: ਰੂਸ ਤੇ ਯੂਕਰੇਨ ਦਰਮਿਆਨ ਚੱਲ ਰਹੇ ਯੁੱਧ ਦਾ ਖਮਿਆਜਾ ਭਾਰਤੀਆਂ ਨੂੰ ਵੀ ਭੁਗਤਣਾ ਪੈ ਰਿਹਾ ਹੈ। ਇਸ ਜੰਗ ਕਾਰਨ ਬਣੇ ਤਣਾਅਪੂਰਵਕ ਮਾਹੌਲ ’ਚ ਫਸੇ ਵਿਦਿਆਰਥੀਆਂ ਦੀ ਹਾਲਤ ਦਿਨ-ਬ-ਦਿਨ ਗੰਭੀਰ ਹੁੰਦੀ ਜਾ ਰਹੀ ਹੈ। ਬਰਨਾਲਾ ਦੇ ਜਿੰਦਲ ਪਰਿਵਾਰ ’ਤੇ ਯੂਕਰੇਨ ’ਚ ਚੱਲ ਰਹੇ ਯੁੱਧ ਦੀ ਦੋਹਰੀ ਮਾਰ ਪੈ ਰਹੀ ਹੈ। ਫਾਰਮਾਸਿਸਟ ਸ਼ੀਸ਼ਨ ਜਿੰਦਲ ਦਾ ਪੁੱਤਰ ਚੰਦਨ ਜਿੰਦਲ 2018 ’ਚ ਯੂਕਰੇਨ ਦੇ ਵਨੀਸ਼ੀਆ ਸ਼ਹਿਰ ’ਚ ਨੈਸ਼ਨਲ ਪਿਰੋਗਵ ਮੈਮੋਰੀਅਲ ਮੈਡੀਕਲ ਯੂਨੀਵਰਸਿਟੀ ’ਚ ਐੱਮਬੀਬੀਐੱਸ ਦੀ ਪੜ੍ਹਾਈ ਕਰਨ ਗਿਆ ਸੀ ਤੇ ਚੌਥੇ ਸਾਲ ਦੀ ਪੜ੍ਹਾਈ ਕਰ ਰਿਹਾ ਸੀ ਕਿ ਅਚਾਨਕ 2 ਫ਼ਰਵਰੀ ਦੀ ਰਾਤ ਨੂੰ ਉਸ ਨੂੰ ਦਿਮਾਗ ਤੇ ਦਿਲ ਦਾ ਦੌਰਾ ਪੈ ਗਿਆ। ਜਿਸ ਕਾਰਨ ਉਸਦੀ ਹਾਲਤ ਇੰਨੀ ਗੰਭੀਰ ਹੋ ਗਈ ਕਿ ਉਹ ਕੋਮਾ ’ਚ ਚਲਾ ਗਿਆ। 4 ਫਰਵਰੀ ਨੂੰ ਡਾਕਟਰਾਂ ਨੇ ਉਸ ਦਾ ਐਮਰਜੈਂਸੀ ਆਪ੍ਰੇਸ਼ਨ ਕੀਤਾ। ਆਪਣੇ ਬੇਟੇ ਦੀ ਦੇਖਭਾਲ ਕਰਨ ਦੇ ਲਈ ਉਸ ਦਾ ਪਿਤਾ ਸੀਸ਼ਨ ਕੁਮਾਰ ਤੇ ਤਾਇਆ ਕ੍ਰਿਸ਼ਨ ਕੁਮਾਰ ਯੂਕਰੇਨ ਚਲੇ ਗਏ ਕਿ ਅਚਾਨਕ ਹੀ ਉੱਥੇ ਯੁੱਧ ਸ਼ੁਰੂ ਹੋ ਗਿਆ ਤੇ ਉਸ ਦਾ ਪਰਿਵਾਰ ਤਿੰਨ ਹਫ਼ਤਿਆਂ ਤੋਂ ਯੁੱਧ ’ਚ ਫਸਿਆ ਹੋਇਆ ਹੈ।
ਕ੍ਰਿਸ਼ਨ ਕੁਮਾਰ ਜਿੰਦਲ ਪੁੱਜੇ ਦਿੱਲੀ, ਜਲਦ ਪੁੱਜਣਗੇ ਘਰ : ਨੀਰਜ
ਭਾਜਪਾ ਯੂਵਾ ਆਗੂ ਨੀਰਜ ਜਿੰਦਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਨ੍ਹਾਂ ਦੇ ਪਿਤਾ ਕ੍ਰਿਸ਼ਨ ਕੁਮਾਰ ਜਿੰਦਲ ਪਿਛਲੇ ਕਈ ਦਿਨਾਂ ਤੋਂ ਯੂਕਰੇਨ ’ਚ ਫਸੇ ਹੋਏ ਸਨ। ਮੰਗਲਵਾਰ ਨੂੰ 3 ਵਜੇ ਉਹ ਦਿੱਲੀ ਪਹੁੰਚ ਗਏ ਹਨ ਤੇ ਸ਼ਾਮ ਤਕ ਘਰ ਵਾਪਸ ਆ ਜਾਣਗੇ।
ਪਰਿਵਾਰਕ ਮੈਂਬਰਾਂ ਦਾ ਰੋ-ਰੋ ਬੁਰਾ ਹਾਲ
