ਬੇਰੂਤ: ਲਿਬਨਾਨ ਦੀ ਰਾਜਧਾਨੀ ਬੇਰੂਤ ‘ਚ ਮੰਗਲਵਾਰ ਨੂੰ ਹੋਏ ਧਮਾਕੇ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ। ਸੋਸ਼ਲ ਮੀਡੀਆ ‘ਤੇ ਪੋਸਟ ਸ਼ੇਅਰ ਕਰਨ ਵਾਲੀ ਲਿਬਨਾਨ ਦੀ ਮੰਨੀ-ਪ੍ਰਮੰਨੀ ਸ਼ਖ਼ਸੀਅਤ ਹੈ। ਵੀਡੀਓ ਨੂੰ ਵੇਖ ਕੇ ਬੰਬ ਧਮਾਕੇ ਦੀ ਸੰਭਾਵਨਾ ਤੇ ਨੁਕਸਾਨ ਦਾ ਅੰਦਾਜ਼ਾ ਲਾਇਆ ਜਾ ਸਕਦਾ ਹੈ।ਅਦਾਕਾਰਾ ਨਾਦੀਨ ਨਸੀਬ ਨਾਜ਼ਿਮ ਨੇ ਇੰਸਟਾਗ੍ਰਾਮ ‘ਤੇ ਧਮਾਕੇ ਦੀ ਇੱਕ ਵੀਡੀਓ ਸਾਂਝੀ ਕਰਦਿਆਂ ਲਿਖਿਆ,”ਮੇਰਾ ਅੱਧਾ ਚਿਹਰਾ ਤੇ ਅੱਧਾ ਸਰੀਰ ਖੂਨ ਨਾਲ ਲੱਥਪੱਥ ਸੀ। ਮੈਂ ਸਭ ਤੋਂ ਪਹਿਲਾਂ ਅੱਲ੍ਹਾ ਦਾ ਧੰਨਵਾਦ ਕਰਦੀ ਹਾਂ ਜਿਸ ਨੇ ਮੇਰੀ ਜਾਨ ਬਚਾਈ। ਧਮਾਕਾ ਬਹੁਤ ਨਜ਼ਦੀਕ ਹੋਇਆ ਤੇ ਇਹ ਦ੍ਰਿਸ਼ ਜੋ ਤੁਸੀਂ ਦੇਖ ਸਕਦੇ ਹੋ ਇਸ ਤੋਂ ਤਬਾਹੀ ਦਾ ਸਹੀ ਅੰਦਾਜ਼ਾ ਲਾਇਆ ਜਾ ਸਕਦਾ ਹੈ। ਜੇ ਤੁਸੀਂ ਮੇਰੇ ਘਰ ਆਉਂਦੇ ਹੋ ਤੇ ਹਰ ਥਾਂ ਖੂਨ ਦੇਖੋ ਤਾਂ ਤੁਸੀਂ ਹੈਰਾਨ ਹੋਵੋਗੇ ਕਿ ਮੈਂ ਕਿਵੇਂ ਜ਼ਿੰਦਾ ਹਾਂ।”ਇੰਸਟਾਗ੍ਰਾਮ ਪੋਸਟ ਅਨੁਸਾਰ ਲਿਬਨਾਨੀ ਅਦਾਕਾਰਾ ਖੁਦ ਨੰਗੇ ਪੈਰ ਇਮਾਰਤ ਦੀ 22ਵੀਂ ਮੰਜ਼ਲ ਤੋਂ ਹੇਠਾਂ ਆਈ ਤੇ ਕਾਰ ਵਿੱਚ ਬੈਠੇ ਇੱਕ ਵਿਅਕਤੀ ਤੋਂ ਮਦਦ ਮੰਗੀ। ਉਸ ਨੇ ਕਿਹਾ, “ਉਹ ਵਿਅਕਤੀ ਮੈਨੂੰ ਨੇੜਲੇ ਹਸਪਤਾਲ ਲੈ ਗਿਆ ਪਰ ਮੈਨੂੰ ਦਾਖਲ ਹੋਣ ਤੋਂ ਇਨਕਾਰ ਕਰ ਦਿੱਤਾ ਗਿਆ ਕਿਉਂਕਿ ਹਸਪਤਾਲ ‘ਚ ਪਹਿਲਾਂ ਹੀ ਕਈ ਜ਼ਖਮੀ ਲੋਕ ਸੀ। ਫਿਰ ਉਹ ਵਿਅਕਤੀ ਮੈਨੂੰ ਇੱਕ ਹੋਰ ਹਸਪਤਾਲ ਲੈ ਗਿਆ ਜਿੱਥੇ ਮੇਰਾ ਛੇ ਘੰਟੇ ਅਪ੍ਰੇਸ਼ਨ ਕੀਤਾ ਗਿਆ।”