ਜੇਕਰ ਤੁਸੀਂ ਵੀ ਮੋਮੋਜ਼ ਖਾਣ ਦੇ ਸ਼ੌਕੀਨ ਹੋ ਤਾਂ ਤੁਰੰਤ ਚੌਕਸ ਹੋ ਜਾਓ ਕਿਉਂਕਿ ਥੋੜ੍ਹੀ ਜਿਹੀ ਲਾਪਰਵਾਹੀ ਜਾਨ ਦਾ ਦੁਸ਼ਮਣ ਬਣ ਸਕਦੀ ਹੈ। ਦਰਅਸਲ, ਹਾਲ ਹੀ ਵਿੱਚ ਰਾਜਧਾਨੀ ਦਿੱਲੀ ਵਿੱਚ ਇਕ ਵਿਅਕਤੀ ਦੀ ਮੌਤ ਮੋਮੋਜ਼ ਨਾਲ ਹੋਈ ਹੈ। ਮੰਨਿਆ ਜਾ ਰਿਹਾ ਹੈ ਕਿ ਦੇਸ਼ ‘ਚ ਪਹਿਲੀ ਵਾਰ ਮੋਮੋਜ਼ ਖਾਣ ਨਾਲ ਕਿਸੇ ਵਿਅਕਤੀ ਦੀ ਮੌਤ ਹੋਈ ਹੈ। ਨਵੀਂ ਦਿੱਲੀ ਸਥਿਤ ਆਲ ਇੰਡੀਆ ਇੰਸਟੀਚਿਊਟ ਆਫ ਮੈਡੀਕਲ ਸਾਇੰਸਿਜ਼ (ਏਮਜ਼) ਦੇ ਫੋਰੈਂਸਿਕ ਮਾਹਿਰਾਂ ਨੇ ਵੀ ਪੋਸਟਮਾਰਟਮ ਤੋਂ ਬਾਅਦ ਇਸ ਮਾਮਲੇ ਦਾ ਪਰਦਾਫਾਸ਼ ਕੀਤਾ ਹੈ। ਏਮਜ਼ ਵਿੱਚ ਫੋਰੈਂਸਿਕ ਵਿਭਾਗ ਦੇ ਮੁਖੀ ਡਾ. ਸੁਧੀਰ ਗੁਪਤਾ ਨੇ ਕਿਹਾ ਕਿ ਇਹ ਮਾਮਲਾ ਬਹੁਤ ਹੀ ਦੁਰਲੱਭ ਹੈ, ਇਸ ਤੋਂ ਸਬਕ ਸਿੱਖਣ ਦੀ ਲੋੜ ਹੈ।
ਮੋਮੋਜ਼ ਖਾ ਕੇ ਜ਼ਮੀਨ ‘ਤੇ ਡਿੱਗਿਆ ਆਦਮੀ
ਡਾਕਟਰਾਂ ਮੁਤਾਬਕ ਏਮਜ਼ ਨੇੜੇ ਦੱਖਣੀ ਦਿੱਲੀ ਦੇ ਇਕ ਰੈਸਟੋਰੈਂਟ ‘ਚ 50 ਸਾਲਾ ਵਿਅਕਤੀ ਜਦੋਂ ਮੋਮੋਜ਼ ਖਾ ਰਿਹਾ ਸੀ ਤਾਂ ਉਹ ਅਚਾਨਕ ਜ਼ਮੀਨ ‘ਤੇ ਡਿੱਗ ਗਿਆ ਤੇ ਉਸ ਦੀ ਮੌਤ ਹੋ ਗਈ। ਜਦੋਂ ਏਮਜ਼ ‘ਚ ਪੋਸਟਮਾਰਟਮ ਕੀਤਾ ਗਿਆ ਤਾਂ ਪਤਾ ਲੱਗਾ ਕਿ ਵਿਅਕਤੀ ਦੇ ਗਲੇ ‘ਚ ਮੋਮੋਜ਼ ਫਸਿਆ ਹੋਇਆ ਸੀ। ਡਾਕਟਰਾਂ ਨੇ ਖਦਸ਼ਾ ਜਤਾਇਆ ਹੈ ਕਿ ਮੋਮੋਜ਼ ਖਾਂਦੇ ਸਮੇਂ ਵਿਅਕਤੀ ਨਸ਼ਾ ‘ਚ ਹੋ ਸਕਦਾ ਹੈ।
ਮੋਮੋਜ਼ ਗਲੇ ਦੀ ਨਲੀ ‘ਚ ਫਸਿਆ
