ਹਰਿਆਣਾ : ਹਰਿਆਣਾ ਪੁਲਿਸ ਨੇ ਸੀਆਰਪੀਸੀ ਦੀ ਧਾਰਾ-144 ਦੀ ਉਲੰਘਣਾ ਕਰਦਿਆਂ ਅੰਬਾਲਾ ਦੇ ਇਕ ਪਿੰਡ ‘ਚ ਮਹਾਪੰਚਾਇਤ ਕਰਨ ਦੇ ਦੋਸ਼ ‘ਚ ਭਾਰਤੀ ਕਿਸਾਨ ਯੂਨੀਅਨ ਦੇ ਆਗੂ ਰਾਕੇਸ਼ ਟਿਕੈਤ ਤੇ 12 ਹੋਰ ਲੋਕਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ।
ਟਿਕੈਤ ਤੇ ਬੀਕੇਯੂ ਦੇ ਕੁਝ ਹੋਰ ਆਗੂਆਂ ਨੇ ਸ਼ਨਿਚਰਵਾਰ ਨੂੰ ਅੰਬਾਲਾ ਕੈਂਟ ਕੋਲ ਧੁਰਾਲੀ ਪਿੰਡ ‘ਚ ਕਿਸਾਨ-ਮਜ਼ਦੂਰ ਮਹਾਪੰਚਾਇਤ ਨੂੰ ਸੰਬੋਧਿਤ ਕੀਤਾ ਸੀ। ਪੁਲਿਸ ਨੇ ਜਿਨ੍ਹਾਂ ਹੋਰ 12 ਕਿਸਾਨ ਆਗੂਆਂ ‘ਤੇ ਮਾਮਲਾ ਦਰਜ ਕੀਤਾ ਹੈ, ਉਨ੍ਹਾਂ ‘ਚ ਰਤਨ ਮਾਨ ਸਿੰਘ, ਬਲਦੇਵ ਸਿੰਘ ਤੇ ਜਸਮੇਰ ਸੈਨੀ ਸ਼ਾਮਲ ਹੈ।
ਕੋਰੋਨਾ ਵਾਇਰਸ ਦੇ ਮਾਮਲਿਆਂ ‘ਚ ਵਾਧੇ ਦੇ ਮੱਦੇਨਜ਼ਰ ਜ਼ਿਲ੍ਹਾ ਮਜਿਸਟ੍ਰੇਟ ਨੇ ਧਾਰਾ-144 ਲਾਗੂ ਕੀਤੀ ਸੀ, ਜਿਸ ਤਹਿਤ ਚਾਰ ਜਾਂ ਉਸ ਤੋਂ ਜ਼ਿਆਦਾ ਲੋਕਾਂ ਦੇ ਇਕੱਠੇ ਹੋਣ ‘ਤੇ ਪਾਬੰਦੀ ਹੈ। ਪੁਲਿਸ ਨੇ ਕਿਹਾ ਕਿ ਧਾਰਾ-144 ਲਾਗੂ ਹੋਣ ਦੇ ਚੱਲਦਿਆਂ ਅਸਿਸਟੈਂਟ ਸਬ-ਇੰਸਪੈਕਟਰ ਚਾਂਦੀ ਸਿੰਘ ਨੇ ਬੀਕੇਯੂ ਆਗੂਆਂ ਨੂੰ ਮਹਾਪੰਚਾਇਤ ਨਾ ਕਰਨ ਨੂੰ ਲੈ ਕੇ ਅਪੀਲ ਕੀਤੀ ਸੀ।
ਬੀਕੇਯੂ ਦੇ ਰਾਸ਼ਟਰੀ ਬੁਲਾਰਾ ਟਿਕੈਤ ਨੇ ਮਹਾਪੰਚਾਇਤ ਨੂੰ ਸੰਬੋਧਿਤ ਕਰਦਿਆਂ ਕਿਹਾ ਸੀ ਕਿ ਕੇਂਦਰ ਦੇ ਨਵੇਂ ਕਾਨੂੰਨਾਂ ਖ਼ਿਲਾਫ਼ ਅੰਦੋਲਨ ਉਦੋਂ ਤਕ ਜਾਰੀ ਰਹੇਗਾ ਜਦੋਂ ਤਕ ਇਨ੍ਹਾਂ ਕਾਨੂੰਨਾਂ ਨੂੰ ਰੱਦ ਨਹੀਂ ਕਰ ਦਿੱਤਾ ਜਾਂਦਾ। ਉਨ੍ਹਾਂ ਕਿਸਾਨਾਂ ਦੀ ਲੰਬੀ ਲੜਾਈ ਲਈ ਤਿਆਰ ਰਹਿਣ ਨੂੰ ਕਿਹਾ।
previous post