ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਮਾਣਹਾਨੀ ਦੇ ਮਾਮਲੇ ਵਿੱਚ ਅੱਜ ਸੁਲਤਾਨਪੁਰ ਦੀ ਸੰਸਦ ਮੈਂਬਰਾਂ-ਵਿਧਾਇਕਾਂ (ਐੱਮਪੀ/ਐੱਮਐੱਲਏ) ਦੀ ਵਿਸ਼ੇਸ਼ ਅਦਾਲਤ ਵਿੱਚ ਪੇਸ਼ ਹੋਏ ਅਤੇ ਬਿਆਨ ਦਰਜ ਕਰਵਾਇਆ। ਪੇਸ਼ੀ ਦੌਰਾਨ ਰਾਹੁਲ ਨੇ ਕਿਹਾ ਕਿ ਉਨ੍ਹਾਂ ਖ਼ਿਲਾਫ਼ ਇਹ ਕੇਸ ‘ਸਸਤੀ ਸ਼ੋਹਰਤ’ ਹਾਸਲ ਕਰਨ ਲਈ ਦਾਇਰ ਕੀਤਾ ਗਿਆ ਹੈ।
ਰਾਹੁਲ ਅੱਜ ਸਵੇਰੇ ਸੁਲਤਾਨਪੁਰ ਪੁੱਜੇ ਅਤੇ ਵਿਸ਼ੇਸ਼ ਜੱਜ ਸ਼ੁਭਮ ਵਰਮਾ ਦੀ ਅਦਾਲਤ ਵਿੱਚ ਪੇਸ਼ ਹੋਏ। ਕਾਂਗਰਸ ਦੇ ਸਾਬਕਾ ਪ੍ਰਧਾਨ ਨੇ ਕਿਹਾ ਕਿ ਉਨ੍ਹਾਂ ਕਦੇ ਕਿਸੇ ਖ਼ਿਲਾਫ਼ ਅਜਿਹਾ ਬਿਆਨ ਨਹੀਂ ਦਿੱਤਾ ਜਿਸ ਕਾਰਨ ਮਾਣਹਾਨੀ ਦਾ ਕੋਈ ਕੇਸ ਬਣੇ। ਅਦਾਲਤ ਨੇ ਇਸ ਮਾਮਲੇ ਦੀ ਸੁਣਵਾਈ 12 ਅਗਸਤ ਤਕ ਟਾਲ ਦਿੱਤੀ ਹੈ। ਰਾਹੁਲ ਗਾਂਧੀ ਦੇ ਵਕੀਲ ਕਾਸ਼ੀ ਪ੍ਰਸਾਦ ਸ਼ੁਕਲਾ ਨੇ ਦੱਸਿਆ ਕਿ ਉਨ੍ਹਾਂ ਦੇ ਮੁਵੱਕਿਲ ਨੇ ਅਦਾਲਤ ਵਿੱਚ ਕਿਹਾ, ‘‘ਮੇਰੇ ਖ਼ਿਲਾਫ਼ ਜੋ ਕੇਸ ਅਦਾਲਤ ਵਿੱਚ ਦਾਇਰ ਕੀਤਾ ਗਿਆ ਹੈ, ਉਹ ਸਸਤੀ ਸ਼ੋਹਰਤ ਹਾਸਲ ਕਰਨ ਲਈ ਕੀਤਾ ਗਿਆ ਹੈ।’’ ਸ਼ੁਕਲਾ ਨੇ ਕਿਹਾ ਕਿ ਹੁਣ ਅਦਾਲਤ ਨੇ ਅੱਗੇ ਦੀ ਕਾਰਵਾਈ ਲਈ 12 ਅਗਸਤ ਦੀ ਮਿਤੀ ਤੈਅ ਕੀਤੀ ਹੈ। ਹੁਣ ਪਟੀਸ਼ਨਰ ਦੇ ਵਕੀਲ ਵੱਲੋਂ ਸਬੂਤ ਪੇਸ਼ ਕੀਤਾ ਜਾਵੇਗਾ।
