ਟੋਰਾਂਟੋ : ਅੱਜ ਇੱਕ ਵਾਰ ਫਿਰ ਤੋਂ ਬੈਂਕ ਆਫ ਕੈਨੇਡਾ ਨੇ ਬੁੱਧਵਾਰ ਨੂੰ ਵਿਆਜ ਦਰ ਵਿਚ ਕੋਈ ਵਾਧਾ ਨਹੀਂ ਕੀਤਾ ਤੇ ਇਸਨੂੰ 5% ‘ਤੇ ਬਰਕਰਾਰ ਰੱਖਿਆ ਹੈ। ਵਰਨਣਯੋਗ ਹੈ ਕਿ ਇਹ ਲਗਾਤਾਰ ਚੌਥੀ ਵਾਰੀ ਹੈ ਜਦੋਂ ਵਿਆਜ ਦਰ ਵਿਚ ਤਬਦੀਲੀ ਨਹੀਂ ਕੀਤੀ ਗਈ ਹੈ।
ਬੈਂਕ ਆਫ਼ ਕਨੇਡਾ ਨੇ ਆਖ਼ਰੀ ਵਾਰੀ ਜੁਲਾਈ 2023 ਵਿਚ ਵਿਆਜ ਦਰ ਵਿਚ ਵਾਧਾ ਕੀਤਾ ਸੀ। ਬੈਂਕ ਦੀ ਵਿਆਜ ਦਰ ਵਾਲੇ ਕਰਜ਼ੇ ਅਤੇ ਮੌਰਗੇਜ ਲੈਣ ਵਾਲੇ ਕੈਨੇਡੀਅਨਜ਼ ਲਈ ਕਰਜ਼ੇ ਦੀ ਲਾਗਤ ਨੂੰ ਬੀਤੇ ਦੋ ਸਾਲਾਂ ਤੋਂ ਪ੍ਰਭਾਵਿਤ ਕਰ ਰਹੀ ਹੈ।ਅਤੇ ਕੁਝ ਸੇਵਿੰਗ ਖਾਤਿਆਂ ‘ਤੇ ਵਿਆਜ ਦਰਾਂ ਨੂੰ ਵੀ ਪ੍ਰਭਾਵਿਤ ਕਰ ਸਕਦੀ ਹੈ।
ਬੈਂਕ ਦੇ ਗਵਰਨਰ ਟਿੱਮ ਮੈਕਲੇਮ ਨੇ ਕਿਹਾ ਕਿ ਜੇਕਰ ਮਹਿੰਗਾਈ ਵਧਦੀ ਹੈ ਤਾਂ ਬੈਂਕ ਹੋਰ ਦਰਾਂ ਵਿੱਚ ਵਾਧੇ ਤੋਂ ਇਨਕਾਰ ਨਹੀਂ ਕਰਦਾ, ਪਰ ਉਨ੍ਹਾਂ ਇਹ ਵੀ ਕਿਹਾ ਕਿ ਜੇਕਰ ਆਰਥਿਕਤਾ ਵਿਆਪਕ ਤੌਰ ‘ਤੇ ਉਹਨਾਂ ਦੇ ਮੌਜੂਦਾ ਅਨੁਮਾਨਾਂ ਦੇ ਹਿਸਾਬ ਨਾਲ ਚਲਦੀ ਰਹਿੰਦੀ ਹੈ ਤਾਂ ਉਹਨਾਂ ਨੂੰ ਨਹੀਂ ਲੱਗਦਾ ਕਿ ਵਿਆਜ ਦਰ ਵਿੱਚ ਵਾਧੇ ਬਾਰੇ ਚਰਚਾ ਕੀਤੀ ਜਾਵੇਗੀ।ਕਰਜ਼ੇ ਵਿੱਚ ਡੁੱਬੇ ਕਨੇਡੀਅਨ ਛੇਤੀ ਵਿਆਜ ਦਰਾਂ ਘੱਟਣ ਦੀ ਉਡੀਕ ਵਿੱਚ ਹਨ ।