ਲੇਖਿਕਾਂ : ਪ੍ਰਿਤਪਾਲ ਕੌਰ ਪ੍ਰੀਤ
ਪ੍ਰਕਾਸਿ਼ਕ:ਗੋਲਡਨ ਕੀ ਪਬਲੀਕੇਸ਼ਨ , ਪਟਿਆਲਾ
ਮੁਲ: 200 ਰੁਪਏ ਸਫ਼ੇ 118
ਸੰਪਰਕ : goldenkeypublication@gmail.com
(ਸੁਰਜੀਤ ਸਿਂਘ ਫਲੋਰਾ) –
ਪ੍ਰਿਤਪਾਲ ਕੌਰ ਪ੍ਰੀਤ ਦੀ ਹਥਲੀ ਕਿਤਾਬ “ਯਾਦਾਂ ਦੀ ਪਟਾਰੀ” ਦੀਆਂ ਰਰਨਾਵਾਂ ਨੂੰ ਪੜ੍ਹ ਕੇ ਇਸ ਤਰ੍ਹਾਂ ਲਗਦਾ ਹੈ ਕਿ ਉਹ ਆਪਣੇ ਪੰਜਾਬੀ ਵਿਰਸੇ ਨੂੰ ਨਿਊਯਾਰਕ ਵਿਚ ਰਹਿੰਦੇ ਹੋਏ ਬਹੁਤ ਯਾਦ ਕਰਦੀ ਹੈ। ਕਿਉਂਕਿ ਉਪਰੋਕਤ ਵਿਚਾਰਾਂ ਤੇ ਰੋਜ਼ਾਨਾ ਜੀਵਨ ਸ਼ੈਲੀ ਤੇ ਬਚਪਨ ਦੇ ਨਾਲ – ਨਾਲ ਪੰਜਾਬ ਦੇ ਸੰਵੇਦਨਸ਼ੀਲ ਮੱਧਵਰਗੀ ਲੋਕ, ਬਚਪਨ ਦੇ ਬਿਤਾਏ ਦਿਨ, ਸਕੂਲ, ਪਿੰਡ ਦੀ ਸੱਥ, ਆਪਣੇ ਲੋਕਾਂ ਤੋਂ ਦੀ ਲੰਘੀ ਬਿਪਤਾ ਸੰਬੰਧੀ ਮਾਮਲਿਆਂ ਪ੍ਰਤੀ ਤੇ ਆਪਣਿਆਂ ਪੁਰਾਣਿਆਂ ਪੰਜਾਬ ਦੀਆਂ ਯਾਦਾਂ ਕਾਫੀ ਜਾਗਰੂਕ ਹੋ ਕੇ, ਅਤੇ ਆਮ ਜਬਰੀ ਮਾਹੌਲ ਤੋਂ ਪ੍ਰਭਾਵਿਤ ਹਨ। ਸ਼ਾਇਦ ਇਹੀ ਯਾਦਾਂ ਜੋ ਉਹ ਬਚਪਨ, ਉਹ ਪਿੰਡਾਂ ਵਾਲਾ ਮਾਹੌਲ ਨਿਊਯਾਰਕ ਸ਼ਹਿਰ ਵਿਚ ਰਹਿੰਦੇ ਹੋਏ ਉਸ ਨੂੰ ਕਿਸੇ ਨਾ ਕਿਸੇ ਪਾਸੇ ਤੋਂ ਖਟਕ ਰਿਹਾ ਹੈ । ਉਹ ਆਪਣਾ ਪਨ, ਆਪਣੀ ਬੋਲੀ, ਆਪਣਾ ਸੱਭਿਆਚਾਰ, ਜਿਸ ਵਿਚ ਰਹਿ ਕੇ ਉਹ ਪਲੀ ਪਰ ਸੱਤ ਸਮੁੰਦਰੋ ਪਾਰ ਉਸ ਮਹੌ਼ਲ ਦੀ ਲਾਲਸਾ ਉਸ ਨੂੰ ਲਿਖਣ ਲਈ ਪ੍ਰੇਰਦੀ ਹੈ ਤੇ ਉਹ ਕਲਮ ਨੂੰ ਤਲਵਾਰ ਤੋਂ ਵੀ ਕਿਤੇ ਨੁਕੀਲਾ ਤੇ ਤੇਜ਼-ਧਾਰ ਵਾਲਾ ਬਣਾ ਕੇ ਆਪਣਿਆਂ ਪੀੜਾਂ ਨੂੰ ਕਲਮਬੰਦ ਕਰਦੀ ਹੈ। ਪ੍ਰੀਤ ਵਰਗੇ ਸਾਹਿਤਕਾਰ ਲੋਕ-ਪੱਖੀ ਉੱਘੜਵੀਆਂ-ਗੂੜ੍ਹੀਆਂ ਮਿਸਾਲਾਂ ਦੀ ਮਸ਼ਾਲ ਬਣ ਬਣ ਜਾਂਦੇ ਹਨ। ਜਿਵੇਂ ਉਹ ਆਪਣੀ ਇਕ ਕਵਿਤਾਂ ਵਿਚ ਲਿਖਦੀ ਹੈ:
ਕਿੱਥੇ ਗਈਆ ਨੇ ਉਹ ਰੋਣਕਾ ਤੇ ਕਿੱਥੇ ਤੁਰ ਗਏ ਨੇ ਮੇਲੇ
ਗੁੱਮ ਗਏ ਸੱਥਾਂ ਵਾਲੇ ਬਾਬੇ, ਗਵਾਚ ਗਏ ਜੁਆਕਾਂ ਦੇ ਖੇਲੇ
ਧੁੱਪੇ ਖੜ ਫੱਟਿਆਂ ਸੁਕਾਉਂਦੇ ਗਾਚਣੀ ਦੇ ਲੇਪ ਲਗਾਉਦੇ
ਟਿੱਕੀ ਦੀ ਸਿਆਹੀ ਕਾਲੀ ਤੇ ਕਾਨੇ ਦੀ ਸੀ ਕਲਮ ਘੜਾਉਂਦੇ।
ਇਸ ਪ੍ਰਿਤਪਾਲ ਕੌਰ ਪ੍ਰੀਤ ਦੀ ਪੁਸਤਕ “ਯਾਦਾਂ ਦੀ ਪਟਾਰੀ” ਜੋ ਉਸ ਨੇ ਆਪਣੇ ਪੜਦਾਦਾ ਅਤੇ ਪੜਦਾਦੀ ਨੂੰ ਸਮਰਪਿਤ ਕੀਤੀ ਹੈ ਦਾ ਮੁਖ ਬੰਦ ਸਤਿਕਾਰਯੋਗ ਸ੍ਰੀ ਸੁਰਜੀਤ ਪਾਤਰ ਜੀ ਨੇ ਲਿਖਿਆਂ ਹੈ ਅਤੇ ਦੂਸਰਾਂ ਕਿਤਾਬ ਅਤੇ ਪ੍ਰੀਤ ਜੀ ਵਾਰੇ ਸ਼ੁਭਕਾਮਨਾਵਾਂ ਤਹਿਤ ਮੇਰੇ ਮਾਣਯੋਗ ਵੱਡੇ ਵੀਰ ਸੁਰਿੰਦਰ ਸੋਹਲ ਨੇ ਤੇ ਭੈਣਾ ਰਾਣੀ ਨਗਿੰਦਰ ਨੇ ਲਿਖਿਆਂ ਹੈ।
ਇਸ 118 ਸਫ਼ਇਆਂ ਦੀ ਪੁਸਤਕ ਵਿਚ ਕੁਲ 55 ਪ੍ਰੀਤ ਜੀ ਦੀਆਂ ਰਚਨਾਵਾਂ ਹਨ ਜੋ ਉਹਨਾਂ ਨੇ ਪੰਜਾਬੀ ਮਾਂ ਬੋਲੀ ਦੀ ਅਮਰੀਕਾ ਦੀ ਧਰਤੀ ਤੇ ਬੈਠ ਕੇ ਸੱਤ ਸਮੁੰਦਰੋਂ ਪਾਰ ਰਹਿ ਕੇ ਲਿਖਿਆਂ ਹਨ, ਜੋ ਬਹੁਤ ਹੀ ਮਾਣ ਵਾਲੀ ਗੱਲ ਹੈ। ਜਿਸ ਕਿਤਾਬ ਦਾ ਮੁਖ ਬੰਦ ਸਤਿਕਾਰਯੋਗ ਸੁਰਜੀਤ ਪਾਤਰ ਸਾਹਿਬ ਨੇ ਲਿਖਿਆਂ ਹੋਵੇਂ ਅਤੇ ਅਵਿਯਨੰਦਨ, ਸ਼ੁਭਇਸ਼ਾਵਾਂ ਮੇਰੇ ਵੱਡੇ ਵੀਰ ਸੋਹਲ ਨੇ ਦਿੱਤੀਆਂ ਹੋਣ , ਉਸ ਕਿਤਾਬ ਦਾ ਪ੍ਰੀਤ ਜੀ ਨੇ ਮੈਨੂੰ ਰਵਿਊ ਕਰਨ ਲਈ ਆਖ ਦਿਤਾ। ਨਾ ਮੈਂ ਉਹਨਾਂ ਨੂੰ ਨਾਂਹ ਕਰ ਸਕਦਾ ਹਾਂ ਤੇ ਨਾਂ ਹੀ ਮੇਰੇ ਵਿਚ ਇੰਨੇ ਹਿੰਮਤ ਹੈ ਕਿ ਮੈਂ ਸੁਰਜੀਤ ਪਾਤਰ ਸਾਹਿਬ ਵਲੋਂ ਲਿਖੇ ਮੁਖਬੰਦ ਵਾਲੀ ਕਿਤਾਬ ਦਾ ਰਵਿਊ ਕਰ ਸਕਾ। ਪਰ ਫਿਰ ਵੀ ਜਿੰਨੀ ਕੁ ਸਮਝ ਸੋਝੀ ਹੈ ਹਾਜ਼ਰ ਹੈ।
ਪ੍ਰੀਤ ਜੀ ਨੇ ਇਸ ਕਿਤਾਬ ਵਿਚ ਕਵਿਤਾਵਾਂ ਅਤੇ ਕਹਾਣਿਆਂ ਦਾ ਇਕੱਠਾ ਸੰਗਰ੍ਹਿ ਛਪਵਾਇਆ ਹੈ, ਇਕ ਪਾਸੇ ਠੀਕ ਵੀ ਹੈ, ਜੋ ਕਵਿਤਾਵਾ ਦਾ ਮੁਰੀਦ ਹੈ ਉਸ ਲਈ ਕਵਿਤਾਵਾਂ ਜੋ ਕਹਾਣਿਆਂ ਦਾ ਆਸ਼ਕ ਹੈ ਉਸ ਲਈ ਕਹਾਣਿਆਂ। ਪਰ ਮੇਰੇ ਹਿਸਾਬ ਨਾਲ ਪ੍ਰੀਤ ਜੀ ਨੇ ਬਹੁਤ ਜਲਦਬਾਜੀ ਵਿਚ ਸਾਹਿਤ ਦੀ ਝੋਲੀ ਵਿਚ ਕਿਤਾਬ ਪਾਉਣ ਲਈ ਕਾਹਲ ਕੀਤੀ ਹੈ, ਜੇਕਰ ਕੁਝ ਦੇਰ ਉਹ ਹੋਰ ਇੰਤਜ਼ਾਰ ਕਰ ਲੈਂਦੀ ਤਾਂ ਇਕ ਨਹੀਂ ਸ਼ਾਇਦ ਦੋ ਪੰਜਾਬੀ ਮਾਂ ਬੋਲੀ ਦੀ ਝੋਲੀ ਵਿਚ ਪੁਸਤਕਾਂ ਪਾ ਸਕਦੀ ਸੀ, ਇਕ ਕਵਿਤਾਵਾਂ ਦੀ ਤੇ ਇਕ ਕਹਾਣਿਆਂ ਦੀ।
