ਨਬਾਲਗ ਹੋਣ ਕਾਰਨ ਪੁਲਿਸ ਨੇ ਦੋਵੇਂ ਨੌਜਵਾਨ ਪੁੱਛ-ਗਿੱਛ ਤੋਂ ਬਾਅਦ ਕੀਤੇ ਰਿਹਾਅ
ਸਰੀ: ਪਿਛਲੇ ਹਫ਼ਤੇ ਸਰੀ ਵਿੱਚ ਰਹਿੰਦੇ ਸਿੱਖ ਕਾਰਕੁੰਨ ‘ਤੇ ਹੋਈ ਗੋਲੀਬਾਰੀ ਦੇ ਮਾਮਲੇ ਵਿੱਚ ਦੋ ਨੌਜਵਾਨਾਂ ਨੂੰ ਬੀਤੇ ਕੱਲ੍ਹ ਗ੍ਰਿਫ਼ਤਾਰ ਕੀਤਾ ਗਿਆ।
ਸਰੀ ਆਰਸੀਐਮਪੀ ਨੇ ਵਲੋਂ ਦਿੱਤੀ ਗਈ ਜਾਣਕਾਰੀ ਦੇ ਅਨੁਸਾਰ 6 ਫ਼ਰਵਰੀ ਨੂੰ ਪੁਲਿਸ ਨੇ 140 ਸਟ੍ਰੀਟ ਦੇ 7700 ਬਲੌਕ ਚ ਪੈਂਦੇ ਇੱਕ ਘਰ ਵਿਚ ਛਾਪੇਮਾਰੀ ਕੀਤੀ ਜਿਥੋਂ ਤਲਾਸ਼ੀ ਦੌਰਾਨ ਪੁਲਿਸ ਨੂੰ ਘਰ ਚੋਂ ਤਿੰਨ ਹਥਿਆਰ ਅਤੇ ਕਈ ਇਲੈਕਟ੍ਰੌਨਿਕ ਡਿਵਾਈਸਾਂ ਬਰਾਮਦ ਹੋਈਆਂ।
ਪੁਲਿਸ ਨੇ ਸਰੀ ਦੇ ਰਹਿਣ ਵਾਲੇ ਦੋ ਮੁੰਡਿਆਂ ਨੂੰ ਹਥਿਆਰ ਦੀ ਲਾਪਰਵਾਹੀ ਨਾਲ ਵਰਤੋਂ ਕਰਨ ਅਤੇ ਗੋਲੀਆਂ ਚਲਾਉਣ ਦੇ ਮਾਮਲੇ ਵਿਚ ਗ੍ਰਿਫਤਾਰ ਕੀਤਾ ਗਿਆ। ਇਨ੍ਹਾਂ ਨੌਜਵਾਨਾਂ ਦੀ ਉਮਰ ਸਿਰਫ਼ 16 ਸਾਲ ਦੇ ਕਰੀਬ ਦੱਸੀ ਗਈ ਹੈ। ਇਹ ਵੀ ਜਾਣਕਾਰੀ ਸਾਹਮਣੇ ਆਈ ਹੈ ਕਿ ਨੌਜਵਾਨਾਂ ਨੂੰ ਬਿਨਾਂ ਕਿਸੇ ਦੋਸ਼ ਦੇ ਰਿਹਾਅ ਕਰ ਦਿੱਤਾ ਗਿਆ ਹੈ ਕਿਉਂਕਿ ਦੋਵੇਂ ਨੌਜਵਾਨ ਅਜੇ ਨਾਬਾਲਿਗ ਹਨ। ਪੁਲਿਸ ਦਾ ਕਹਿਣਾ ਹੈ ਕਿ ਉਹ ਇਸ ਘਟਨਾ ਸਬੰਧੀ ਹੋਰ ਸਬੂਤ ਇਕੱਠੇ ਕਰਨ ਲਈ ਜਾਂਚ ਕਰ ਰਹੀ ਹੈ।
ਬੀਤੇ ਕੱਲ੍ਹ ਬੀ.ਸੀ. ਦੇ ਗੁਰਦਆਰਾ ਕੌਂਸਲ ਵਲੋਂ ਵੀ ਇਸ ਘਟਨਾ ਸਬੰਧੀ ਮੀਟਿੰਗ ਬੁਲਾਈ ਗਈ ਸੀ ਜਿਸ ਵਿੱਚ ਉਨ੍ਹਾਂ ਭਾਈ ਹਰਦੀਪ ਸਿੰਘ ਨਿੱਝਰ ਦੇ ਨਜ਼ਦੀਕੀ ਭਾਈ ਸਿਮਰਨਜੀਤ ਸਿੰਘ ‘ਤੇ ਹੋਈ ਗੋਲੀਬਾਰੀ ਦੀ ਘਟਨਾ ਦੀ ਨਿਖੇਧੀ ਕੀਤੀ। ਉਨ੍ਹਾਂ ਮੰਗ ਕੀਤੀ ਕਿ ਇਸ ਘਟਨਾ ਦੀ ਵਿਆਪਕ ਜਾਂਚ ਕੀਤੀ ਜਾਣੀ ਚਾਹੀਦੀ ਹੈ ਜਿਸ ਲਈ ਉਨ੍ਹਾਂ ਨੇ ਭਾਰਤੀ ਹਾਈ ਕਮਿਸ਼ਨ ਨਾਲ ਵੀ ਰਾਬਤ ਕੀਤਾ ਪਰ ਹਾਈ ਕਮਿਸ਼ਨ ਵਲੋਂ ਕੋਈ ਵੀ ਟਿਪਣੀ ਨਹੀਂ ਕੀਤੀ ਗਈ।
ਵਰਲਡ ਸਿੱਖ ਆਰਗੇਨਾਈਜ਼ੇਸ਼ਨ, ਬੀ ਸੀ ਗੁਰਦੁਆਰਾਜ਼ ਕੌਂਸਲ ਅਤੇ ਓਨਟਾਰੀਓ ਗੁਰਦੁਆਰਾ ਕਮੇਟੀ ਸਮੇਤ ਲੀਡਰਸ਼ਿਪ ਗਰੁੱਪਾਂ ਨੇ ਕੈਨੇਡਾ ਵਿੱਚ ਵਿਦੇਸ਼ੀ ਦਖਲਅੰਦਾਜ਼ੀ ਬਾਰੇ ਚੱਲ ਰਹੀ ਜਨਤਕ ਜਾਂਚ ਵਿੱਚ ਸ਼ਾਮਲ ਹੋਣ ਲਈ ਸਾਂਝੇ ਤੌਰ ‘ਤੇ ਅਰਜ਼ੀ ਦਿੱਤੀ ਹੈ।