ਇੱਥੇ ਸਰਕਾਰੀ ਸਕੂਲ ਨੇੜੇ ਬੱਸ ਅੱਡੇ ’ਤੇ ਚੱਲਦੀ ਬੱਸ ਵਿੱਚੋਂ ਉਤਰਨ ਸਮੇਂ ਇੱਕ ਲੜਕੀ ਥੱਲੇ ਡਿੱਗ ਗਈ। ਮੌਕੇ ’ਤੇ ਮੌਜੂਦ ਲੜਕੀ ਦੇ ਰਿਸ਼ਤੇਦਾਰ ਵੱਲੋਂ ਡਰਾਈਵਰ ਨਾਲ ਧੱਕਾ-ਮੁੱਕੀ ਹੋਣ ਮਗਰੋਂ ਭੜਕੇ ਹੋਏ ਪੈਪਸੂ ਰੋਡਵੇਜ਼ ਦੇ ਡਰਾਈਵਰ ਨੇ ਬੱਸ ਸੜਕ ਵਿਚਾਲੇ ਖੜ੍ਹਾ ਦਿੱਤੀ। ਦੋਵੇਂ ਪਾਸਿਉਂ ਆਈਆਂ ਪੈਪਸੂ ਦੀਆਂ ਹੋਰ ਬੱਸਾਂ ਦੇ ਡਰਾਈਵਰਾਂ ਨੇ ਵੀ ਬੱਸਾਂ ਸੜਕ ਵਿਚਾਲੇ ਲਗਾ ਦਿੱਤੀਆਂ।
ਗਿਆਰਾਂ ਵਜੇ ਕੌਮੀ ਮਾਰਗ ’ਤੇ ਕਰੀਬ ਅੱਧੇ ਘੰਟੇ ਲਈ ਲੱਗੇ ਜਾਮ ਕਾਰਨ ਸੜਕ ਦੇ ਦੋਵੇਂ ਪਾਸੇ ਵਾਹਨਾਂ ਦੀਆਂ ਲੰਬੀਆਂ ਕਤਾਰਾਂ ਲੱਗ ਗਈਆਂ। ਮੌਕੇ ’ਤੇ ਪਹੁੰਚੇ ਥਾਣਾ ਬਨੂੜ ਮੁਖੀ ਗੁਰਸੇਵਕ ਸਿੰਘ ਸਿੱਧੂ ਨੇ ਦੋਵੇਂ ਧਿਰਾਂ ਨੂੰ ਸਮਝਾ ਕੇ ਜਾਮ ਖੁੱਲ੍ਹਵਾਇਆ।
ਬੱਸ ਵਿੱਚੋਂ ਡਿੱਗੀ ਮਨਵੀਰ ਕੌਰ ਨੇ ਦੱਸਿਆ ਕਿ ਉਹ ਆਪਣੀ ਭੈਣ ਸਰਗੁਨ ਵਾਸੀ ਪਟਿਆਲਾ ਨਾਲ ਬੱਸ ਵਿੱਚ ਬਨੂੜ ਆ ਰਹੀ ਸੀ। ਬਨੂੜ ਅੱਡੇ ’ਤੇ ਉਸ ਦੀ ਭੈਣ ਸਰਗੁਨ ਬੱਸ ’ਚੋਂ ਉਤਰ ਗਈ ਤੇ ਜਦੋਂ ਉਹ ਉਤਰਨ ਲੱਗੀ ਤਾਂ ਡਰਾਈਵਰ ਨੇ ਬੱਸ ਚਲਾ ਦਿੱਤੀ ਜਿਸ ਕਾਰਨ ਉਹ ਸੜਕ ’ਤੇ ਡਿੱਗ ਪਈ। ਉੱਥੇ ਮੌਜੂਦ ਲੜਕੀਆਂ ਦਾ ਰਿਸ਼ਤੇਦਾਰ ਡਰਾਈਵਰ ਨਾਲ ਬਹਿਸ ਕਰਨ ਲੱਗ ਪਿਆ ਤੇ ਹੱਥੋਪਾਈ ਹੋ ਗਈ।
ਬੱਸ ਡਰਾਈਵਰ ਕੁਲਵਿੰਦਰ ਸਿੰਘ ਨੇ ਦੱਸਿਆ ਕਿ ਉਸ ਨੇ ਬਨੂੜ ਅੱਡੇ ਸਵਾਰੀਆਂ ਉਤਾਰ ਕੇ ਬੱਸ ਚਲਾ ਦਿੱਤੀ। ਇਸ ਮਗਰੋਂ ਦੋਵੇਂ ਲੜਕੀਆਂ ਉੱਠ ਕੇ ਚਲਦੀ ਬੱਸ ’ਚੋਂ ਹੇਠਾਂ ਉੱਤਰ ਗਈਆਂ।
ਥਾਣਾ ਮੁਖੀ ਗੁਰਸੇਵਕ ਸਿੰਘ ਸਿੱਧੂ ਨੇ ਬੱਸ ਡਰਾਈਵਰ ਤੇ ਪੀੜਤ ਲੜਕੀਆਂ ਨੂੰ ਸਮਝਾਇਆ ਤੇ ਬਣਦੀ ਕਾਰਵਾਈ ਦਾ ਭਰੋਸਾ ਦਿੱਤਾ। ਇਸ ਮਗਰੋਂ ਬੱਸ ਡਰਾਈਵਰਾਂ ਨੇ ਜਾਮ ਖੋਲ੍ਹਿਆ।