ਰਚਨਾਵਾਂ ਦੀ ਗੱਲ ਕਰੀਏ ਤਾਂ, ਜਿਥੇ ਆਪਣੇ ਜੀਵਨ ਦੇ ਸੁਨਹਿਰੀ ਪਲਾਂ ਨੂੰ ਇਸ ਪੁਸਤਕ ‘ਚ ਪੇਸ਼ ਕੀਤਾ ਹੈ, ਉਥੇ ਉਨ੍ਹਾਂ ਆਪਣੇ ਨਾਲ ਵਾਪਰੀਆਂ ਘਟਨਾਵਾਂ ਨੂੰ ਵੀ ਅੰਕਿਤ ਕੀਤਾ ਹੈ। ਸਮਾਜਿਕ-ਆਰਥਿਕ ਬੇਇਨਸਾਫ਼ੀ ਦੇ ਖਿਲਾਫ਼ ਇਨਸਾਫ਼ ਵਾਸਤੇ ਆਵਾਜ਼ ਬੁਲੰਦ ਕਰਨ ਵਾਲੀ ਵਸ਼ਿਸ਼ਟ ਪੱਤਰਕਾਰ, ਸੰਪਾਦਿਕਾ , ਕਵਿਤਰੀ , ਲੇਖਿਕਾਂ ਦੀ ਕਲਮ, ਮਨੁੱਖਤਾ ਦੀ ਪਹਿਰੇਦਾਰ ਬਣੀ ਦਿਖਾਈ ਦਿੰਦੀ ਹੈ ਅਤੇ ਸਮਾਜ ਨੂੰ ਨਵੀਂ ਰੌਸ਼ਨੀ ਦਿੰਦੀ ਮਾਰਟਿਨ ਲੂਥਰ ਦੇ ਆਖੇ ਸ਼ਬਦ ਚੇਤੇ ਕਰਾਉਂਦੀ ਹੈ, ‘ਹਨੇਰਾ ਕਦੇ ਹਨੇਰੇ ਨੂੰ ਦੂਰ ਨਹੀਂ ਕਰ ਸਕਦਾ, ਸਿਰਫ਼ ਰੌਸ਼ਨੀ ਹੀ ਹਨੇਰੇ ਨੂੰ ਦੂਰ ਕਰ ਸਕਦੀ ਹੈ। ਸਿਰਫ਼ ਪਿਆਰ ਹੀ ਨਫ਼ਰਤ ਨੂੰ ਦੂਰ ਕਰ ਸਕਦਾ ਹੈ‘।
ਜੋ ਉਸ ਦੀ ਇਕ ਕਵਿਤਾਂ ਦੀਆਂ ਲਾਇਨਾਂ ਭਲੀਭਾਂਤ ਬਿਆਨ ਕਰਦੀਆਂ ਹਨ:
ਹਾਂ ਹੰਕਾਰੇ ਹੀ ਜਾਂਦੇ ਨੇ ਲੋਕ ਖੁਦ ਨੂੰ ਰੱਬ ਸਮਝਦੇ ਨੇ
ਭੁੱਲ ਜਾਂਦੇ ਨੇ ਆਪਣੀ ਔਕਾਤ ਮਾਇਆ ਲੋਭੀ ਬਣਕੇ
ਤੇ ਉੱਚ ਨੀਚ ਦੇ ਭੇਦ ਪੈ ਕੁਦਰਤ ਨਾਲ ਖਿਲਵਾੜ ਕਰਦੇ ਨੇ।
ਫਿਰ ਉਹ ਇਕ ਹੋਰ ਕਵਿਤਾਂ ਵਿਚ ਮਤਲਬ ਪ੍ਰਸਤ ਲੋਕਾ ਤੇ ਨਿਸ਼ਾਨਾਂ ਕੱਸਦੇ ਹੋਏ ਲਿਖਦੀ ਹੈ”
ਇਹ ਜਿਸਮ ਮਿੱਟੀ ਦੀ ਢੇਰੀ
ਬੰਦਿਆਂ ਕੀ ਔਕਾਤ ਏ ਤੇਰੀ
ਮਰ ਗਿਆ ਕਿਸੇ ਪੁੱਛਣਾ ਨੀ
ਦੋ ਘੜੀ ਵੀ ਘਰ ਰੱਖਣਾ ਨੀ
ਜਿਉਂਦੇ ਜੀ ਬੱਸ ਲੋੜ ਏ ਤੇਰੀ
