ਮਹਾਰਾਸ਼ਟਰ ਦੇ ਪਰਭਨੀ ’ਚ ਛੇ ਨੌਜਵਾਨਾਂ ਨੇ ਤਿੰਨ ਨਾਬਾਲਿਗ ਸਿੱਖਾਂ ’ਤੇ ਹਮਲਾ ਕਰ ਦਿੱਤਾ ਜਿਸ ਵਿਚ ਇਕ ਦੀ ਮੌਤ ਹੋ ਗਈ। ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ। ਇਨ੍ਹਾਂ ਨਾਬਾਲਿਗਾਂ ’ਤੇ ਚੋਰੀ ਦਾ ਦੋਸ਼ ਲਗਾ ਕੇ ਹਮਲਾ ਕੀਤਾ ਗਿਆ।
ਜਾਣਕਾਰੀ ਮੁਤਾਬਕ, ਅਕਰਮ ਪਟੇਲ ਨਾਂ ਦੇ ਇਕ ਵਿਅਕਤੀ ਨੇ ਆਪਣੇ ਪੰਜ ਹੋਰ ਸਾਥੀਆਂ ਨਾਲ ਪਿਛਲੇ ਦਿਨੀਂ ਹਮਲਾ ਕੀਤਾ। ਇਹ ਘਟਨਾ ਪਰਭਨੀ ਜ਼ਿਲ੍ਹੇ ਦੇ ਤਦਕਲਾਸ ਇਲਾਕੇ ’ਚ ਹੋਈ। ਪੁਲਿਸ ਵਲੋਂ ਦਰਜ ਕੀਤੀ ਐੱਫਆਈਆਰ ਦੇ ਮੁਤਾਬਕ, ਦੋ ਨਾਬਾਲਿਗ ਅਰੁਣ ਸਿੰਘ ਤੇ ਕਿਰਪਾਲ ਸਿੰਘ ਆਪਣੇ ਇਕ ਰਿਸ਼ਤੇਦਾਰ ਗੋਰਾਸਿੰਘ ਧੁਧਾਨੀ ਨਾਲ ਸਵੇਰੇ ਸ਼ੁੱਕਰਵਾਰ ਨੂੰ ਸਵੇਰੇ ਤਿੰਨ ਵਜੇ ਸੂਰ ਫੜਨ ਲਈ ਗਏ ਸਨ। ਉਨ੍ਹਾਂ ਨੂੰ ਕੋਈ ਸੂਰ ਨਹੀਂ ਮਿਲਿਆ ਤੇ ਘਰ ਵਾਪਸੀ ’ਤੇ ਅਕਰਮ ਤੇ ਚਾਰ-ਪੰਜ ਹੋਰ ਲੋਕਾਂ ਨੇ ਉਨ੍ਹਾਂ ਨੂੰ ਰੋਕ ਲਿਆ ਤੇ ਉਨ੍ਹਾਂ ਨੂੰ ਲੋਹੇ ਦੀਆਂ ਰਾਡਾਂ ਨਾਲ ਕੁੱਟਣਾ ਸ਼ੁਰੂ ਕਰ ਦਿੱਤਾ ਜਿਸ ਨਾਲ ਉਹ ਬੁਰੀ ਤਰ੍ਹਾਂ ਜ਼ਖਮੀ ਹੋ ਗਏ। ਉਨ੍ਹਾਂ ਨੇ ਇਨ੍ਹਾਂ ਦੀਆਂ ਅੱਖਾਂ ’ਚ ਮਿਰਚਾਂ ਵਾਲੀ ਚਟਨੀ ਪਾ ਦਿੱਤੀ ਤੇ ਉਨ੍ਹਾਂ ਦੀਆਂ ਬਾਹਾਂ ਤੋੜ ਦਿੱਤੀਆਂ। ਇਸ ਮਗਰੋਂ ਅਕਰਮ ਨੇ ਆਪਣੇ ਸਾਥੀਆਂ ਨੂੰ ਉਨ੍ਹਾਂ ਨੂੰ ਕੁੱਟਣ ਦਾ ਹੁਕਮ ਦਿੱਤਾ। ਇਕ ਅਣਪਛਾਤੇ ਵਿਅਕਤੀ ਨੇ ਲੋਹੇ ਦੀ ਰਾਡ ਅਰੁਣ ਸਿੰਘ ਦੇ ਸਿਰ ’ਤੇ ਮਾਰੀ ਤੇ ਕਿਰਪਾਲ ਸਿੰਘ ਦੀਆਂ ਅੰਤੜੀਆਂ ’ਤੇ ਵੀ ਸੱਟਾਂ ਮਾਰੀਆਂ। ਕਿਰਪਾਲ ਸਿੰਘ ਦੇ ਵੀ ਸਿਰ ’ਤੇ ਲੋਹੇ ਦੀ ਰਾਡ ਮਾਰੀ ਗਈ ਜਿਸ ਨਾਲ ਉਹ ਬੇਹੋਸ਼ ਹੋ ਗਿਆ।
