Canada

ਰਿਪੁਦਮਨ ਦੀ ਹੱਤਿਆ ਨੂੰ ਲੈ ਕੇ ਕੈਨੇਡਾ ਪੁਲਿਸ ਦੇ ਹੱਥ ਖਾਲੀ, ਕਿਹਾ- ਜਾਂਚ ਦੋ ਹਫ਼ਤਿਆਂ ‘ਚ ਵੀ ਪੂਰੀ ਹੋ ਸਕਦੀ ਹੈ ਤੇ ਦੋ ਸਾਲ ਵੀ ਲੱਗ ਸਕਦੇ ਹਨ

ਬ੍ਰਿਟਿਸ਼ ਕੋਲੰਬੀਆ ’ਚ ਅਮੀਰ ਸਿੱਖ ਕਾਰੋਬਾਰੀ ਰਿਪੁਦਮਨ ਸਿੰਘ ਮਲਿਕ ਦੇ ਕਤਲ ਦੇ ਮਾਮਲੇ ’ਚ ਕੈਨੇਡੀਅਨ ਪੁਲਿਸ ਨੂੰ ਹਾਲੇ ਤੱਕ ਕੋਈ ਵੱਡਾ ਸੁਰਾਗ਼ ਹੱਥ ਨਹੀਂ ਲੱਗਾ ਹੈ, ਉਂਝ ਭਾਵੇਂ ਪੁਲਿਸ ਦੀ ਪ੍ਰਮੁੱਖ ਹੋਮੀਸਾਈਡ ਯੂਨਿਟ ਨੇ ਚਿੱਟੇ ਰੰਗ ਦੀ ਹੌਂਡਾ ਸੀਆਰਵੀ ਕਾਰ ਦੀ ਵੀਡੀਓ ਫ਼ੁਟੇਜ ਜਾਰੀ ਕੀਤੀ ਹੈ, ਜਿਸ ਨੂੰ ਇਸ ਕਤਲ ਕਾਂਡ ਨਾਲ ਸਬੰਧਤ ਦੱਸਿਆ ਜਾ ਰਿਹਾ ਹੈ।

ਵੀਰਵਾਰ ਨੂੰ ਸਵੇਰੇ 9:30 ਵਜੇ ਜਦੋਂ 75 ਸਾਲਾ ਮਲਿਕ ਆਪਣੇ ‘ਪੈਪੀਲੌਨ ਈਸਟਰਨ ਇੰਪੋਰਟਸ’ ਨਾਂ ਦੇ ਕਾਰੋਬਾਰੀ ਦਫ਼ਤਰ ’ਚ ਜਾਣ ਲਈ ਆਪਣੀ ਟੈਸਲਾ ਕਾਰ ਪਾਰਕ ਕਰ ਰਹੇ ਸਨ, ਉਦੋਂ ਇਸੇ ਚਿੱਟੀ ਕਾਰ ’ਚ ਬੈਠੇ ਇਕ ਵਿਅਕਤੀ ਨੇ ਉਨ੍ਹਾਂ ’ਤੇ ਗੋਲ਼ੀਆਂ ਚਲਾਈਆਂ ਸਨ। ਇਹ ਕਾਰ ਮਲਿਕ ਦੇ ਆਉਣ ਤੋਂ ਪਹਿਲਾਂ ਹੀ ਆ ਗਈ ਸੀ ਤੇ ਉਸ ’ਚ ਬੈਠੇ ਕਾਤਲ ਨੇ ਉਨ੍ਹਾਂ ਦੀ ਕੁਝ ਚਿਰ ਉਡੀਕ ਕੀਤੀ। ਪੁਲਿਸ ਵੱਲੋਂ ਜਾਰੀ ਕੀਤੀ ਗਈ ਵੀਡੀਓ ’ਚੋਂ ਇਹ ਵੀ ਪਤਾ ਲੱਗਦਾ ਹੈ ਕਿ ਹਮਲਾਵਰ ਦੀ ਉਸ ਕਾਰ ’ਚ ਇਕ ਤੋਂ ਵੱਧ ਵਿਅਕਤੀ ਸਨ। ਪੁਲਿਸ ਨੇ ਆਮ ਜਨਤਾ ਨੂੰ ਅਪੀਲ ਕੀਤੀ ਹੈ ਕਿ ਜੇ ਕਿਸੇ ਕੋਲ ਇਸ ਬਾਰੇ ਕੋਈ ਵੀ ਨਵੀਂ ਜਾਣਕਾਰੀ ਹੋਵੇ ਤਾਂ ਉਹ ਤੁਰੰਤ ਦੱਸੀ ਜਾਵੇ। ਉਂਝ ਪੁਲਿਸ ਨੇ ਰਿਪੁਦਮਨ ਸਿੰਘ ਮਲਿਕ ਦੀ ਕਾਰ ਦੇ ਡੈਸ਼ਬੋਰਡ ’ਤੇ ਲੱਗੇ ਕੈਮਰੇ ਦੀ ਸਵੇਰੇ 7:00 ਵਜੇ ਤੋਂ ਲੈ ਕੇ 9:00 ਤੱਕ ਦੀ ਫੁਟੇਜ ਲੈ ਲਈ ਹੈ।