ਇਹ ਉਨ੍ਹਾਂ ਦੀ ਲੇਖਣੀ ਤੋਂ ਸਪੱਸ਼ਟ ਦਿਖਦਾ ਹੈ। ਸਮਾਜ ਸੰਸਥਾਵਾਂ ਨਾਲ ਜੁੜਨਾ, ਪਰਿਵਾਰ ਨਾਲੋਂ ਵੱਧ ਸਮਾਜ ਦੇ ਕੰਮ ਆਉਣਾ, ਉਸ ਦਾ ਜੀਵਨ ਦਰਸ਼ਨ ਰਿਹਾ ਹੈ।
ਪ੍ਰੀਤ ਲਿਖਦੀ ਹੈ ਮਨੁੱਖ ਦੀ ਜ਼ਿੰਦਗੀ ਦਾ ਸਭ ਤੋਂ ਵੱਡਾ ਸਰਾਪ ਉਸ ਦੀ ਆਜ਼ਾਦੀ ਹੈ। ਪਰ ਉਸੇ ਆਜ਼ਾਦੀ ਸਦਕਾ ਮਨੁੱਖ ਬਹਾਦਰ ਬਣਦਾ ਹੈ। ਪ੍ਰੀਤ ਨੇ ਮਨੁੱਖੀ ਅਧਿਕਾਰਾਂ ਦੀ ਰਾਖੀ ਲਈ ਪੱਤਰਕਾਰੀ ਦਾ ਹਥਿਆਰ ਹੱਥ ‘ਚ ਥੰਮ੍ਹ ਕੇ ਸਦਾ ਆਵਾਜ਼ ਉੱਚੀ ਕੀਤੀ ਹੈ ਅਤੇ ਇਹ ਸਭ ਕੁਝ ਉਸ ਦੀ ਆਜ਼ਾਦ ਤਬੀਅਤ, ਉਸ ਦੀ ਅਗਾਂਹਵਧੂ ਸੋਚ ਸਦਕਾ ਹੀ ਸੰਭਵ ਹੋ ਸਕਿਆ ਹੈ।
ਪ੍ਰੀਤ ਦੀਆਂ ਰਚਨਾਵਾਂ ਤੋਂ ਇਹ ਵੀ ਸਾਹਮਣੇ ਆਉਂਦਾ ਹੈ ਕਿ ਮਨੁੱਖ ਦਾ ਸਭ ਤੋਂ ਵੱਧ ਜ਼ੋਰ ਇਸੇ ਗੱਲ ‘ਤੇ ਹੀ ਲੱਗਿਆ ਰਹਿੰਦਾ ਹੈ ਕਿ ਉਸ ਦਾ ਅਸਲੀ ਆਪਾ ਲੋਕਾਂ ਸਾਹਮਣੇ ਪ੍ਰਗਟ ਨਾ ਹੋਵੇ ਅਤੇ ਦੁਨੀਆ ਨੂੰ ਸਿਰਫ਼ ਉਹੀ ਕੁਝ ਦਿਖਾਈ ਦੇਵੇ, ਜਿਹੜਾ ਉਹ ਦਿਖਾਉਣਾ ਚਾਹੁੰਦੇ ਹਨ। ਇਸ ਤਰ੍ਹਾਂ ਲਗਭਗ ਹਰ ਵਿਅਕਤੀ ਹੀ ਦੂਹਰੀ ਜ਼ਿੰਦਗੀ ਜਿਊਂਦਾ ਪ੍ਰਤੀਤ ਹੁੰਦਾ ਹੈ ਪਰ ਉਸ ਦੇ ਲੱਖ ਕੋਸ਼ਿਸ਼ ਕਰਨ ਦੇ ਬਾਵਜੂਦ, ਪਤਾ ਨਹੀਂ ਲਗਦਾ ਕਿ ਸਾਰੀਆਂ ਵਲਗਣਾਂ ਨੂੰ ਤੋੜਦਿਆਂ ਉਸ ਦੇ ਅੰਦਰਲਾ ਜਾਨਵਰ ਕਦੋਂ ਜਾਗ ਜਾਵੇ:
ਮੋਹ ਦੇ ਦੋ ਮਿੱਠੇ ਜਿਹੇ ਬੋਲ – ਬੋਲ ਕੇ ਵੇ
