ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਅਜਿਹੇ ਸਮੇਂ ਰੂਸ ਦੌਰੇ ’ਤੇ ਜਾਣ ਨੂੰ ਲੈ ਕੇ ਅਮਰੀਕਾ ਨਿਰਾਸ਼ ਹੈ ਜਦੋਂ ਉਹ ਇੱਥੇ ਨਾਟੋ ਸਿਖਰ ਸੰਮੇਲਨ ਦੀ ਮੇਜ਼ਬਾਨੀ ਕਰ ਰਿਹਾ ਸੀ। ਇਹ ਗੱਲ ਅਮਰੀਕਾ ਵਿਦੇਸ਼ ਵਿਭਾਗ ਦੇ ਇਕ ਸੀਨੀਅਰ ਅਧਿਕਾਰੀ ਨੇ ਸੰਸਦ ਮੈਂਬਰਾਂ ਨੂੰ ਕਹੀ। ਅਮਰੀਕਾ ਦੇ ਸਹਾਇਕ ਵਿਦੇਸ਼ ਮੰਤਰੀ ਅਤੇ ਅਮਰੀਕੀ ਸੰਸਦ ਮੈਂਬਰਾਂ ਨੇ ਭਾਰਤ-ਰੂਸ ਦੇ ਵਧਦੇ ਸਬੰਧਾਂ ’ਤੇ ਚਿੰਤਾ ਜ਼ਾਹਿਰ ਕੀਤੀ ਹੈ।
ਜ਼ਿਕਰਯੋਗ ਹੈ ਕਿ 22ਵੇਂ ਭਾਰਤ-ਰੂਸ ਸੰਮੇਲਨ ਲਈ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਦੇ ਸੱਦੇ ’ਤੇ 8-9 ਜੁਲਾਈ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਧਿਕਾਰਤ ਦੌਰੇ ’ਤੇ ਰੂਸ ਗਏ ਸਨ। ਯੂਕਰੇਨ ਨਾਲ ਜੰਗ ਸ਼ੁਰੂ ਹੋਣ ਤੋਂ ਬਾਅਦ ਮੋਦੀ ਦਾ ਇਹ ਪਹਿਲਾ ਰੂਸ ਦੌਰਾ ਸੀ। ਰੂਸ ਵੱਲੋਂ 2022 ਵਿੱਚ ਯੂਕਰੇਨ ’ਚ ਕੀਤੇ ਗਏ ਹਮਲੇ ਦੀ ਭਾਰਤ ਨੇ ਅਜੇ ਤੱਕ ਆਲੋਚਨਾ ਨਹੀਂ ਕੀਤੀ ਹੈ ਅਤੇ ਲਗਾਤਾਰ ਇਸ ਸੰਘਰਸ਼ ਦਾ ਹੱਲ ਗੱਲਬਾਤ ਤੇ ਕੂਟਨੀਤੀ ਰਾਹੀਂ ਕਰਨ ਦੀ ਵਕਾਲਤ ਕਰਦਾ ਰਿਹਾ ਹੈ। ਦੱਖਣੀ ਤੇ ਮੱਧ ਏਸ਼ੀਆ ਲਈ ਸਹਾਇਕ ਵਿਦੇਸ਼ ਮੰਤਰੀ ਡੋਨਲਡ ਲੂ ਨੇ ਮੰਗਲਵਾਰ ਨੂੰ ਇੱਥੇ ਕਾਂਗਰਸ ਦੀ ਮੀਟਿੰਗ ਵਿੱਚ ਅਮਰੀਕੀ ਸੰਸਦ ਮੈਂਬਰਾਂ ਨੂੰ ਕਿਹਾ, ‘‘ਮੈਂ ਪ੍ਰਧਾਨ ਮੰਤਰੀ ਮੋਦੀ ਦੇ ਰੂਸ ਦੌਰੇ ਦੇ ਪ੍ਰਤੀਕਵਾਦ ਅਤੇ ਸਮੇਂ ਨੂੰ ਲੈ ਕੇ ਨਿਰਾਸ਼ਾ ਬਾਰੇ ਤੁਹਾਡੇ ਨਾਲ ਪੂਰੀ ਤਰ੍ਹਾਂ ਸਹਿਮਤ ਹਾਂ। ਅਸੀਂ ਆਪਣੇ ਭਾਰਤੀ ਦੋਸਤਾਂ ਨਾਲ ਗੱਲਬਾਤ ਕਰ ਰਹੇ ਹਾਂ।’’ ਉਹ ਭਾਰਤ ਤੇ ਭਾਰਤੀ-ਅਮਰੀਕੀਆਂ ਦੇ ਕੌਕਸ ਦੇ ਸਾਬਕਾ ਸਹਿ-ਪ੍ਰਧਾਨ ਸੰਸਦ ਮੈਂਬਰ ਜੋਅ ਵਿਲਸਨ ਦੇ ਇਕ ਸਵਾਲ ਦਾ ਜਵਾਬ ਦੇ ਰਹੇ ਸਨ। ਉਨ੍ਹਾਂ ਕਿਹਾ, ‘‘ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਿਨ੍ਹਾਂ ਦਾ ਮੈਂ ਬਹੁਤ ਸਨਮਾਨ ਕਰਦਾ ਹਾਂ ਤੇ ਪ੍ਰਸੰਸਾ ਕਰਦਾ ਹਾਂ, ਨੂੰ ਮਾਸਕੋ ਵਿੱਚ ਜੰਗ ਦੇ ਅਪਰਾਧੀ ਪੂਤਿਨ ਨੂੰ ਗਲੇ ਲਾਉਂਦੇ ਹੋਏ ਦੇਖ ਕੇ ਹੈਰਾਨ ਤੇ ਦੁਖੀ ਹਾਂ, ਠੀਕ ਉਸੇ ਦਿਨ ਜਦੋਂ ਪੂਤਿਨ ਨੇ ਯੂਕਰੇਨ ਦੇ ਕੀਵ ਵਿੱਚ ਬੱਚਿਆਂ ਦੇ ਸਭ ਤੋਂ ਵੱਡੇ ਹਸਪਤਾਲ ’ਤੇ ਜਾਣਬੁੱਝ ਕੇ ਮਿਜ਼ਾਈਲਾਂ ਦਾਗੀਆਂ ਸਨ।’’ ਉਨ੍ਹਾਂ ਕਿਹਾ, ‘‘ਭਾਰਤ ਨੂੰ ਚਾਨਣ ਮੁਨਾਰਾ ਹੋਣਾ ਚਾਹੀਦਾ ਹੈ ਤੇ ਤਾਨਾਸ਼ਾਹੀ ’ਤੇ ਨਿਰਭਰ ਨਹੀਂ ਹੋਣਾ ਚਾਹੀਦਾ ਹੈ। ਭਾਰਤ ਨੂੰ ਘਟੀਆ ਰੂਸੀ ਹਥਿਆਰਾਂ ਤੇ ਸਸਤੀਆਂ ਵਸਤਾਂ ’ਤੇ ਨਿਰਭਰ ਨਾ ਹੋਣ ਲਈ ਕੀ ਕੀਤਾ ਜਾ ਸਕਦਾ ਹੈ? ਅਤੇ ਅਸੀਂ ਜਾਣਦੇ ਹਾਂ ਕਿ ਜਿਹੜਾ ਕੱਚਾ ਤੇਲ ਖਰੀਦਿਆ ਜਾ ਰਿਹਾ ਹੈ, ਉਸ ਦੀ ਫੰਡਿੰਗ ਯੂਕਰੇਨ ਦੇ ਲੋਕਾਂ ਨੂੰ ਮਾਰਨ ਵਾਲੀ ਹੈ।’’