ਰਾਹੁਲ ਗਾਂਧੀ ਦੇ ਸੁਲਤਾਨਪੁਰ ਆਉਣ ’ਤੇ ਵੱਡੀ ਗਿਣਤੀ ਵਿੱਚ ਕਾਂਗਰਸੀ ਕਾਰਕੁਨ ਉਨ੍ਹਾਂ ਦਾ ਸਵਾਗਤ ਕਰਨ ਲਈ ਦੀਵਾਨੀ ਅਦਾਲਤ ਕੰਪਲੈਕਸ ਵਿੱਚ ਮੌਜੂਦ ਰਹੇ। ਰਾਹੁਲ ਗਾਂਧੀ ਲਗਪਗ 11 ਵਜੇ ਦੀਵਾਨੀ ਅਦਾਲਤ ਕੰਪਲੈਕਸ ਪਹੁੰਚੇ। ਇਸ ਦੌਰਾਨ ਅਦਾਲਤ ਕੰਪਲੈਕਸ ਵਿੱਚ ਪੁਲੀਸ ਨੇ ਸੁਰੱਖਿਆ ਦੇ ਸਖ਼ਤ ਇੰਤਜ਼ਾਮ ਕੀਤੇ ਸਨ। ਭਾਜਪਾ ਦੇ ਸਥਾਨਕ ਆਗੂ ਵਿਜੇ ਮਿਸ਼ਰਾ ਨੇ ਪਾਰਟੀ ਦੇ ਤਤਕਾਲੀ ਪ੍ਰਧਾਨ ਅਤੇ ਮੌਜੂਦਾ ਗ੍ਰਹਿ ਮੰਤਰੀ ਅਮਿਤ ਸ਼ਾਹ ਖ਼ਿਲਾਫ਼ ਕਥਿਤ ਇਤਰਾਜ਼ਯੋਗ ਟਿੱਪਣੀਆਂ ਕਰਨ ਦੇ ਦੋਸ਼ ਲਾਉਂਦਿਆਂ ਰਾਹੁਲ ਗਾਂਧੀ ਵਿਰੁੱਧ 4 ਅਗਸਤ 2018 ਨੂੰ ਮਾਣਹਾਨੀ ਦਾ ਕੇਸ ਦਰਜ ਕਰਵਾਇਆ ਸੀ। ਮਿਸ਼ਰਾ ਦੇ ਵਕੀਲ ਸੰਤੋਸ਼ ਕੁਮਾਰ ਪਾਂਡੇ ਨੇ ਕਿਹਾ ਕਿ ਰਾਹੁਲ ਗਾਂਧੀ ਨੇ ਆਪਣਾ ਬਿਆਨ ਦਰਜ ਕਰਵਾ ਦਿੱਤਾ ਹੈ ਅਤੇ ਸਬੂਤ 12 ਅਗਸਤ ਨੂੰ ਪੇਸ਼ ਕੀਤੇ ਜਾਣਗੇ। ਅਦਾਲਤ ਵਿੱਚ ਹਾਜ਼ਰ ਹੋਣ ਮਗਰੋਂ ਲਖਨਊ ਪਰਤਣ ਮੌਕੇ ਰਾਹੁਲ ਸੁਲਤਾਨਪੁਰ ਦੇ ਵਿਧਾਇਕ ਨਗਰ ਵਿੱਚ ਇੱਕ ਮੋਚੀ ਦੀ ਦੁਕਾਨ ’ਤੇ ਰੁਕੇ। ਦੁਕਾਨ ਵਿੱਚ ਉਹ ਮੋਚੀ ਕੋਲ ਬੈਠੇ ਅਤੇ ਉਸ ਦੀਆਂ ਸਮੱਸਿਆਵਾਂ ਬਾਰੇ ਗੱਲ ਕੀਤੀ। ਇਸ ਤੋਂ ਪਹਿਲਾਂ ਰਾਹੁਲ 20 ਫਰਵਰੀ ਨੂੰ ਅਮੇਠੀ ਵਿੱਚ ਆਪਣੀ ‘ਭਾਰਤ ਜੋੜੋ ਨਿਆਏ ਯਾਤਰਾ’ ਰੋਕ ਕੇ ਅਦਾਲਤ ਵਿੱਚ ਪੇਸ਼ ਹੋਏ ਸਨ। ਅਦਾਲਤ ਨੇ ਉਨ੍ਹਾਂ ਨੂੰ ਉਸੇ ਦਿਨ ਜ਼ਮਾਨਤ ਦੇ ਦਿੱਤੀ ਸੀ। –