ਏਮਜ਼ ਦੇ ਡਾਕਟਰ ਅਭਿਸ਼ੇਕ ਯਾਦਵ ਨੇ ਦੱਸਿਆ ਕਿ ਪੋਸਟਮਾਰਟਮ ਵਿੱਚ ਮ੍ਰਿਤਕ ਦੇ ਸਾਹ ਦੀ ਨਾਲੀ ਦੇ ਸ਼ੁਰੂ ਵਿੱਚ ਇੱਕ ਪਕੌੜੇ ਵਰਗਾ ਪਦਾਰਥ ਮਿਲਿਆ ਸੀ, ਉਹ ਮੋਮੋਜ਼ ਸੀ। ਖਾਣਾ ਖਾਂਦੇ ਸਮੇਂ ਸਾਹ ਨਾਲੀ ਦੀ ਰੁਕਾਵਟ ਕਾਰਨ ਅਚਾਨਕ ਮੌਤ ਹੋਣ ਦਾ ਇਹ ਕੋਈ ਪਹਿਲਾ ਮਾਮਲਾ ਨਹੀਂ ਹੈ। ਉਨ੍ਹਾਂ ਕਿਹਾ ਕਿ ਵਿਸ਼ਵ ਵਿੱਚ 1.2 ਮਿਲੀਅਨ ਵਿੱਚੋਂ ਇਕ ਮੌਤ ਖਾਣਾ ਖਾਂਦੇ ਸਮੇਂ ਸਾਹ ਲੈਣ ਵਿੱਚ ਰੁਕਾਵਟ ਆਉਣ ਕਾਰਨ ਹੁੰਦੀ ਹੈ।
ਜੇਕਰ ਤੁਸੀਂ ਵੀ ਮੋਮੋਜ਼ ਖਾਣ ਦੇ ਸ਼ੌਕੀਨ ਹੋ ਤਾਂ ਰੱਖੋ ਇਹ ਸਾਵਧਾਨੀਆਂ
ਡਾਕਟਰਾਂ ਨੇ ਕਿਹਾ ਹੈ ਕਿ ਜੇਕਰ ਤੁਸੀਂ ਮੋਮੋਜ਼ ਦੇ ਨਾਲ ਹੋਰ ਖਾਣਾ ਖਾ ਰਹੇ ਹੋ ਤਾਂ ਅਜਿਹਾ ਹਾਦਸਾ ਹੋ ਸਕਦਾ ਹੈ। ਕਿਸੇ ਵੀ ਭੋਜਨ ਨੂੰ ਨਿਗਲਣ ਤੋਂ ਪਹਿਲਾਂ ਚੰਗੀ ਤਰ੍ਹਾਂ ਚਬਾਉਣਾ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਜੇਕਰ ਮੋਮੋਜ਼ ਨੂੰ ਚੰਗੀ ਤਰ੍ਹਾਂ ਚਬਾ ਕੇ ਨਾ ਖਾਧਾ ਜਾਵੇ ਤਾਂ ਇਸ ਦੇ ਗਲੇ ‘ਚ ਚਿਪਕਣ ਦੀ ਸੰਭਾਵਨਾ ਜ਼ਿਆਦਾ ਹੋ ਸਕਦੀ ਹੈ। ਡਾਕਟਰਾਂ ਦਾ ਕਹਿਣਾ ਹੈ ਕਿ ਜੇਕਰ ਅਸੀਂ ਭੋਜਨ ਨੂੰ ਚਬਾਏ ਬਿਨਾਂ ਖਾਂਦੇ ਹਾਂ ਤਾਂ ਉਸ ਚੀਜ਼ ਦੇ ਫਿਸਲਣ ਨਾਲ ਸਾਹ ਦੀ ਨਾਲੀ ਵਿੱਚ ਫਸਣ ਦੀ ਸੰਭਾਵਨਾ ਹੁੰਦੀ ਹੈ। ਬਾਰੀਕ ਚਬਾਉਣ ਨਾਲ ਸਾਹ ਪ੍ਰਣਾਲੀ ਵਿਚ ਰੁਕਾਵਟ ਨਹੀਂ ਆਉਂਦੀ।