ਓਲੰਪਿਕ ਚੈਂਪੀਅਨ ਨੀਦਰਲੈਂਡ ਆਪਣੇ ਦੂਜੇ ਦਰਜੇ ਦੀ ਟੀਮ ਦੇ ਨਾਲ ਆਇਆ ਹੈ ਪਰ ਇਸ ਦੇ ਬਾਵਜੂਦ ਸ਼ੁੱਕਰਵਾਰ ਤੋਂ ਇੱਥੇ ਹੋਣ ਵਾਲੇ ਦੋ ਗੇੜ ਦੇ ਐੱਫਆਈਐੱਚ ਪ੍ਰਰੋ ਲੀਗ ਮੁਕਾਬਲੇ ਵਿਚ ਦੁਨੀਆ ਦੀ ਨੰਬਰ ਇਕ ਟੀਮ ਖ਼ਿਲਾਫ਼ ਭਾਰਤੀ ਮਹਿਲਾ ਹਾਕੀ ਟੀਮ ਦਾ ਰਾਹ ਸੌਖਾ ਨਹੀਂ ਹੋਵੇਗਾ। ਓਲੰਪਿਕ ਵਿਚ ਨੀਦਰਲੈਂਡ ਦੀ ਖ਼ਿਤਾਬੀ ਜਿੱਤ ਦੌਰਾਨ ਟੀਮ ਦਾ ਹਿੱਸਾ ਰਹੀ ਕੋਈ ਵੀ ਖਿਡਾਰਨ ਭਾਰਤ ਦੇ ਦੌਰੇ ‘ਤੇ ਨਹੀਂ ਆਈ ਹੈ ਪਰ ਨੀਦਰਲੈਂਡ ਵਿਚ ਖੇਡ ਦੇ ਪੱਧਰ ਨੂੰ ਦੇਖਦੇ ਹੋਏ ਭਾਰਤ ਨੂੰ ਸਖ਼ਤ ਚੁਣੌਤੀ ਮਿਲਣ ਦੀ ਸੰਭਾਵਨਾ ਹੈ। ਦੋਵੇਂ ਟੀਮਾਂ ਟੋਕੀਓ ਓਲੰਪਿਕ ਦੌਰਾਨ ਜਦ ਪਿਛਲੀ ਵਾਰ ਭਿੜੀਆਂ ਸਨ ਤਾਂ ਨੀਦਰਲੈਂਡ ਨੇ 5-1 ਨਾਲ ਜਿੱਤ ਦਰਜ ਕੀਤੀ ਸੀ। ਆਪਣੇ ਸ਼ੁਰੂਆਤੀ ਸੈਸ਼ਨ ਵਿਚ ਹਾਲਾਂਕਿ ਹੁਣ ਤਕ ਭਾਰਤੀ ਟੀਮ ਨੇ ਚੰਗਾ ਪ੍ਰਦਰਸ਼ਨ ਕੀਤਾ ਹੈ। ਟੀਮ ਛੇ ਮੈਚਾਂ ਵਿਚ 12 ਅੰਕਾਂ ਨਾਲ ਚੌਥੇ ਸਥਾਨ ‘ਤੇ ਚੱਲ ਰਹੀ ਹੈ। ਦੂਜੇ ਪਾਸੇ ਨੀਦਰਲੈਂਡ ਦੀ ਟੀਮ ਛੇ ਮੈਚਾਂ ਵਿਚ 17 ਅੰਕਾਂ ਨਾਲ ਸਿਖਰ ‘ਤੇ ਹੈ। ਭਾਰਤੀ ਕਪਤਾਨ ਸਵਿਤਾ ਨੂੰ ਨੀਦਰਲੈਂਡ ਦੇ ਮਜ਼ਬੂਤ ਪੱਖਾਂ ਬਾਰੇ ਪਤਾ ਹੈ ਪਰ ਆਪਣੇ ਦੇਸ਼ ਵਿਚ ਖੇਡਣ ਤੇ ਮਾਰਗਦਰਸ਼ਨ ਲਈ ਨੀਦਰਲੈਂਡ ਦੀ ਕੋਚ ਯਾਨੇਕ ਸ਼ਾਪਮੈਨ ਦੀ ਮੌਜੂਦਗੀ ਨਾਲ ਮੇਜ਼ਬਾਨ ਟੀਮ ਨੂੰ ਕੁਝ ਮਦਦ ਮਿਲ ਸਕਦੀ ਹੈ। ਸਵਿਤਾ ਨੇ ਕਿਹਾ ਕਿ ਬੇਸ਼ੱਕ ਨੀਦਰਲੈਂਡ ਦੁਨੀਆ ਦੀ ਨੰਬਰ ਇਕ ਟੀਮ ਹੈ ਪਰ ਜੇ ਅਸੀਂ ਆਪਣੇ ਪਿਛਲੇ ਮੈਚਾਂ ਨੂੰ ਦੇਖੀਏ ਤਾਂ ਓਲੰਪਿਕ ਦਾ ਪਹਿਲਾ ਮੈਚ ਸੀ ਤੇ ਪਹਿਲੇ ਅੱਧ ‘ਚ ਦੋਵੇਂ ਟੀਮਾਂ 1-1 ਨਾਲ ਬਰਾਬਰ ਸਨ। ਦੂਜੇ ਅੱਧ ਵਿਚ ਅਸੀਂ ਗ਼ਲਤੀਆਂ ਕੀਤੀਆਂ। ਉਨ੍ਹਾਂ ਨੇ ਕਿਹਾ ਕਿ ਹੁਣ ਟੀਮ ਕਾਫੀ ਰੋਮਾਂਚਤ ਹੈ ਕਿ ਸਾਨੂੰ ਇਕ ਵਾਰ ਮੁੜ ਨੀਦਰਲੈਂਡ ਨਾਲ ਖੇਡਣ ਦਾ ਮੌਕਾ ਮਿਲ ਰਿਹਾ ਹੈ ਤੇ ਉਹ ਵੀ ਆਪਣੇ ਦੇਸ਼ ਵਿਚ ਇਸ ਲਈ ਅਸੀਂ ਆਪਣਾ ਸਰਬੋਤਮ ਪ੍ਰਦਰਸ਼ਨ ਕਰਾਂਗੇ। ਭਾਰਤੀ ਟੀਮ ਹਾਲਾਂਕਿ ਸੁੱਖ ਦਾ ਸਾਹ ਲੈ ਸਕਦੀ ਹੈ ਕਿ ਨੀਦਰਲੈਂਡ ਨੇ ਇਨ੍ਹਾਂ ਦੋਵਾਂ ਮੁਕਾਬਲਿਆਂ ਲਈ ਪੂਰੀ ਤਰ੍ਹਾਂ ਨਵੀਂ ਤੇ ਨੌਜਵਾਨ ਟੀਮ ਉਤਾਰੀ ਹੈ। ਸਵਿਤਾ ਨੇ ਕਿਹਾ ਕਿ ਸਾਡਾ ਧਿਆਨ ਆਪਣੀ ਟੀਮ ‘ਤੇ ਹੈ ਪਰ ਸਾਨੂੰ ਵਿਰੋਧੀ ਦਾ ਸਨਮਾਨ ਕਰਨ ਤੇ ਉਨ੍ਹਾਂ ਦੀ ਤਾਕਤ ਤੇ ਕਮਜ਼ੋਰੀਆਂ ‘ਤੇ ਕੰਮ ਕਰਨ ਦੀ ਲੋੜ ਹੈ। ਨੀਦਰਲੈਂਡ ਵਿਚ ਕਲੱਬ ਹਾਕੀ ਮਜ਼ਬੂਤ ਹੈ, ਚਾਹੇ ਉਨ੍ਹਾਂ ਦੀਆਂ ਮੁੱਖ ਖਿਡਾਰਨਾਂ ਨਹੀਂ ਆ ਰਹੀਆਂ ਪਰ ਉਨ੍ਹਾਂ ਕੋਲ ਇਕ ਮਜ਼ਬੂਤ ਟੀਮ ਬਣਾਉਣ ਲਈ ਕਾਫੀ ਖਿਡਾਰਨਾਂ ਹਨ।