ਓਟਵਾ : ਕੋਵਿਡ-19 ਦੇ ਖਾਤਮੇ ਲਈ ਵੈਕਸੀਨ ਤਿਆਰ ਹੋ ਜਾਣ ਤੋਂ ਬਾਅਦ ਮਾਸ ਵੈਕਸੀਨੇਸ਼ਨ ਦੀ ਸੂਰਤ ਵਿੱਚ ਜਿਸ ਸਪਲਾਈ ਦੀ ਲੋੜ ਹੋਵੇਗੀ ਫੈਡਰਲ ਸਰਕਾਰ ਉਸ ਨੂੰ ਇੱਕਠਾ ਕਰਨ ਵਿੱਚ ਜੁਟ ਗਈ ਹੈ। ਇਸ ਸਬੰਧ ਵਿੱਚ ਸਰਕਾਰ ਨੇ 37 ਮਿਲੀਅਨ ਸਰਿੰਜਾਂ ਹਾਸਲ ਕਰਨ ਲਈ ਕਾਂਟਰੈਕਟ ਸਾਈਨ ਕੀਤਾ ਹੈ।
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਪਹਿਲਾਂ ਇਹ ਐਲਾਨ ਕੀਤਾ ਸੀ ਕਿ ਸਰਕਾਰ ਕੋਵਿਡ-19 ਦੀ ਜ਼ਰੂਰੀ ਸਪਲਾਈ ਵਜੋਂ ਸਰਿੰਜਾਂ ਨੂੰ ਵੀ ਸ਼ਾਮਲ ਕਰ ਰਹੀ ਹੈ। ਬਾਅਦ ਵਿੱਚ ਪ੍ਰੋਕਿਓਰਮੈਂਟ ਮੰਤਰੀ ਅਨੀਤਾ ਆਨੰਦ ਨੇ ਆਖਿਆ ਕਿ ਇਹ ਕਾਂਟਰੈਕਟ ਕੈਨੇਡੀਅਨ ਕੰਪਨੀ ਬੈਕਟਨ ਡਿਕਿੰਸਨ ਕੈਨੇਡਾ ਨਾਲ ਸਾਈਨ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਮਾਸ ਵੈਕਸੀਨੇਸ਼ਨ ਨੂੰ ਧਿਆਨ ਵਿੱਚ ਰੱਖਦਿਆਂ ਹੋਇਆਂ ਅਸੀਂ ਸਿਲਸਿਲੇਵਾਰ ਹੋਰ ਸਪਲਾਈ ਵੀ ਮੰਗਾਵਾਂਗੇ। ਅਸੀਂ ਇਹ ਯਕੀਨੀ ਬਣਾਉਣਾ ਚਾਹੁੰਦੇ ਹਾਂ ਕਿ ਜਦੋਂ ਹੀ ਕਰੋਨਾਵਾਇਰਸ ਦੇ ਖਾਤਮੇ ਲਈ ਵੈਕਸੀਨ ਤਿਆਰ ਹੋ ਜਾਵੇ ਤਾਂ ਅਸੀਂ ਕੈਨੇਡੀਅਨਾਂ ਨੂੰ ਉਸ ਵੈਕਸੀਨ ਦੀ ਡੋਜ਼ ਦੇਣ ਲਈ ਤਿਆਰ ਰਹੀਏ।
ਅਨੀਤਾ ਆਨੰਦ ਨੇ ਇਹ ਨਹੀਂ ਦੱਸਿਆ ਕਿ ਇਹ ਸਰਿੰਜਾ ਕਦੋਂ ਡਲਿਵਰ ਹੋਣਗੀਆਂ। ਚੀਫ ਪਬਲਿਕ ਹੈਲਥ ਆਫੀਸਰ ਡਾ. ਥੈਰੇਸਾ ਟੈਮ ਨੇ ਆਖਿਆ ਕਿ ਇਸ ਸੱਭ ਕਾਸੇ ਲਈ ਸਾਨੂੰ ਪਹਿਲਾਂ ਹੀ ਯੋਜਨਾ ਬਣਾ ਕੇ ਰੱਖਣੀ ਹੋਵੇਗੀ। ਇੱਥੇ ਦੱਸਣਾ ਬਣਦਾ ਹੈ ਕਿ ਮਈ ਦੇ ਮੱਧ ਵਿੱਚ ਹੈਲਥ ਕੈਨੇਡਾ ਨੇ ਕੋਵਿਡ-19 ਦੀ ਕੈਨੇਡਾ ਵਿੱਚ ਤਿਆਰ ਵੈਕਸੀਨ ਲਈ ਕਲੀਨਿਕਲ ਟ੍ਰਾਇਲ ਦੀ ਇਜਾਜ਼ਤ ਦਿੱਤੀ ਸੀ। ਇਸ ਤੋਂ ਇਲਾਵਾ ਦੁਨੀਆ ਭਰ ਵਿੱਚ ਅਜਿਹੀ ਵੈਕਸੀਨ ਦੇ ਚੱਲ ਰਹੇ ਟ੍ਰਾਇਲ ਵਿੱਚ ਵੀ ਕੈਨੇਡਾ ਸ਼ਾਮਲ ਹੈ।
previous post