ਕੈਨੇਡਾ ਤੇ ਪੰਜਾਬ ਹੀ ਨਹੀਂ, ਦੁਨੀਆ ’ਚ ਜਿਸ ਕਿਸੇ ਨੇ ਵੀ ਰਿਪੁਦਮਨ ਸਿੰਘ ਮਲਿਕ ਦੇ ਕਤਲ ਦੀ ਖ਼ਬਰ ਸੁਣੀ, ਉਹ ਸੁੰਨ ਹੋ ਗਿਆ। ਉਹ ਪੰਜਾਬੀ ਹਲਕਿਆਂ ’ਚ ਕਾਫ਼ੀ ਚਰਚਿਤ ਹਸਤੀ ਰਹੇ ਹਨ। ਇਸੇ ਲਈ ਰਾਇਲ ਕੈਨੇਡੀਅਨ ਮਾਊਂਟਿਡ ਪੁਲਿਸ ਦੇ ਇਕ ਸੇਵਾ-ਮੁਕਤ ਅਧਿਕਾਰੀ ਡੂਗ ਬੈਸਟ ਨੇ ਕਿਹਾ ਕਿ ਜੇ ਉਨ੍ਹਾਂ ਦੇ ਏਨੇ ਜਾਣਕਾਰ ਸਨ, ਤਾਂ ਉਨ੍ਹਾਂ ਦੇ ਕੋਈ ਨਾ ਕੋਈ ਦੋਖੀ ਵੀ ਜ਼ਰੂਰ ਹੋਣਗੇ ਤੇ ਇਹ ਕਾਰਾ ਉਨ੍ਹਾਂ ’ਚੋਂ ਹੀ ਕਿਸੇ ਦੁਸ਼ਮਣਾਂ ਦਾ ਹੋ ਸਕਦਾ ਹੈ।

