਪੈਰੋਲ ਖਤਮ, ਸਖ਼ਤ ਸੁਰੱਖਿਆ ਹੇਠ ਬਾਗਪਤ ਤੋਂ ਆਪਣੇ ਨਾਲ ਲੈ ਗਈ ਹਰਿਆਣਾ ਪੁਲਿਸ

Gagan Oberoi

ਰਾਹੁਲ ਗਾਂਧੀ ਅਤੇ ਮੰਤਰੀ ਵਿਚਕਾਰ ਤਿੱਖੀ ਬਹਿਸ, ਵੀਡੀਓ ਵਾਇਰਲ

Gagan Oberoi

Leave a Comment