ਗੋਰਾ ਸਿੰਘ ਦੁਧਾਨੀ ਨੇ ਕਿਹਾ ਕਿ ਉਹ ਅਕਰਮ ’ਤੇ ਚੀਕੇ ਤੇ ਹੋਰ ਵਿਅਕਤੀਆਂ ਨੇ ਉਨ੍ਹਾਂ ਨੂੰ ਕੁੱਟਣਾ ਸ਼ੁਰੂ ਕਰ ਦਿੱਤਾ। ਇਸ ਦੌਰਾਨ ਬਹੁਤ ਸਾਰੇ ਲੋਕ ਮੌਕੇ ’ਤੇ ਇਕੱਠੇ ਹੋ ਗਏ। ਉਨ੍ਹਾਂ ਨੇ ਵੀ ਅਕਰਮ ਨੂੰ ਕੁੱਟਣ ਤੋਂ ਰੋਕਿਆ ਤੇ ਪੁਲਿਸ ਨੂੰ ਬੁਲਾਉਣ ਲਈ ਕਿਹਾ। ਪਰ ਇਸ ਗੱਲ ਦਾ ਵੀ ਕੋਈ ਅਸਰ ਨਹੀਂ ਹੋਇਆ ਤੇ ਉਹ ਕੁੱਟਦੇ ਰਹੇ। ਇਸ ਮਗਰੋਂ ਪੀੜਤਾਂ ਨੂੰ ਸਰਕਾਰੀ ਹਸਪਤਾਲ ਲਿਜਾਂਦਾ ਗਿਆ ਜਿੱਥੇ ਕਿਰਪਾਲ ਸਿੰਘ ਨੂੰ ਮਿ੍ਰਤਕ ਐਲਾਨ ਦਿੱਤਾ ਗਿਆ। ਦੋ ਹੋਰ ਵਿਅਕਤੀਆਂ ਗੋਰਾ ਸਿੰਘ ਤੇ ਅਰੁਣ ਸਿੰਘ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।
ਦੱਸਿਆ ਜਾਂਦਾ ਹੈ ਕਿ ਗੋਰਾ ਸਿੰਘ ਨੇ ਐੱਫਆਈਆਰ ’ਚ ਇਹ ਨਹੀਂ ਦੱਸਿਆ ਕਿ ਉਸ ’ਤੇ ਤੇ ਉਸ ਦੇ ਦੋ ਰਿਸ਼ਤੇਦਾਰਾਂ ’ਤੇ ਕਿਉਂ ਹਮਲਾ ਕੀਤਾ ਗਿਆ। ਜਦਕਿ ਉਨ੍ਹਾਂ ਦੇ ਪਰਿਵਾਰ ਦਾ ਕਹਿਣਾ ਹੈ ਕਿ ਉਨ੍ਹਾਂ ’ਤੇ ਹਮਲਾ ਇਸ ਲਈ ਕੀਤਾ ਗਿਆ ਕਿਉਂਕਿ ਹਮਲਾਵਰਾਂ ਨੇ ਉਨ੍ਹਾਂ ਨੂੰ ਚੋਰ ਸਮਝਿਆ। ਉਨ੍ਹਾਂ ਕਿਹਾ ਕਿ ਸਾਡੇ ਬੱਚਿਆਂ ਨੇ ਕੁਝ ਨਹੀਂ ਕੀਤਾ। ਅਸੀਂ ਪਸ਼ੂ ਪਾਲਦੇ ਹਾਂ। ਉਸ ਦਿਨ ਇਹ ਤਿੰਨੇ ਸੂਰ ਲੱਭਣ ਗਏ ਸਨ ਪਰ ਕੋਈ ਨਹੀਂ ਮਿਲਿਆ। ਘਰ ਵਾਪਸੀ ’ਤੇ ਇਨ੍ਹਾਂ ’ਤੇ ਹਮਲਾ ਕਰ ਦਿੱਤਾ ਗਿਆ।