ਮਲਿਕ ਦੇ ਕਤਲ ਸਬੰਧੀ ਜਾਂਚ ਕਰ ਰਹੀ ‘ਇੰਟੈਗਰੇਟਡ ਹੋਮੀਸਾਈਡ ਇਨਵੈਸਟੀਗੇਸ਼ਨ ਟੀਮ’ (ਆਈਐੱਚਆਈਟੀ) ਦੇ ਸਾਰਜੈਂਟ ਡੇਵਿਡ ਲੀ ਨੇ ਕਿਹਾ ਹੈ ਕਿ ਇਹ ਇਕ ‘ਹਾਈ ਪ੍ਰੋਫਾਈਲ ਅੰਤਰਰਾਸ਼ਟਰੀ ਮਾਮਲਾ ਹੈ’ ਅਤੇ ਅਜਿਹੇ ਮਾਮਲੇ ਗੁੰਝਲਦਾਰ ਹੁੰਦੇ ਹਨ ਤੇ ਇਨ੍ਹਾਂ ਦੀ ਜਾਂਚ ’ਚ ਕਿੰਨਾ ਸਮਾਂ ਲੱਗੇਗਾ, ਇਸ ਬਾਰੇ ਹਾਲੇ ਪੱਕੇ ਤੌਰ ’ਤੇ ਕੁਝ ਨਹੀਂ ਕਿਹਾ ਜਾ ਸਕਦਾ। ਉਨ੍ਹਾਂ ਕਿਹਾ ਕਿ ਇਸ ਕਤਲ ਕਾਂਡ ਦੀ ਜਾਂਚ ਨਤੀਜੇ ਸਾਹਮਣੇ ਆਉਣ ’ਚ ਦੋ ਹਫ਼ਤੇ ਵੀ ਲੱਗ ਸਕਦੇ ਹਨ, ਦੋ ਮਹੀਨੇ ਵੀ ਤੇ ਦੋ ਸਾਲ ਤੱਕ ਦਾ ਸਮਾਂ ਵੀ ਲੱਗ ਸਕਦਾ ਹੈ। ਉਨ੍ਹਾਂ ਕਿਹਾ ਕਿ ਇਸ ਵੇਲੇ ਜਾਂਚ ਚੱਲ ਰਹੀ ਹੈ। ਉਨ੍ਹਾਂ ਆਮ ਜਨਤਾ ਨੂੰ ਇਹ ਅਪੀਲ ਵੀ ਕੀਤੀ ਹੈ ਕਿ ਕਾਤਲਾਂ ਬਾਰੇ ਹਾਲੇ ਕਿਸੇ ਤਰ੍ਹਾਂ ਦੀਆਂ ਕੋਈ ਕਿਆਸਅਰਾਈਆਂ ਨਾ ਲਾਈਆਂ ਜਾਣ।

ਇਸ ਦੌਰਾਨ ਮਲਿਕ ਪਰਿਵਾਰ ਦੇ ਦੱਖਣੀ ਸਰੀ ’ਚ ਸਥਿਤ 68 ਲੱਖ ਡਾਲਰ ਦੀ ਰਿਹਾਇਸ਼ਗਾਹ ਦੇ ਬਾਹਰ ਉਨ੍ਹਾਂ ਦੇ ਵੱਡੇ ਪੁੱਤਰ ਜਸਪ੍ਰੀਤ ਸਿੰਘ ਮਲਿਕ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਉਨ੍ਹਾਂ ਦੇ ਪਿਤਾ ਨੂੰ ਕਦੇ ਵੀ ਕਿਸੇ ਸਕਿਓਰਿਟੀ ਦੀ ਕੋਈ ਲੋਡ਼ ਮਹਿਸੂਸ ਨਹੀਂ ਹੋਈ। ਉਨ੍ਹਾਂ ਕਿਹਾ ਕਿ ਮੇਰੇ ਪਿਤਾ ਨੇ ਕਦੇ ਅਜਿਹਾ ਕੁਝ ਨਹੀਂ ਦੱਸਿਆ ਕਿ ਉਨ੍ਹਾਂ ਨੂੰ ਕਿਸੇ ਤੋਂ ਕੋਈ ਖ਼ਤਰਾ ਹੈ ਜਾਂ ਉਨ੍ਹਾਂ ਨੂੰ ਕੋਈ ਧਮਕੀ ਦੇ ਰਿਹਾ ਹੈ। ਉਨ੍ਹਾਂ ਕਿਹਾ ਕਿ ਉਹ ਆਪਣੇ ਲਾੱਅ-ਆਫਿਸ ’ਚ ਕੰਮ ਕਰ ਰਹੇ ਸਨ, ਜਦੋਂ ਉਨ੍ਹਾਂ ਦੀ ਪਤਨੀ ਵੱਲੋਂ ਇਹ ਭਾਣਾ ਵਰਤਣ ਦਾ ਫੋਨ ਆ ਗਿਆ।

