ਬੰਗਲਾਦੇਸ਼ ਵਿਚ ਸ਼ੇਖ ਹਸੀਨਾ ਦੇ ਪ੍ਰਧਾਨ ਮੰਤਰੀ ਦਾ ਅਹੁਦਾ ਗੁਆਉਣ ਅਤੇ ਦੇਸ਼ ਛੱਡ ਕੇ ਭਾਰਤ ਆਉਣ ਤੋਂ ਬਾਅਦ ਹੁਣ ਅਗਲੀਆਂ ਚੋਣਾਂ ਤੱਕ ਦੇਸ਼ ਦੀ ਕਮਾਨ ਨੋਬਲ ਪੁਰਸਕਾਰ ਜੇਤੂ ਮੁਹੰਮਦ ਯੂਨਸ ਦੇ ਹੱਥਾਂ ਵਿੱਚ ਹੈ। ਆਰਥਿਕ ਅਤੇ ਸਿਆਸੀ ਮੋਰਚੇ ‘ਤੇ ਉਥਲ-ਪੁਥਲ ਦਾ ਸਾਹਮਣਾ ਕਰ ਰਹੇ ਬੰਗਲਾਦੇਸ਼ ਨੇ ਅਚਾਨਕ ਕਈ ਦੇਸ਼ਾਂ ਤੋਂ ਆਪਣੇ ਰਾਜਦੂਤਾਂ ਨੂੰ ਵਾਪਸ ਬੁਲਾ ਲਿਆ ਹੈ। ਅਜਿਹਾ ਕਰਨ ਦਾ ਇੱਕ ਖਾਸ ਕਾਰਨ ਹੈ।
ਬੰਗਲਾਦੇਸ਼ ਦੀ ਨਵੀਂ ਸਰਕਾਰ ਨੇ ਅਮਰੀਕਾ, ਮਾਲਦੀਵ, ਸੰਯੁਕਤ ਅਰਬ ਅਮੀਰਾਤ, ਰੂਸ, ਸਾਊਦੀ ਅਰਬ, ਜਾਪਾਨ ਅਤੇ ਜਰਮਨੀ ਵਿੱਚ ਤਾਇਨਾਤ ਆਪਣੇ ਰਾਜਦੂਤਾਂ ਨੂੰ ਵਾਪਸ ਬੁਲਾਉਣ ਦਾ ਫੈਸਲਾ ਕੀਤਾ ਹੈ। ਉਨ੍ਹਾਂ ਦੀ ਨਿਯੁਕਤੀ ਸ਼ੇਖ ਹਸੀਨਾ ਦੇ ਕਾਰਜਕਾਲ ਦੌਰਾਨ ਹੋਈ ਸੀ।
ਬੰਗਲਾਦੇਸ਼ ਸਰਕਾਰ ਨੇ ਦੱਸਿਆ ਵਾਪਸ ਕਿਉਂ ਬੁਲਾਇਆ…
ਬੰਗਲਾਦੇਸ਼ ਨੇ 7 ਦੇਸ਼ਾਂ ਤੋਂ ਆਪਣੇ ਰਾਜਦੂਤਾਂ ਨੂੰ ਵਾਪਸ ਬੁਲਾ ਲਿਆ ਹੈ। ਦਰਅਸਲ, ਬੰਗਲਾਦੇਸ਼ ਨੇ ਉਨ੍ਹਾਂ ਰਾਜਦੂਤਾਂ ਨੂੰ ਵਾਪਸ ਬੁਲਾ ਲਿਆ ਹੈ ਜੋ ਕੰਟਰੈਕਟ ਉਤੇ ਸਨ। ਭਾਰਤ ਵਿਚ ਬੰਗਲਾਦੇਸ਼ ਦੇ ਹਾਈ ਕਮਿਸ਼ਨ ਵਿਚ ਨਿਯੁਕਤ ਪ੍ਰੈੱਸ ਅਧਿਕਾਰੀ ਨੂੰ ਵੀ ਵਾਪਸ ਬੁਲਾ ਲਿਆ ਗਿਆ ਹੈ, ਉਹ ਵੀ ਕੰਟਰੈਕਟ ਉਤੇ ਸੀ। ਬੰਗਲਾਦੇਸ਼ ਨਾਲ ਸਬੰਧਤ ਮਾਹਿਰਾਂ ਨੇ ਦੱਸਿਆ ਕਿ ਜਿਨ੍ਹਾਂ ਰਾਜਦੂਤਾਂ ਨੂੰ ਬੁਲਾਇਆ ਗਿਆ ਸੀ, ਉਹ ਡਿਪਲੋਮੈਟ ਤਾਂ ਸਨ ਪਰ ਕੰਟਰੈਕਟ ਉਤੇ ਸਨ।
ਭਾਰਤ ਵਿੱਚ ਬੰਗਲਾਦੇਸ਼ ਦੇ ਹਾਈ ਕਮਿਸ਼ਨਰ ਇਸ ਸਮੇਂ ਬੰਗਲਾਦੇਸ਼ ਦੀ ਵਿਦੇਸ਼ ਸੇਵਾ ਵਿੱਚ ਹਨ ਅਤੇ ਉਨ੍ਹਾਂ ਨੂੰ ਵਾਪਸ ਬੁਲਾਏ ਜਾਣ ਦੀ ਕੋਈ ਖ਼ਬਰ ਨਹੀਂ ਹੈ। ਆਉਣ ਵਾਲੇ ਸਮੇਂ ‘ਚ ਬੰਗਲਾਦੇਸ਼ ਦੀ ਨਵੀਂ ਸਰਕਾਰ ਦੂਜੇ ਦੇਸ਼ਾਂ ‘ਚ ਨਿਯੁਕਤ ਰਾਜਦੂਤਾਂ ਅਤੇ ਹਾਈ ਕਮਿਸ਼ਨਰਾਂ ਨੂੰ ਵੀ ਬੁਲਾਏਗੀ ਕਿਉਂਕਿ ਨਵੀਂ ਅੰਤਰਿਮ ਸਰਕਾਰ ਜ਼ਿਆਦਾਤਰ ਅਤੇ ਖਾਸਕਰ ਮਜ਼ਬੂਤ ਦੇਸ਼ਾਂ ‘ਚ ਅਜਿਹੇ ਲੋਕਾਂ ਨੂੰ ਰਾਜਦੂਤ ਨਿਯੁਕਤ ਕਰੇਗੀ, ਜਿਨ੍ਹਾਂ ਦੇ ਪਿਛਲੀ ਅਵਾਮੀ ਲੀਗ ਸਰਕਾਰ ਅਤੇ ਸ਼ੇਖ ਹਸੀਨਾ ਸਰਕਾਰ ਨਾਲ ਕੋਈ ਸਬੰਧ ਨਹੀਂ ਸਨ।