ਚੰਦਨ ਜਿੰਦਲ ਦੀ ਮਾਤਾ ਕਿਰਨ ਜਿੰਦਲ ਤੇ ਭੈਣ ਰਸ਼ਿਮਾ ਜਿੰਦਲ ਦਾ ਰੋ ਰੋ ਕੇ ਬੁਰਾ ਹਾਲ ਹੈ। ਆਪਣਾ ਦੁੱਖ ਸਾਂਝਾ ਕਰਦਿਆਂ ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਪਰਿਵਾਰ ’ਤੇ ਯੂਕਰੇਨ ਤੇ ਰੂਸ ਵਿਚਕਾਰ ਚੱਲ ਰਹੀ ਜੰਗ ਦੀ ਦੋਹਰੀ ਮਾਰ ਪੈ ਰਹੀ ਹੈ। ਕਿਰਨ ਜਿੰਦਲ ਨੇ ਕਿਹਾ ਕਿ ਮੇਰਾ ਪੁੱਤਰ ਤਾਂ ਪਹਿਲਾਂ ਹੀ ਬਿਮਾਰ ਸੀ, ਜਿਸਦੀ ਹਾਲਤ ਗੰਭੀਰ ਹੈ। ਮੇਰੇ ਪਤੀ ਸ਼ੀਸ਼ਨ ਕੁਮਾਰ ਜਿੰਦਲ ਉਸਦੀ ਦੇਖਭਾਲ ਲਈ ਉੱਥੇ ਹੀ ਹਨ ਤੇ 7 ਮੰਜ਼ਿਲਾ ਬਿਲਡਿੰਗ ’ਚ ਇਕੱਲੇ ਰਹਿ ਰਹੇ ਹਨ, ਕਿਉਂਕਿ ਯੁੱਧ ਦੇ ਕਾਰਨ ਉੱਥੇ ਬਿਲਡਿੰਗ ਖਾਲੀ ਹੋ ਗਈ ਹੈ। ਉਹ ਵੀ ਡਰ ਦੇ ਸਾਏ ’ਚ ਰਹਿ ਰਹੇ ਹਨ ।
ਚੰਦਨ ਨੂੰ ਭਾਰਤ ’ਚ ਸ਼ਿਫ਼ਟ ਕਰਨ ਦੀ ਮੰਗ
ਕਿਰਨ ਜਿੰਦਲ ਨੇ ਕਿਹਾ ਕਿ ਮੇਰੇ ਪਤੀ ਨੂੰ ਯੂਕਰੇਨ ਦੇ ਡਾਕਟਰਾਂ ਦੀ ਭਾਸ਼ਾ ਦੀ ਸਮਝ ਨਾ ਆਉਣ ਕਾਰਨ ਉਨ੍ਹਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਭਾਰਤ ਦੀ ਅੰਬੈਸੀ ਤੋਂ ਅਪੀਲ ਕੀਤੀ ਕਿ ਉਸਦੇ ਪੁੱਤਰ ਦਾ ਡਾਕਟਰਾਂ ਦੇ ਕੋਲ ਹਾਲ ਜਾਣ ਕੇ ਦੱਸਿਆ ਜਾਵੇ ਤੇ ਉਸਨੂੰ ਭਾਰਤ ਸ਼ਿਫਟ ਕੀਤਾ ਜਾਵੇ। ਕਿਉਂਕਿ ਉਥੇ ਯੁੱਧ ਕਾਰਨ ਮੇਰੇ ਪੁੱਤਰ ਦਾ ਇਲਾਜ ਵੀ ਸਹੀ ਢੰਗ ਨਾਲ ਨਹੀਂ ਹੋ ਰਿਹਾ। ਉਨ੍ਹਾਂ ਦੱਸਿਆ ਕਿ ਬੇਟੇ ਦੀ ਹਾਲਤ ਪਹਿਲਾਂ ਤੋਂ ਕਾਫ਼ੀ ਜ਼ਿਆਦਾ ਠੀਕ ਹੈ, ਵੈਂਟੀਲੇਟਰ ਵੀ ਉਤਰ ਚੁੱਕਿਆ ਹੈ, ਇਸ ਲਈ ਉਸਨੂੰ ਆਸਾਨੀ ਦੇ ਨਾਲ ਭਾਰਤ ’ਚ ਇਲਾਜ ਲਈ ਸ਼ਿਫਟ ਕੀਤਾ ਜਾ ਸਕਦਾ ਹੈ। ਉਨ੍ਹਾਂ ਭਾਰਤ ਸਰਕਾਰ ਤੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਉਸਦੇ ਮੇਰੇ ਪਤੀ ਤੇ ਪੁੱਤਰ ਨੂੰ ਭਾਰਤ ਲਿਆਂਦਾ ਜਾਵੇ।