ਕੈਲਗਰੀ : ਅਲਬਰਟਾ ਦੇ ਰੈਡ ਡੀਅਰ ਤੋਂ ਮੈਂਬਰ ਪਾਰਲੀਮੈਂਟ ਬਲੇਨ ਕੈਲਕਿਨਜ਼ ਨੇ ਪ੍ਰਸ਼ਨ ਕਾਲ ਦੌਰਾਨ ਵਰਚੂਅਲ ਤੌਰ ਤੇ ਹਿੱਸੇ ਲੈਂਦੇ ਸਮੇਂ ਗੱਲਬਾਤ ਦੌਰਾਨ ”ਮਿਡਲ ਫਿੰਗਰ’ ਦਾ ਪ੍ਰਯੋਗ ਕਰ ਦਿੱਤਾ। ਜਿਸ ਤੋਂ ਬਾਅਦ ਕਈ ਰਾਜਨੀਤਿਕ ਆਗੂਆਂ ਨੇ ਉਨ੍ਹਾਂ ਦੀ ਇਸ ਹਰਕਤ ‘ਤੇ ਇਤਰਾਜ਼ ਜਤਾਇਆ ਜਿਸ ਤੋਂ ਬਾਅਦ ਬਲੇਨ ਨੂੰ ਮਾਫੀ ਮੰਗਣੀ ਪਈ। ਦਰਅਸਲ ਰੈੱਡ ਡੀਅਰ ਤੋਂ ਮੈਂਬਰ ਪਾਰਲੀਮੈਂਟ ਬਲੇਨ ਪ੍ਰਸ਼ਨ ਕਾਲ ਦੌਰਾਨ ਸੂਬੇ ‘ਚ ਤੇਲ ਕੱਢਣ ਵਾਲੀਆਂ ਕੰਪਨੀਆਂ ਸਬੰਧੀ ਲਿਬਰਲ ਸਰਕਾਰ ਦੀਆਂ ਨੀਤੀਆਂ ਬਾਰੇ ਗੱਲਬਾਤ ਕਰ ਰਹੇ ਸਨ। ਬਲੇਨ ਨੇ ਕਿਹਾ ਕਿ ਫੈਡਰਲ ਸਰਕਾਰ ਨੇ ਲੋੜ ਪੈਣ ‘ਤੇ ਅਲਬਰਟਾ ਦੇ ਕਿਸਾਨਾਂ ਅਤੇ ਤੇਲ ਉਤਪਾਦਕ ਕੰਪਨੀਆਂ ਲਈ ਕੁਝ ਵੀ ਨਹੀਂ ਕੀਤਾ। ਬਲੇਨ ਨੇ ਇਸ ਦੌਰਾਨ ”ਮਿਡਲ ਫਿੰਗਰ” ਦਿਖਾਉਂਦੇ ਹੋਏ ਕਿਹਾ ”ਮਿਸਟਰ ਸਪੀਕਰ, ਪ੍ਰਧਾਨ ਮੰਤਰੀ ਪੱਛਮੀ ਕੈਨੇਡਾ ਨੂੰ ਕਿਉਂ ਨਹੀਂ ਦੱਸਦੇ ਕਿ ਉਹ ਅਸਲ ‘ਚ ਸਾਡੇ ਬਾਰੇ ਕੀ ਸੋਚਦਾ ਹੈ, ਜਿਵੇਂ ਕਿ ਉਸਦੇ ਪਿਤਾ ਨੇ ਕੀਤਾ ਸੀ।” ਇਸ ਤੋਂ ਬਾਅਦ ਲੋਂਗੂਇਲ-ਚਾਰਲਜ਼ ਲੋਮੇਯਿਨ ਲਈ ਲਿਬਰਲ ਸੰਸਦ ਮੈਂਬਰ ਸ਼ੈਰੀ ਰੈਮਾਨਾਡੋ ਨੇ ਉਨ੍ਹਾਂ ਨੂੰ ਇਸ ਹਰਕਤ ਲਈ ਮੁਆਫੀ ਮੰਗਣ ਲਈ ਕਿਹਾ। ਮੁਆਫੀ ਮੰਗਣ ਸਮੇਂ ਬਲੇਨ ਨੇ ਕਿਹਾ ”ਮੇਰਾ ਕੋਈ ਅਜਿਹਾ ਇਰਾਦਾ ਨਹੀਂ ਸੀ, ਪਰ ਫਿਰ ਵੀ ਜੇ ਇਸ ਨਾਲ ਕਿਸੇ ਨੂੰ ਠੇਸ ਪਹੁੰਚੀ ਹੈ ਤਾਂ ਮੈਂ ਮੁਆਫੀ ਮੰਗਦਾ ਹਾਂ।” ਜ਼ਿਕਰਯੋਗ ਹੈ ਕਿ 2017 ‘ਚ ਵੀ ਵਿਨੀਪੈੱਗ ਦੇ ਇੱਕ ਟਾਊਨ ਹਾਲ ‘ਚ ਸ਼ਾਮਲ ਹੋਣ ਸਮੇਂ ਵਿਦਿਆਰਥੀ ਨੇ ਟਰੂਡੋ ਤੋਂ ਪੁੱਛਿਆ ਸੀ ਕਿ ਉਨ੍ਹਾਂ ਦੇ ਪਿਤਾ ਨੇ ਪੱਛਮੀ ਸੂਬਿਆਂ ਨੂੰ ”ਮਿਡਲ ਫਿੰਗਰ” ਕਿਉਂ ਕੀਤੀ ਸੀ? ਜਿਸ ਤੋਂ ਬਾਅਦ ਉਥੇ ਮੌਜੂਦ ਗਾਰਡ ਵਲੋਂ ਵਿਦਿਆਰਥੀ ਨੂੰ ਫੜ ਲਿਆ ਗਿਆ ਸੀ।