ਦੱਸ ਦੇਈਏ ਕਿ 23 ਜੂਨ, 1985 ਨੂੰ ਕੈਨੇਡਾ ਤੋਂ ਨਵੀਂ ਦਿੱਲੀ ਆ ਰਹੇ ਏਅਰ ਇੰਡੀਆ ਦਾ ਜਹਾਜ਼ ਕਨਿਸ਼ਕ ਆਇਰਲੈਂਡ ਦੇ ਆਕਾਸ਼ ’ਤੇ ਬੰਬ ਧਮਾਕੇ ਨਾਲ ਟੋਟੇ ਹੋ ਕੇ ਅੰਧ ਮਹਾਸਾਗਰ ’ਚ ਡਿੱਗ ਪਿਆ ਸੀ। ਉਸ ’ੱਚ ਸਵਾਰ ਸਾਰੇ 329 ਯਾਤਰੀ ਮਾਰੇ ਗਏ ਸਨ, ਜਿਨ੍ਹਾਂ ’ਚੋਂ ਬਹੁਤੇ ਭਾਰਤੀ ਸਨ। ਕੈਨੇਡਾ ਦੀ ਸਰਕਾਰ ਬਹੁਤ ਲੰਮਾ ਸਮਾਂ ਇਸ ਨੂੰ ਭਾਰਤੀ ਦੁਖਾਂਤ ਹੀ ਮੰਨ ਕੇ ਚੁੱਪ ਬੈਠੀ ਰਹੀ ਪਰ ਬਾਅਦ ਦੀਆਂ ਸਰਕਾਰਾਂ ਨੇ ਜਸਟਿਸ ਜੌਨ ਮੇਜਰ ਦੀ ਅਗਵਾਈ ਹੇਠ ਇਕ ਕਮਿਸ਼ਨ ਕਾਇਮ ਕਰ ਕੇ ਇਸ ਮਾਮਲੇ ਦੀ ਨਿੱਠ ਕੇ ਜਾਂਚ ਕਰਵਾਈ ਸੀ। ਤਦ ਰਿਪੁਦਮਨ ਸਿੰਘ ਮਲਿਕ ਦਾ ਨਾਂ ਵੀ ਉਸ ਕੇਸ ’ਚ ਆਇਆ ਸੀ ਪਰ ਬਾਅਦ ’ਚ ਉਹ ਸਾਲ 2005 ’ਚ ਇਸ ’ਚੋਂ ਬਰੀ ਹੋ ਗਏ ਸਨ।

ਰਿਪੁਦਮਨ ਸਿੰਘ ਮਲਿਕ ਆਪਣੇ ਕਾਰੋਬਾਰ ‘ਖ਼ਾਲਸਾ ਕ੍ਰੈਡਿਟ ਯੂਨੀਅਨ’ ਅਤੇ ਖ਼ਾਲਸਾ ਸਕੂਲਾਂ ਦੇ ਬਾਨੀ ਹੋਣ ਕਾਰਨ ਵੀ ਕਾਫ਼ੀ ਚਰਚਿਤ ਰਹੇ ਹਨ। ਉਨ੍ਹਾਂ 1970ਵਿਆਂ ਦੇ ਆਰੰਭ ’ਚ ਇਕ ਗੈਸਟਾਊਨ ਸਟੋਰ ਖੋਲ੍ਹਿਆ ਸੀ, ਉਸੇ ਦਾ ਨਾਂ ਬਾਅਦ ’ਚ ‘ਪੈਪੀਲੋਨ ਈਸਟਰਨ ਇੰਪੋਰਟਸ’ ਰੱਖਿਆ ਗਿਆ ਸੀ।

Related posts

Ford Hints at Early Ontario Election Amid Trump’s Tariff Threats

Gagan Oberoi

ਮੈਟਰੋ ਵੈਨਕੂਵਰ ਵਿੱਚ ਗਰਮੀ ਨਾਲ ਹੋਈਆਂ 134 ਮੌਤਾਂ !

Gagan Oberoi

Toyota and Lexus join new three-year SiriusXM subscription program

Gagan Oberoi

Leave a Comment