ਪਾਣੀ ਬਲਦੀ ਅੱਗ ਤੇ ਕਾਹਤੋਂ ਪਾ ਦਿੱਤਾ।
ਮੈਂ ਦੀਵੇ ਥੱਲੇ ਹਨੇਰੇ ਵਾਂਗ ਸੀ ਭਾਵੇਂ
ਪਰ ਮੈਂ ਸਭ ਨੂੰ ਚਾਨਣ ਵੰਡਦੀ ਸੀ।
ਪਿਆਰ ਦੇਣਾ ਅਤੇ ਪਿਆਰ ਪਾਉਣਾ ਜੀਵਨ ਦਾ ਉੱਤਮ ਖਜ਼ਾਨਾ ਹੈ, ਜੋ ਦੂਜਿਆਂ ਦੇ ਜੀਵਨ ਲਈ ਸਹਾਇਕ ਹੁੰਦਾ ਹੈ, ਉਹ ਜੀਵਨ ਦਾ ਸਰਬੋਤਮ ਫ਼ਲ ਇਕੱਠਾ ਕਰ ਰਿਹਾ ਹੁੰਦਾ ਹੈ। ਕਹਾਣੀਆਂ ਅਤੇ ਕਵਿਤਾਵਾਂ ਨੂੰ ਰੌਚਕ ਬਣਾਉਣ ਲਈ ਪ੍ਰੀਤ ਜੀ ਛੋਟੀਆਂ-ਛੋਟੀਆਂ ਕਹਾਣੀਆਂ, ਦਿਲਚਸਪ ਘਟਨਾਵਾਂ ਦਾ ਜ਼ਿਕਰ ਵੀ ਕਰਨਾ ਨਹੀਂ ਭੁੱਲਦੀ, ਜਿਸ ਨਾਲ ਉਸ ਦੀ ਸ਼ੈਲੀ ਰਸਦਾਰ ਬਣਦੀ ਪ੍ਰਤੀਤ ਹੁੰਦੀ ਹੈ। ਦੁੱਖਾਂ ਅਤੇ ਔਕੜਾਂ ‘ਚ ਘਿਰੇ ਮਨੁੱਖਾਂ ਜਾਂ ਪਰਿਵਾਰਾਂ ਲਈ ਅਜਿਹੀ ਪੁਸਤਕ ਪੜ੍ਹਨੀ ਰਾਮਬਾਣ ਤੇ ਔਸ਼ਧੀ ਸਿੱਧ ਹੋ ਸਕਦੀ ਹੈ।
ਜੋ ਪੰਜਾਬ ਨੂੰ , ਪੰਜਾਬੀਅਤ ਨੂੰ ਆਪਣੇ ਪੰਜਾਬ ਵਿਚ ਬਿਤਾਏ ਬਚਪਨ , ਆਪਣੇ ਸਭਿਅਚਾਰ ਨਾਲ ਜੁੜੇ ਪਾਠਕਾਂ ਲਈ ਇਹ ਪੁਸਤਕ ਪ੍ਰੇਰਨਾ ਸ੍ਰੋਤ ਬਣੇਗੀ, ਕਿਉਂਕਿ ਜਿਵੇਂ ਜਿਵੇਂ ਉਹ ਕਿਤਾਬ ਪੜ੍ਹਦੇ ਜਾਣਗੇ, ਉਹਨਾਂ ਨੂੰ ਆਪਣਾ ਬਚਪਨ, ਤੇ ਜੋ ਪ੍ਰਦੇਸ਼ਾ ਵਿਚ ਬੈਠਦੇ ਹਨ ਉਹਨਾਂ ਨੂੰ ਆਪਣੇ ਪਿੰਡਾ, ਆਪਣੇ ਗੁਰੂਆਂ ਪੀਰਾਂ ਦੀ ਧਰਤੀ, ਪੰਜਾਬ ਦੀ ਧਰਤੀ ਦੀ ਖੁਸ਼ਬੂ ਜਰੂਰ ਛੱਡ ਕੇ ਜਾਏਗੀ, ਮੇਰਾ ਇਹ ਮੰਨਣਾ ਹੈ.