ਰੂਸ ਨੇ ਬੀਤੀ ਰਾਤ ਮਿਜ਼ਾਈਲਾਂ ਅਤੇ ਡਰੋਨਾਂ ਨਾਲ ਪੂਰੇ ਯੂਕਰੇਨ ਨੂੰ ਮੁੜ ਨਿਸ਼ਾਨਾ ਬਣਾਇਆ ਜਿਸ ’ਚ ਪੰਜ ਵਿਅਕਤੀ ਮਾਰੇ ਗਏ। ਇਨ੍ਹਾਂ ਹਮਲਿਆਂ ਮਗਰੋਂ ਰਾਜਧਾਨੀ ਕੀਵ ਦੇ ਬਾਹਰੀ ਇਲਾਕਿਆਂ ’ਚ ਕਈ ਥਾਈਂ ਅੱਗ ਲੱਗ ਗਈ। ਇਸ ਤੋਂ ਇਕ ਦਿਨ ਪਹਿਲਾਂ ਰੂਸ ਨੇ ਯੂਕਰੇਨ ਦੇ ਊਰਜਾ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਸੀ।
ਯੂਕਰੇਨ ਦੇ ਦੱਖਣੀ ਖਣਨ ਅਤੇ ਸਨਅਤੀ ਸ਼ਹਿਰ ਕ੍ਰਿਵੀ ਰਿਹਸਟ੍ਰੱਕ ਦੇ ਫੌਜੀ ਪ੍ਰਸ਼ਾਸਨ ਦੇ ਮੁਖੀ ਓਲੈਕਸਾਂਡਰ ਵਿਲਕੁਲ ਮੁਤਾਬਕ ਰਿਹਾਇਸ਼ੀ ਇਮਾਰਤ ਨੂੰ ਨਿਸ਼ਾਨਾ ਬਣਾ ਕੇ ਕੀਤੇ ਗਏ ਹਮਲੇ ’ਚ ਦੋ ਵਿਅਕਤੀਆਂ ਦੀ ਮੌਤ ਹੋ ਗਈ। ਰੂਸ ਵੱਲੋਂ ਸੋਮਵਾਰ ਨੂੰ ਕੀਤੇ ਗਏ ਹਮਲੇ ਮਗਰੋਂ ਕੀਵ ’ਚ ਬਿਜਲੀ ਸਪਲਾਈ ਠੱਪ ਹੋ ਗਈ ਅਤੇ ਰਾਤ ਨੂੰ ਘੱਟੋ ਘੱਟ ਪੰਜ ਵਾਰ ਹਵਾਈ ਹਮਲੇ ਦਾ ਅਲਰਟ ਜਾਰੀ ਕੀਤਾ ਗਿਆ। ਖੇਤਰੀ ਪ੍ਰਸ਼ਾਸਕ ਨੇ ਦੱਸਿਆ ਕਿ ਹਵਾਈ ਰੱਖਿਆ ਪ੍ਰਣਾਲੀਆਂ ਨੇ ਰੂਸ ਵੱਲੋਂ ਡਰੋਨ ਅਤੇ ਮਿਜ਼ਾਈਲਾਂ ਨਾਲ ਕੀਤੇ ਗਏ ਸਾਰੇ ਹਮਲਿਆਂ ਨੂੰ ਨਾਕਾਮ ਕਰ ਦਿੱਤਾ ਗਿਆ ਪਰ ਮਲਬੇ ਕਾਰਨ ਜੰਗਲ ’ਚ ਅੱਗ ਲੱਗ ਗਈ। ਰਾਸ਼ਟਰਪਤੀ ਵਲੋਦੀਮੀਰ ਜ਼ੇਲੈਂਸਕੀ ਨੇ ਸੋਮਵਾਰ ਨੂੰ 100 ਤੋਂ ਵਧ ਮਿਜ਼ਾਈਲਾਂ ਅਤੇ ਇੰਨੀ ਹੀ ਗਿਣਤੀ ’ਚ ਡਰੋਨ ਹਮਲੇ ਨੂੰ ਘਿਨਾਉਣੀ ਹਰਕਤ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਹਮਲਿਆਂ ’ਚ ਜਨਤਕ ਬੁਨਿਆਦੀ ਢਾਂਚੇ ਨੂੰ ਨੁਕਸਾਨ ਪਹੁੰਚਿਆ ਅਤੇ ਦੇਸ਼ ਦੇ ਜ਼ਿਆਦਾਤਰ ਹਿੱਸੇ ਨੂੰ ਨਿਸ਼ਾਨਾ ਬਣਾਇਆ ਗਿਆ। ਪ੍ਰਧਾਨ ਮੰਤਰੀ ਡੇਨਿਸ ਸ਼ਮਿਹਾਲ ਨੇ ਕਿਹਾ ਕਿ ਰੂਸੀ ਦਹਿਸ਼ਤਗਰਦਾਂ ਵੱਲੋਂ ਮੁੜ ਊਰਜਾ ਬੁਨਿਆਦੀ ਢਾਂਚੇ ਨੂੰ ਨਿਸ਼ਾਨਾ ਬਣਾਇਆ ਗਿਆ ਹੈ। ਉਨ੍ਹਾਂ ਭਾਈਵਾਲ ਮੁਲਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਲੰਬੀ ਦੂਰੀ ਦੇ ਹਥਿਆਰ ਯੂਕਰੇਨ ਨੂੰ ਦੇਣ ਅਤੇ ਰੂਸ ਅੰਦਰ ਹਮਲਿਆਂ ਦੀ ਇਜਾਜ਼ਤ ਦਿੱਤੀ ਜਾਵੇ। ਉਧਰ ਰੂਸੀ ਅਧਿਕਾਰੀਆਂ ਨੇ ਕਿਹਾ ਕਿ ਚਾਰ ਯੂਕਰੇਨੀ ਮਿਜ਼ਾਈਲਾਂ ਨੂੰ ਕੁਰਸਕ ਖ਼ਿੱਤੇ ’ਚ ਡੇਗ ਦਿੱਤਾ ਗਿਆ ਜਿਥੇ ਰੂਸੀ ਫੌਜ ਨੂੰ ਯੂਕਰੇਨ ਨਾਲ ਲੋਹਾ ਲੈਣਾ ਪੈ ਰਿਹਾ ਹੈ। ਖ਼ਿੱਤੇ ’ਚ ਜੰਗ ਨੇ ਉਥੇ ਪਰਮਾਣੂ ਪਾਵਰ ਪਲਾਂਟ ਬਾਰੇ ਖ਼ਦਸ਼ੇ ਖੜ੍ਹੇ ਕਰ ਦਿੱਤੇ ਹਨ। ਕੌਮਾਂਤਰੀ ਪਰਮਾਣੂ ਊਰਜਾ ਏਜੰਸੀ ਦੇ ਮੁਖੀ ਰਾਫੇਲ ਗਰੌਸੀ ਨੇ ਕਿਹਾ ਕਿ ਉਹ ਪਲਾਂਟ ਦਾ ਦੌਰਾ ਕਰਨਗੇ।