ਨਵੀਂ ਦਿੱਲੀ : ਕੋਰੋਨਾ ਮਹਾਮਾਰੀ ਦੀ ਦੂਸਰੀ ਲਹਿਰ ਦੀ ਲਪੇਟ ‘ਚ ਆਏ ਭਾਰਤ ਅਤੇ ਬ੍ਰਾਜ਼ੀਲ ‘ਚ ਇਨਫੈਕਸ਼ਨ ‘ਚ ਤੇਜ਼ ਉਛਾਲ ਦੇਖਣ ਨੂੰ ਮਿਲ ਰਿਹਾ ਹੈ। ਹਾਲਾਂਕਿ ਭਾਰਤ ਦੇ ਮੁਕਾਬਲੇ ਇਸ ਲੈਟਿਨ ਅਮਰੀਕੀ ਦੇਸ਼ ‘ਚ ਕੋਰੋਨਾ ਵੱਧ ਘਾਤਕ ਸਾਬਤ ਹੋ ਰਿਹਾ ਹੈ ਪਰ ਅਜੇ ਇਹ ਪਤਾ ਨਹੀਂ ਲੱਗਾ ਕਿ ਅਜਿਹਾ ਕਿਉਂ ਹੋ ਰਿਹਾ ਹੈ।
ਬਲੂਮਬਰਗ ਦੀ ਰਿਪੋਰਟ ਮੁਤਾਬਕ 21.4 ਕਰੋੜ ਦੀ ਆਬਾਦੀ ਵਾਲੇ ਬ੍ਰਾਜ਼ੀਲ ‘ਚ ਹੁਣ ਤਕ ਇਕ ਕਰੋੜ 37 ਲੱਖ ਤੋਂ ਵੱਧ ਕੋਰੋਨਾ ਪੀੜਤ ਪਾਏ ਗਏ ਹਨ। ਤਿੰਨ ਲੱਖ 65 ਹਜ਼ਾਰ ਤੋਂ ਵੱਧ ਦੀ ਮੌਤ ਹੋਈ ਹੈ। ਦੂਜੇ ਪਾਸੇ 1.4 ਅਰਬ ਦੀ ਆਬਾਦੀ ਵਾਲੇ ਭਾਰਤ ‘ਚ ਕੋਰੋਨਾ ਪੀੜਤਾਂ ਦੀ ਗਿਣਤੀ ਇਕ ਕਰੋੜ 42 ਲੱਖ ਤੋਂ ਜ਼ਿਆਦਾ ਹੋ ਗਈ ਹੈ। ਜਦੋਂਕਿ ਬ੍ਰਾਜ਼ੀਲ ਦੇ ਮੁਕਾਬਲੇ ‘ਚ ਭਾਰਤ ‘ਚ ਕੋਰੋਨਾ ਨਾਲ ਮਰਨ ਵਾਲਿਆਂ ਦਾ ਅੰਕੜਾ ਅੱਧੇ ਤੋਂ ਵੱਧ ਹਨ। ਭਾਰਤ ‘ਚ ਹੁਣ ਤਕ ਕੁੱਲ ਇਕ ਲੱਖ 74 ਹਜ਼ਾਰ ਤੋਂ ਵੱਧ ਮਰੀਜ਼ਾਂ ਦੀ ਜਾਨ ਗਈ ਹੈ। ਇਸ ਤੋਂ ਇਲਾਵਾ ਭਾਰਤ ‘ਚ ਕੋਰੋਨਾ ਕਾਰਨ ਮੌਤ ਦਰ ਵੀ ਕੌਮਾਂਤਰੀ ਅੌਸਤ ਤੋਂ ਘੱਟ ਹੈ, ਜਦੋਂਕਿ ਬ੍ਰਾਜ਼ੀਲ ‘ਚ ਇਹ ਦਰ ਕਾਫੀ ਜ਼ਿਆਦਾ ਹੈ। ਯੂਨੀਵਰਸਿਟੀ ਆਫ ਮਿਸ਼ੀਗਨ ਦੇ ਸਕੂਲ ਆਫ ਪਬਲਿਕ ਹੈਲਥ ਦੇ ਖੋਜਕਾਰ ਭ੍ਮਰ ਮੁਖਰਜੀ ਨੇ ਕਿਹਾ ਕਿ ਦੋਵੇਂ ਦੇਸ਼ ਬੁਝਾਰਤ ਬਣ ਰਹੇ ਹਨ। ਇਸ ਨੂੰ ਸਮਝਣ ਦੀ ਜ਼ਰੂਰਤ ਹੈ। ਬ੍ਰਾਜ਼ੀਲ ‘ਚ ਕੋਰੋਨਾ ਨਾਲ ਮਰਨ ਵਾਲਿਆਂ ਦਾ ਰਿਕਾਰਡ ਬਣ ਰਿਹਾ ਹੈ। ਬੀਤੇ ਹਫ਼ਤੇ ਸਿਰਫ ਇਕ ਦਿਨ ‘ਚ ਲਗਪਗ ਚਾਰ ਹਜ਼ਾਰ ਪੀੜਤਾਂ ਦੀ ਜਾਨ ਗਈ ਜਦੋਂਕਿ ਭਾਰਤ ‘ਚ ਕੋਰੋਨਾ ਨਾਲ ਹੋਣ ਵਾਲੀਆਂ ਰੋਜ਼ਾਨਾ ਦੀਆਂ ਮੌਤਾਂ ਇਕ ਹਜ਼ਾਰ ਤੋਂ ਵੱਧ ਹਨ। ਬ੍ਰਾਜ਼ੀਲ ਸੁਸਾਇਟੀ ਆਫ ਇਨਫੈਕਸ਼ਨਸ ਡਿਜੀਜ਼ ਦੇ ਮੀਤ ਪ੍ਰਧਾਨ ਅਲਬਰਟੋ ਚੇਬਾਬੋ ਨੇ ਕਿਹਾ ਕਿ ਬ੍ਰਾਜ਼ੀਲ ‘ਚ ਮੌਤ ਦਰ ਹੈਰਾਨ ਕਰਨ ਵਾਲੀ ਹੈ ਕਿਉਂਕਿ ਦੂਸਰੇ ਦੇਸ਼ਾਂ ਦੇ ਮੁਕਾਬਲੇ ਇੱਥੋਂ ਦੀ ਆਬਾਦੀ ਜ਼ਿਆਦਾ ਯੁਵਾ ਹੈ।
previous post