ਦੋ ਵਾਰ ਦੀ ਓਲੰਪਿਕ ਮੈਡਲ ਜੇਤੂ ਭਾਰਤੀ ਬੈਡਮਿੰਟਨ ਸਟਾਰ ਪੀਵੀ ਸਿੰਧੂ ਤੇ ਐੱਚਐੱਸ ਪਣਯ ਮਲੇਸ਼ੀਆ ਮਾਸਟਰਜ਼ ਬੈਡਮਿੰਟਨ ਟੂਰਨਾਮਮੈਂਟ ਦੇ ਕੁਆਰਟਰ ਫਾਈਨਲ ਵਿਚ ਪੁੱਜ ਗਏ।
ਸੱਤਵਾਂ ਦਰਜਾ ਹਾਸਲ ਸਿੰਧੂ ਨੇ 32ਵੀਂ ਰੈਂਕਿੰਗ ਵਾਲੀ ਚੀਨ ਦੀ ਝਾਂਗ ਯੀ ਯੀ ਮਾਨ ਨੂੰ 28 ਮਿੰਟ ਵਿਚ 21-12, 21-10 ਨਾਲ ਹਰਾਇਆ। ਹੁਣ ਉਨ੍ਹਾਂ ਦਾ ਸਾਹਮਣਾ ਆਖ਼ਰੀ ਅੱਠ ਵਿਚ ਧੁਰ ਵਿਰੋਧੀ ਚੀਨੀ ਤਾਇਪੇ ਦੀ ਤਾਈ ਜੂ ਿਯੰਗ ਨਾਲ ਹੋਵੇਗਾ। ਦੁਨੀਆ ਦੀ ਦੂਜੇ ਨੰਬਰ ਦੀ ਖਿਡਾਰਨ ਖ਼ਿਲਾਫ਼ ਸਿੰਧੂ ਦਾ ਰਿਕਾਰਡ 5-16 ਦਾ ਹੈ। ਪਿਛਲੇ ਹਫ਼ਤੇ ਮਲੇਸ਼ੀਆ ਓਪਨ ਵਿਚ ਵੀ ਉਨ੍ਹਾਂ ਨੇ ਸਿੰਧੂ ਨੂੰ ਹਰਾਇਆ ਸੀ। ਉਥੇ ਮਰਦ ਸਿੰਗਲਜ਼ ਵਰਗ ਵਿਚ ਪ੍ਰਣਯ ਕੁਆਰਟਰ ਫਾਈਨਲ ਵਿਚ ਪੁੱਜੇ ਜਦਕਿ ਬੀ ਸਾਈ ਪਣੀਤ ਤੇ ਪਾਰੂਪੱਲੀ ਕਸ਼ਯਪ ਹਾਰ ਕੇ ਬਾਹਰ ਹੋ ਗਏ।
ਪ੍ਰਣਯ ਨੇ ਚੀਨੀ ਤਾਇਪੇ ਦੇ ਵਾਂਗ ਜੂ ਵੇਈ ਨੂੰ 21-19, 21-16 ਨਾਲ ਹਰਾਇਆ। ਹੁਣ ਉਨ੍ਹਾਂ ਦਾ ਮੁਕਾਬਲਾ ਜਾਪਾਨ ਦੇ ਕੇਂਟਾ ਸੁਨੇਯਾਮਾ ਨਾਲ ਹੋਵੇਗਾ। ਦੂਜੇ ਪਾਸੇ ਬੀ ਸਾਈ ਪ੍ਰਣੀਤ ਨੂੰ ਚੀਨ ਦੇ ਲੀ ਸ਼ੀ ਫੇਂਗ ਨੇ 21-14, 21-17 ਨਾਲ ਹਰਾਇਆ। ਸਾਬਕਾ ਰਾਸ਼ਟਰਮੰਡਲ ਖੇਡਾਂ ਦੇ ਚੈਂਪੀਅਨ ਕਸ਼ਯਪ ਨੂੰ ਛੇਵਾਂ ਦਰਜਾ ਹਾਸਲ ਇੰਡੋਨੇਸ਼ੀਆ ਦੇ ਏਂਥੋਨੀ ਸਿਨਿਸੁਕਾ ਗਿੰਟਿੰਗ ਨੇ 21-10, 21-15 ਨਾਲ ਮਾਤ ਦਿੱਤੀ।